ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ PDF ਸਭ ਤੋਂ ਪਹਿਲਾਂ ਨਾਸਿਕ ਦੇ ਇੱਕ ਕੋਚਿੰਗ ਸੈਂਟਰ ਤੱਕ ਪਹੁੰਚੀ ਅਤੇ ਉੱਥੋਂ ਵੱਖ-ਵੱਖ ਰਾਜਾਂ ਵਿੱਚ ਫੈਲ ਗਈ। ਰਾਜਸਥਾਨ ਪੁਲਿਸ ਦੀ ਸੂਚਨਾ 'ਤੇ ਨਾਸਿਕ ਕ੍ਰਾਈਮ ਬ੍ਰਾਂਚ ਨੇ ਸ਼ੁਭਮ ਖੈਰਨਾਰ ਨੂੰ ਹਿਰਾਸਤ ਵਿੱਚ ਲਿਆ ਹੈ।

ਨਵੀਂ ਦਿੱਲੀ: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਮੰਗਲਵਾਰ ਨੂੰ NEET-UG 2026 ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। 3 ਮਈ ਨੂੰ ਪ੍ਰੀਖਿਆ ਹੋਣ ਤੋਂ ਬਾਅਦ ਤੋਂ ਹੀ ਲਗਾਤਾਰ ਪੇਪਰ ਲੀਕ ਹੋਣ ਦੇ ਦੋਸ਼ ਲੱਗ ਰਹੇ ਸਨ। ਹੁਣ ਇਹਨਾਂ ਦੋਸ਼ਾਂ 'ਤੇ NTA ਦੇ ਮਹਾਨਿਰਦੇਸ਼ਕ (DG) ਅਭਿਸ਼ੇਕ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।
ਅਭਿਸ਼ੇਕ ਸਿੰਘ ਨੇ ਕਿਹਾ, "ਮੈਂ ਇਹ ਨਹੀਂ ਕਹਾਂਗਾ ਕਿ ਪੂਰਾ ਪੇਪਰ ਲੀਕ ਹੋਇਆ ਸੀ, ਪਰ ਜੇਕਰ ਸਾਡੇ ਪ੍ਰਸ਼ਨ ਪੱਤਰ ਦਾ ਇੱਕ ਵੀ ਸਵਾਲ ਮਿਲਦਾ ਹੈ, ਤਾਂ ਇਹ 'ਜ਼ੀਰੋ ਟੋਲਰੈਂਸ' ਦੀ ਸਾਡੀ ਵਚਨਬੱਧਤਾ ਦੀ ਉਲੰਘਣਾ ਹੈ। ਇਸ ਨਾਲ ਸਾਡੀ ਪੂਰੀ ਪ੍ਰਕਿਰਿਆ 'ਤੇ ਸਵਾਲ ਖੜ੍ਹੇ ਹੁੰਦੇ ਹਨ।"
NTA ਮੁਖੀ ਨੇ ਲਈ ਅਸਫਲਤਾ ਦੀ ਜ਼ਿੰਮੇਵਾਰੀ
ਵਿਰੋਧੀ ਧਿਰਾਂ, ਮਾਪਿਆਂ ਅਤੇ ਵਿਦਿਆਰਥੀ ਸੰਗਠਨਾਂ ਦੇ ਭਾਰੀ ਵਿਰੋਧ ਦੇ ਵਿਚਕਾਰ ਸਿੰਘ ਨੇ ਪ੍ਰਸ਼ਾਸਨਿਕ ਅਸਫਲਤਾ ਦੀ ਜ਼ਿੰਮੇਵਾਰੀ ਕਬੂਲੀ ਹੈ। ਉਹਨਾਂ ਕਿਹਾ ਕਿ ਅਸੀਂ ਇਸ ਦੀ ਪੂਰੀ ਜ਼ਿੰਮੇਵਾਰੀ ਲੈਂਦੇ ਹਾਂ ਅਤੇ ਉਸੇ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ, ਪ੍ਰੀਖਿਆ ਦੇ ਚਾਰ ਦਿਨ ਬਾਅਦ, 7 ਮਈ ਦੀ ਰਾਤ ਨੂੰ NTA ਨੂੰ ਪਹਿਲੀ ਵਾਰ ਕਿਸੇ ਮੁਖ਼ਬਰ ਤੋਂ ਜਾਣਕਾਰੀ ਮਿਲੀ ਸੀ। ਏਜੰਸੀ ਕੋਲ ਇੱਕ ਹੱਥ ਲਿਖਤ PDF ਪਹੁੰਚੀ ਸੀ, ਜਿਸ ਵਿੱਚ ਮੌਜੂਦ ਸਵਾਲ 3 ਮਈ ਦੀ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਨਾਲ ਮੇਲ ਖਾਂਦੇ ਸਨ।
