ਕਾਂਗਰਸ ਦੇ ਸੂਬਾ ਪ੍ਰਧਾਨ ਅਜੇ ਰਾਏ ਨੇ ਵੀ 10 ਮਈ ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਅਤੇ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਏਐਸਪੀ (ASP) ਵੰਦਨਾ ਸਿੰਘ ਦਾ ਕਹਿਣਾ ਹੈ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਬਾਕੀਆਂ ਦੀ ਭਾਲ ਜਾਰੀ ਹੈ।

ਜਾਗਰਣ ਸੰਵਾਦਦਾਤਾ, ਮਹੋਬਾ : ਯੂਪੀ ਦੇ ਮਹੋਬਾ 'ਚ ਰੂਹ ਕੰਬਾਊ ਦਰਿੰਦਗੀ ਹੋਈ ਹੈ। ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੂੰ ਅਗਵਾ ਕਰ ਕੇ ਨਸ਼ੀਲੇ ਇੰਜੈਕਸ਼ਨ ਦਿੱਤੇ ਗਏ, ਜਬਰ-ਜਨਾਹ ਕੀਤਾ ਗਿਆ ਤੇ ਸਿਗਰਟ ਨਾਲ ਦਾਗਿਆ ਗਿਆ। ਪੀੜਤਾ ਨੇ ਬਹਾਦਰੀ ਨਾਲ ਪੁਲਿਸ ਸਾਹਮਣੇ ਆਪਣੀ ਹੱਡਬੀਤੀ ਦਰਜ ਕਰਵਾਈ ਹੈ ਜਿਸ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
'ਮੈਨੂੰ ਨਸ਼ੀਲਾ ਇੰਜੈਕਸ਼ਨ ਦੇ ਕੇ ਜਬਰ-ਜਨਾਹ ਕੀਤਾ ਜਾਂਦਾ ਸੀ। ਪੇਟ ਬੰਨ੍ਹ ਕੇ, ਹੱਥ ਨੂੰ ਚਾਕੂ ਨਾਲ ਕੱਟਿਆ ਗਿਆ ਤੇ ਚੀਕਣ 'ਤੇ ਸਿਗਰਟ ਨਾਲ ਦਾਗਿਆ ਗਿਆ। ਭਰਾ ਦੀ ਫੋਟੋ ਦਿਖਾ ਕੇ ਕਹਿੰਦੇ ਸਨ, ਵਿਆਹ ਕਰ ਲਓ ਨਹੀਂ ਤਾਂ ਉਸਨੂੰ ਮਾਰ ਦੇਵਾਂਗੇ। ਫਰਜ਼ੀ ਪਛਾਣ ਪੱਤਰ ਬਣਵਾਇਆ ਤੇ ਜਬਰਨ ਵਿਆਹ ਕਰਵਾ ਦਿੱਤਾ। ਤਸਵੀਰਾਂ ਤੇ ਵੀਡੀਓ ਵੀ ਬਣਾਏ। 3 ਮਈ ਨੂੰ ਨੀਟ (NEET) ਦੀ ਪ੍ਰੀਖਿਆ ਸੀ, ਉਹ ਵੀ ਛੁੱਟ ਗਈ। ਜਿਨ੍ਹਾਂ ਲੋਕਾਂ ਨੇ ਮੇਰੇ ਨਾਲ ਗਲਤ ਕੀਤਾ ਹੈ, ਉਨ੍ਹਾਂ ਨੂੰ ਫਾਂਸੀ ਮਿਲਣੀ ਚਾਹੀਦੀ ਹੈ।' ਇਹ ਦੋਸ਼ ਮਹੋਬਾ 'ਚ ਰਹਿ ਕੇ ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਪਿੰਡ ਦੇ ਨੌਜਵਾਨਾਂ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ 'ਤੇ ਲਗਾਏ ਹਨ।
