ਇਹ ਕਵਾਇਦ ਆਰਬੀਆਈ ਵੱਲੋਂ ਕੀਤੀ ਜਾ ਰਹੀ ਹੈ। ਆਰਬੀਆਈ ਨੇ ਹਾਲੀਆ ਸਾਈਬਰ ਫਰਾਡ ਰੋਕਣ ਲਈ ਇਕ ਖਰੜਾ ਜਾਰੀ ਕੀਤਾ ਹੈ, ਜਿਸ ’ਚ ਮਿਊਲ ਖਾਤੇ ਦੀ ਪਛਾਣ ਤੇ ਉਨ੍ਹਾਂ ’ਤੇ ਰੋਕ ਲਈ ਬੈਂਕਾਂ ਨੂੰ ਅਲਰਟ ਪ੍ਰਣਾਲੀ ਲਿਆਉਣ ਲਈ ਕਿਹਾ ਗਿਆ ਹੈ।

ਰਾਜੀਵ ਕੁਮਾਰ, ਨਵੀਂ ਦਿੱਲੀ: ਸਾਈਬਰ ਫਰਾਡ ਲਈ ਹੁਣ ਮਿਊਲ ਖ਼ਾਤਿਆਂ (ਖੱਚਰ ਖ਼ਾਤੇ) ਦਾ ਇਸਤੇਮਾਲ ਨਹੀਂ ਹੋ ਸਕੇਗਾ। ਹਾਲੇ ਸਾਈਬਰ ਫਰਾਡ ਕਰਨ ਵਾਲੇ ਰਕਮ ਮੰਗਵਾਉਣ ਲਈ ਘੱਟ-ਪੜ੍ਹੇ-ਲਿਖੇ ਲੋਕਾਂ ਦੇ ਬੈਂਕ ਖ਼ਾਤਿਆਂ ਦੀ ਵਰਤੋਂ ਕਰਦੇ ਹਨ। ਉਨ੍ਹਾਂ ਨੂੰ ਛੋਟੇ-ਮੋਟੇ ਲਾਲਚ ਦੇ ਜਾਲ ’ਚ ਫਸਾ ਕੇ ਉਨ੍ਹਾਂ ਦੇ ਖਾਤੇ ’ਚ ਰਕਮ ਮੰਗਵਾਉਂਦੇ ਹਨ ਤੇ ਫਿਰ ਉਨ੍ਹਾਂ ਦੀ ਮਦਦ ਨਾਲ ਰਕਮ ਕੱਢ ਲੈਂਦੇ ਹਨ। ਹੁਣ ਅਜਿਹਾ ਕਰਨਾ ਮੁਮਕਿਨ ਨਹੀਂ ਹੋ ਸਕੇਗਾ। ਬੈਂਕ ਉਨ੍ਹਾਂ ਸਾਰੇ ਖ਼ਾਤਿਆਂ ’ਤੇ ਅਲਰਟ ਲਗਾਉਣ ਦਾ ਕੰਮ ਕਰਨ ਜਾ ਰਹੇ ਹਨ, ਜਿਨ੍ਹਾਂ ਖਾਤਿਆਂ ’ਚ ਲੈਣ-ਦੇਣ ਘੱਟ ਹੈ। ਇਸ ਤਰ੍ਹਾਂ ਦੇ ਖ਼ਾਤਿਆਂ ’ਚ ਜੇਕਰ 25 ਲੱਖ ਤੋਂ ਜ਼ਿਆਦਾ ਦੀ ਰਕਮ ਆਉਂਦੀ ਹੈ ਤਾਂ ਬੈਂਕ ਨੂੰ ਉਸਦਾ ਅਲਰਟ ਚਲਾ ਜਾਏਗਾ। ਫਿਰ ਖਾਤਾਧਾਰਕ ਨੂੰ ਰਕਮ ਪ੍ਰਾਪਤੀ ਦੇ ਮਾਧਿਅਮ ਦੀ ਜਾਣਕਾਰੀ ਬੈਂਕ ਨੂੰ ਦੇਣੀ ਪਵੇਗੀ। ਇਸ ਲਈ ਖਾਤਾਧਾਰਕ ਨੂੰ 30 ਦਿਨਾਂ ਦਾ ਸਮਾਂ ਦਿੱਤਾ ਜਾਏਗਾ। ਖਾਤਾਧਾਰਕ ਦੀ ਦਲੀਲ ਤੋਂ ਬੈਂਕ ਦੇ ਸੰਤੁਸ਼ਟ ਹੋਣ ’ਤੇ ਹੀ ਉਹ ਰਕਮ ਨੂੰ ਕੱਢ ਸਕੇਗਾ।
ਇਹ ਕਵਾਇਦ ਆਰਬੀਆਈ ਵੱਲੋਂ ਕੀਤੀ ਜਾ ਰਹੀ ਹੈ। ਆਰਬੀਆਈ ਨੇ ਹਾਲੀਆ ਸਾਈਬਰ ਫਰਾਡ ਰੋਕਣ ਲਈ ਇਕ ਖਰੜਾ ਜਾਰੀ ਕੀਤਾ ਹੈ, ਜਿਸ ’ਚ ਮਿਊਲ ਖਾਤੇ ਦੀ ਪਛਾਣ ਤੇ ਉਨ੍ਹਾਂ ’ਤੇ ਰੋਕ ਲਈ ਬੈਂਕਾਂ ਨੂੰ ਅਲਰਟ ਪ੍ਰਣਾਲੀ ਲਿਆਉਣ ਲਈ ਕਿਹਾ ਗਿਆ ਹੈ। ਹਾਲੇ ਆਰਬੀਆਈ ਇਸ ਖਰੜੇ ’ਤੇ ਹਿੱਤਧਾਰਕਾਂ ਤੋਂ ਰਾਇ ਲੈ ਰਿਹਾ ਹੈ। ਆਰਬੀਆਈ ਦਾ ਕਹਿਣਾ ਹੈ ਕਿ ਬੈਂਕ ਚਾਹੇ ਤਾਂ ਅਲਰਟ ਲਈ 25 ਲੱਖ ਤੋਂ ਘੱਟ ਦੀ ਹੱਦ ਵੀ ਤੈਅ ਕਰ ਸਕਦਾ ਹੈ। ਕਿਸ ਖਾਤੇ ਨੂੰ ਅਲਰਟ ਜਾਰੀ ਕਰ ਕੇ ਰੱਖਣਾ ਹੈ ਤੇ ਕਿਸਨੂੰ ਨਹੀਂ ਰੱਖਣਾ, ਇਸਦਾ ਨਿਰਧਾਰਨ ਬੈਂਕ ’ਚ ਖਾਤਾ ਖੁੱਲ੍ਹਵਾਉਣ ਦੌਰਾਨ ਬੈਂਕ ਕਰੇਗਾ। ਵੈਸੇ ਸਾਰੇ ਖਾਤਿਆਂ ’ਚ ਅਲਰਟ ਸਿਸਟਮ ਹੋਵੇਗਾ, ਪਰ ਬੈਂਕ ਚਾਹੇ ਤਾਂ ਉਸ ਅਲਰਟ ਬਟਨ ਨੂੰ ਆਫ ਵੀ ਕਰ ਸਕਦਾ ਹੈ। ਇਸ ਬਦਲੇ ਬੈਂਕ ਉਸ ਖਾਤਾਧਾਰਕ ਦੀ ਆਮਦਨ ਦੇ ਮਾਧਿਅਮਾਂ ਨਾਲ ਹੋਰ ਜਾਇਦਾਦ, ਮਾਲੀਏ ਆਦਿ ਦੇ ਬਾਰੇ ’ਚ ਜਾਣਕਾਰੀ ਮੰਗ ਸਕਦਾ ਹੈ। ਪੁਰਾਣੇ ਗਾਹਕਾਂ ਦੇ ਖਾਤਿਆਂ ਨੂੰਅਲਰਟ ਨਾਲ ਜੋੜਨ ਜਾਂ ਉਸਨੂੰ ਹਟਾਉਣ ਦੇ ਸਬੰਧ ’ਚ ਬੈਂਕ ਤਿਆਰ ਹੋਣ ਵਾਲੀ ਨੀਤੀ ਦੇ ਮੁਤਾਬਕ ਕੰਮ ਕਰੇਗਾ।
-----
ਇਹ ਜਾਣਕਾਰੀ ਲੈ ਸਕਦਾ ਹੈ ਬੈਂਕ
ਆਰਬੀਆਈ ਦੇ ਖਰੜੇ ਮੁਤਾਬਕ, ਆਉਣ ਵਾਲੇ ਸਮੇਂ ’ਚ ਕੇਵਾਈਸੀ (ਨੋ ਯੂਅਰ ਕਸਟਮਰ) ਦੀ ਪ੍ਰਕਿਰਿਆ ਪੂਰੀ ਕਰਨ ਦੌਰਾਨ ਬੈਂਕ ਗਾਹਕ ਦੇ ਕਾਰੋਬਾਰ ਤੇ ਉਨ੍ਹਾਂ ਦੀ ਵਿੱਤੀ ਹਾਲਤ ਦੀ ਜਾਣਕਾਰੀ ਲੈ ਸਕਦਾ ਹੈ। ਤਾਂ ਜੋ ਬੈਂਕ ਉਸਦੇ ਹਿਸਾਬ ਨਾਲ ਗਾਹਕ ਦੇ ਖਾਤੇ ਦਾ ਨਿਰਧਾਰਨ ਕਰ ਸਕੇ। ਹਾਲਾਂਕਿ ਕਿਨ੍ਹਾਂ ਖਾਤਿਆਂ ’ਚ ਘੱਟ ਰਕਮ ਕ੍ਰੈਡਿਟ ਹੁੰਦੀ ਹੈ, ਇਸਦੀ ਪੱਛਾਣ ਕਾਫ਼ੀ ਮੁਸ਼ਕਲ ਹੋਵੇਗੀ। ਦੂਜਾ, ਆਰਬੀਆਈ ਨੂੰ ਕੇਵਾਈਸੀ ਨਿਯਮ ’ਚ ਬਦਲਾਅ ਕਰਨਾ ਪੈ ਸਕਦਾ ਹੈ।
ਕਿਉੰ ਕਿਹਾ ਜਾਂਦਾ ਹੈ ਖੱਚਰ ਖ਼ਾਤੇ
ਅਜਿਹੇ ਖ਼ਾਤਿਆਂ ਨੂੰ ਮਿਊਲ ਖ਼ਾਤੇ ਯਾਨੀ ਖ਼ੱਚਰ ਖ਼ਾਤੇ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਖੱਚਰ ਉਹ ਜਾਨਵਰ ਹੁੰਦਾ ਹੈ ਜੋ ਹੋਰਾਂ ਦਾ ਭਾਰ ਢੋਂਦਾ ਹੈ। ਇਸੇ ਤਰ੍ਹਾਂ ਖੱਚਰ ਖਾਤਾ ਉਹ ਖਾਤਾ ਹੁੰਦਾ ਹੈ ਜੋ ਦੂਜਿਆਂ ਦੇ ਗ਼ੈਰ-ਕਾਨੂੰਨੀ ਪੈਸੇ ਢੋਣ ਲਈ ਵਰਤਿਆ ਜਾਂਦਾ ਹੈ।