ਪ੍ਰੀਖਿਆ ਤੋਂ ਪਹਿਲਾਂ ਹੀ ਫੋਨਾਂ 'ਤੇ ਘੁੰਮ ਰਿਹਾ ਸੀ ਪੇਪਰ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ PDF ਪ੍ਰੀਖਿਆ ਤੋਂ ਪਹਿਲਾਂ 1 ਅਤੇ 2 ਮਈ ਨੂੰ ਹੀ ਕੁਝ ਮੋਬਾਈਲ ਫੋਨਾਂ 'ਤੇ ਭੇਜ ਦਿੱਤੀ ਗਈ ਸੀ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਇਹ PDF ਸਭ ਤੋਂ ਪਹਿਲਾਂ ਨਾਸਿਕ ਦੇ ਇੱਕ ਕੋਚਿੰਗ ਸੈਂਟਰ ਤੱਕ ਪਹੁੰਚੀ ਅਤੇ ਉੱਥੋਂ ਵੱਖ-ਵੱਖ ਰਾਜਾਂ ਵਿੱਚ ਫੈਲ ਗਈ। ਰਾਜਸਥਾਨ ਪੁਲਿਸ ਦੀ ਸੂਚਨਾ 'ਤੇ ਨਾਸਿਕ ਕ੍ਰਾਈਮ ਬ੍ਰਾਂਚ ਨੇ ਸ਼ੁਭਮ ਖੈਰਨਾਰ ਨੂੰ ਹਿਰਾਸਤ ਵਿੱਚ ਲਿਆ ਹੈ।
ਨਵਾਂ ਸ਼ਡਿਊਲ ਅਤੇ ਵਿਦਿਆਰਥੀਆਂ ਨੂੰ ਰਾਹਤ
7 ਤੋਂ 10 ਦਿਨਾਂ ਵਿੱਚ ਐਲਾਨ: ਪ੍ਰੀਖਿਆ ਦਾ ਨਵਾਂ ਸ਼ਡਿਊਲ ਅਗਲੇ 7 ਤੋਂ 10 ਦਿਨਾਂ ਦੇ ਅੰਦਰ ਜਾਰੀ ਕੀਤਾ ਜਾ ਸਕਦਾ ਹੈ।
ਕੋਈ ਵਾਧੂ ਫੀਸ ਨਹੀਂ: ਵਿਦਿਆਰਥੀਆਂ ਨੂੰ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣ ਜਾਂ ਕੋਈ ਵਾਧੂ ਫੀਸ ਦੇਣ ਦੀ ਲੋੜ ਨਹੀਂ ਹੋਵੇਗੀ।
ਪੁਰਾਣੀ ਫੀਸ ਵਾਪਸ: ਪਹਿਲਾਂ ਜਮ੍ਹਾਂ ਕੀਤੀ ਫੀਸ ਵੀ ਵਾਪਸ ਕਰ ਦਿੱਤੀ ਜਾਵੇਗੀ।
ਪੇਪਰ ਕਰਵਾਉਣ 'ਤੇ ਹੁੰਦਾ ਹੈ ਕਰੋੜਾਂ ਦਾ ਖਰਚ
ਰਿਪੋਰਟਾਂ ਅਨੁਸਾਰ NEET ਪ੍ਰੀਖਿਆ ਕਰਵਾਉਣ 'ਤੇ ਲਗਭਗ 200 ਕਰੋੜ ਰੁਪਏ ਦਾ ਖਰਚ ਆਉਂਦਾ ਹੈ, ਜਦਕਿ ਏਜੰਸੀ ਨੂੰ ਬਿਨੈ-ਪੱਤਰ ਫੀਸ ਰਾਹੀਂ ਲਗਭਗ 300 ਕਰੋੜ ਰੁਪਏ ਦੀ ਕਮਾਈ ਹੁੰਦੀ ਹੈ। ਜ਼ਿਕਰਯੋਗ ਹੈ ਕਿ ਸਾਲ 2024 ਵਿੱਚ ਵੀ ਇਸ ਪ੍ਰੀਖਿਆ ਨੂੰ ਲੈ ਕੇ ਬਿਹਾਰ ਅਤੇ ਗੋਧਰਾ ਵਿੱਚ ਕਈ ਵਿਵਾਦ ਸਾਹਮਣੇ ਆਏ ਸਨ।