30 ਅਪ੍ਰੈਲ ਨੂੰ ਲਾਇਬ੍ਰੇਰੀ ਤੋਂ ਕਮਰੇ ਵੱਲ ਆਉਂਦੇ ਸਮੇਂ ਕਾਰ ਸਵਾਰ ਨੌਜਵਾਨਾਂ ਨੇ ਉਸਨੂੰ ਅਗਵਾ ਕਰ ਲਿਆ ਸੀ। ਮੁਲਜ਼ਮ ਉਸਨੂੰ 16ਵੇਂ ਦਿਨ ਮਹੋਬਾ ਦੇ ਇਕ ਪਿੰਡ ਲੈ ਕੇ ਆਏ ਤੇ ਉਨ੍ਹਾਂ ਦੇ ਪੱਖ 'ਚ ਬਿਆਨ ਦੇਣ ਲਈ ਕਿਹਾ। ਬਾਅਦ 'ਚ ਪੁਲਿਸ ਨੇ ਉਸਨੂੰ ਬਰਾਮਦ ਕਰ ਲਿਆ। ਇਸ ਤੋਂ ਬਾਅਦ ਮੁਟਿਆਰ ਨੇ ਬਿਆਨ ਦਰਜ ਕਰਵਾਏ।
ਕਾਂਗਰਸ ਦੇ ਸੂਬਾ ਪ੍ਰਧਾਨ ਅਜੇ ਰਾਏ ਨੇ ਵੀ 10 ਮਈ ਨੂੰ ਕੇਂਦਰੀ ਗ੍ਰਹਿ ਮੰਤਰੀ ਨੂੰ ਚਿੱਠੀ ਲਿਖ ਕੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਅਤੇ ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਏਐਸਪੀ (ASP) ਵੰਦਨਾ ਸਿੰਘ ਦਾ ਕਹਿਣਾ ਹੈ ਕਿ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਬਾਕੀਆਂ ਦੀ ਭਾਲ ਜਾਰੀ ਹੈ।
ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਛਤਰਪੁਰ, ਥਾਣਾ ਲਵਕੁਸ਼ਨਗਰ ਦੇ ਇਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਸਦੀ 25 ਸਾਲਾ ਧੀ ਮਹੋਬਾ 'ਚ ਕਿਰਾਏ ਦੇ ਕਮਰੇ 'ਚ ਰਹਿ ਕੇ ਨੀਟ ਦੀ ਤਿਆਰੀ ਕਰ ਰਹੀ ਹੈ। 30 ਅਪ੍ਰੈਲ ਨੂੰ ਉਹ ਸ਼ਹਿਰ ਦੇ ਬਾਈਪਾਸ ਰੋਡ ਸਥਿਤ ਵੇਦਾਂਸ਼ ਲਾਇਬ੍ਰੇਰੀ ਤੋਂ ਆਪਣੇ ਕਮਰੇ ਵੱਲ ਆ ਰਹੀ ਸੀ। ਰਸਤੇ ਵਿੱਚ ਕਾਰ ਸਵਾਰ ਨੌਜਵਾਨਾਂ ਨੇ ਉਸਨੂੰ ਅਗਵਾ ਕਰ ਲਿਆ।
ਮੁਲਜ਼ਮਾਂ ਨੇ ਨਵੰਬਰ 2024 'ਚ ਵੀ ਉਸ ਦੀ ਧੀ ਨਾਲ ਛੇੜਛਾੜ ਕੀਤੀ ਸੀ, ਜਿਸਦਾ ਮੁਕੱਦਮਾ ਮਹਿਲਾ ਥਾਣਾ ਛਤਰਪੁਰ (ਮ.ਪ੍ਰ.) 'ਚ ਦਰਜ ਹੈ। ਉਦੋਂ ਉਨ੍ਹਾਂ ਨੇ ਅਗਵਾ ਕਰ ਕੇ ਜਬਰ-ਜਨਾਹ ਕਰਨ ਦੀ ਧਮਕੀ ਦਿੱਤੀ ਸੀ। ਮਾਂ ਦੀ ਸੂਚਨਾ 'ਤੇ 1 ਮਈ ਨੂੰ ਗੁੰਮਸ਼ੁਦਗੀ ਤੇ ਉੱਚ ਅਧਿਕਾਰੀਆਂ ਦੇ ਹੁਕਮਾਂ 'ਤੇ ਸ਼ਹਿਰ ਕੋਤਵਾਲੀ 'ਚ 7 ਮਈ ਨੂੰ ਪਿੰਡ ਦੇ ਮੋਹਿਤ, ਅੰਕਿਤ ਤੇ ਸੰਤਰਾਮ ਵਿਰੁੱਧ ਮੁਕੱਦਮਾ ਦਰਜ ਹੋਇਆ। ਇਸਦੇ 16 ਦਿਨਾਂ ਬਾਅਦ ਮੁਟਿਆਰ ਬਰਾਮਦ ਹੋਈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਵਿਦਿਆਰਥਣ ਮੁਤਾਬਕ ਉਹ ਲਾਇਬ੍ਰੇਰੀ ਤੋਂ ਆਪਣੇ ਕਮਰੇ ਵੱਲ ਜਾ ਰਹੀ ਸੀ। ਰਸਤੇ 'ਚ ਕਾਰ ਸਵਾਰ ਦੋ-ਤਿੰਨ ਲੋਕ ਹੇਠਾਂ ਉੱਤਰੇ, ਜਦਕਿ ਬਾਕੀ ਲੋਕ ਗੱਡੀ ਦੇ ਅੰਦਰ ਹੀ ਬੈਠੇ ਸਨ। ਇਨ੍ਹਾਂ ਨੇ ਉਸਨੂੰ ਗੱਡੀ 'ਚ ਜ਼ਬਰਦਸਤੀ ਖਿੱਚ ਕੇ ਬਿਠਾ ਲਿਆ। ਰਸਤੇ 'ਚ ਮੈਨੂੰ ਨਸ਼ੀਲਾ ਇੰਜੈਕਸ਼ਨ ਲਗਾਇਆ ਗਿਆ। ਵੀਡੀਓ ਤੇ ਤਸਵੀਰਾਂ ਬਣਾਈਆਂ। ਇਸ ਵਿੱਚ ਮੇਰੇ ਪਿੰਡ ਦੇ ਹੀ ਮੋਹਿਤ ਸ਼੍ਰੀਵਾਸ, ਅੰਕਿਤ ਸ਼੍ਰੀਵਾਸ ਆਦਿ ਸ਼ਾਮਲ ਸਨ। 13 ਮਈ ਨੂੰ ਇਹ ਲੋਕ ਉਸਨੂੰ ਪ੍ਰਯਾਗਰਾਜ ਲੈ ਗਏ। ਮੋਹਿਤ ਦੇ ਪਰਿਵਾਰ ਵਾਲੇ ਵੀ ਉੱਥੇ ਪਹੁੰਚ ਗਏ।
ਉਸਨੂੰ ਭਰਾ ਦੀ ਫੋਟੋ ਦਿਖਾਈ ਗਈ ਤੇ ਕਿਹਾ ਕਿ ਉਸ 'ਤੇ ਨਜ਼ਰ ਰੱਖੀ ਹੋਈ ਹੈ, ਜੇਕਰ ਮੋਹਿਤ ਨਾਲ ਵਿਆਹ ਕਰ ਲਵੇਂਗੀ ਤਾਂ ਉਸਨੂੰ ਛੱਡ ਦੇਵਾਂਗੇ। ਮੋਹਿਤ ਨਾਲ ਜ਼ਬਰਦਸਤੀ ਵਿਆਹ ਕਰਵਾ ਦਿੱਤਾ ਗਿਆ। ਸਰੀਰਕ ਸਬੰਧ ਬਣਾਏ ਤੇ ਚਾਕੂ ਨਾਲ ਹੱਥ ਕੱਟਿਆ, ਚੀਕਣ 'ਤੇ ਸਿਗਰਟ ਨਾਲ ਜਲਾ ਦਿੱਤਾ। ਪੀੜਤਾ ਨੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਉਸਦੇ ਮੁਤਾਬਕ ਇਸ ਸਾਜ਼ਿਸ਼ 'ਚ 15-20 ਲੋਕ ਸ਼ਾਮਲ ਹਨ। ਪੀੜਤਾ ਨੇ ਪਰਿਵਾਰ ਦੀ ਸੁਰੱਖਿਆ ਦੀ ਗੁਹਾਰ ਲਗਾਈ ਹੈ।
"ਮੁਟਿਆਰ ਦੇ ਅਦਾਲਤ 'ਚ ਬਿਆਨ ਦਰਜ ਕਰਵਾਏ ਗਏ ਹਨ। ਉਸਦੇ ਦੋਸ਼ਾਂ ਦੇ ਅਧਾਰ 'ਤੇ ਕੁਝ ਹੋਰ ਵਿਅਕਤੀਆਂ ਦੇ ਨਾਮ ਸਾਹਮਣੇ ਆਏ ਹਨ। ਹੁਣ ਤਕ ਤਿੰਨ ਮੁਲਜ਼ਮਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਜਲਦੀ ਹੀ ਅਦਾਲਤ ਸਾਹਮਣੇ ਪੇਸ਼ ਕੀਤਾ ਜਾਵੇਗਾ। ਹੋਰ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਚਾਰ ਟੀਮਾਂ ਦਾ ਗਠਨ ਕੀਤਾ ਗਿਆ ਹੈ। ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।"
- ਵੰਦਨਾ ਸਿੰਘ, ਏਐਸਪੀ।