ਪ੍ਰਧਾਨ ਮੰਤਰੀ ਦਾ ਅਹੁਦਾ ਮੋਰਾਰਜੀ ਦੇਸਾਈ ਨੂੰ ਕਾਂਗਰਸ ਤੋਂ ਅਲੱਗ ਹੋਣ ਦੇ ਬਾਅਦ 1977 'ਚ ਇੰਦਰਾ ਗਾਂਧੀ ਦੀ ਸਰਕਾਰ ਡਿੱਗਣ ਤੇ ਹੀ ਨਸੀਬ ਹੋ ਸਕਿਆ ਸੀ। ਉਹ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਵੀ ਸਨ ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਨੇ ਸਰਬ ਉੱਚ ਨਾਗਰਿਕ ਸਨਮਾਨ ਨਾਲ ਨਵਾਜਿਆ ਹੈ।
ਨਵੀਂ ਦਿੱਲੀ, ਜਾਗਰਣ ਸਪੈਸ਼ਲ : ਮੋਰਾਰ ਜੀ ਦੇਸਾਈ ਦਾ ਨਾਮ ਜਦੋਂ ਵੀ ਜ਼ੁਬਾਂ 'ਤੇ ਆਉਂਦਾ ਹੈ ਤਾਂ ਦੇਸ਼ ਦੇ ਪਹਿਲੇ ਗੈਰ ਕਾਂਗਰਸੀ ਪ੍ਰਧਾਨ ਮੰਤਰੀ ਦੇ ਤੌਰ 'ਤੇ ਹੀ ਆਉਂਦਾ ਹੈ। ਇਹ ਉਨ੍ਹਾਂ ਦੀ ਪਛਾਣ ਵੀ ਹੈ। ਦੇਸਾਈ ਭਾਰਤ ਦੇ ਛੇਵੇਂ ਪ੍ਰਧਾਨ ਮੰਤਰੀ ਸਨ, ਉਨ੍ਹਾਂ ਦਾ 10 ਅਪ੍ਰੈਲ, 1995 ਨੂੰ ਦੇਹਾਂਤ ਹੋ ਗਿਆ ਸੀ। ਉਹ 1977 ਤੋਂ 1979 ਤਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਇਵੇਂ ਤਾਂ ਕਾਂਗਰਸ 'ਚ ਰਹਿੰਦੇ ਹੋਏ ਵੀ ਉਨ੍ਹਾਂ ਦਾ ਨਾਂ ਇਸ ਅਹੁਦੇ ਦੇ ਉਮੀਦਵਾਰ ਵਜੋਂ ਸਾਹਮਣੇ ਆਉਂਦਾ ਸੀ, ਪਰ ਉਹ ਇਸ ਦੌੜ ਵਿਚ ਹਮੇਸ਼ਾ ਪੱਛੜਦੇ ਹੀ ਰਹੇ। ਪ੍ਰਧਾਨ ਮੰਤਰੀ ਦਾ ਅਹੁਦਾ ਉਨ੍ਹਾਂ ਨੂੰ ਕਾਂਗਰਸ ਤੋਂ ਅਲੱਗ ਹੋਣ ਦੇ ਬਾਅਦ 1977 'ਚ ਇੰਦਰਾ ਗਾਂਧੀ ਦੀ ਸਰਕਾਰ ਡਿੱਗਣ ਤੇ ਹੀ ਨਸੀਬ ਹੋ ਸਕਿਆ ਸੀ। ਉਹ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਵੀ ਸਨ ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਨੇ ਸਰਬ ਉੱਚ ਨਾਗਰਿਕ ਸਨਮਾਨ ਨਾਲ ਨਵਾਜਿਆ ਹੈ।
ਨਾਰਾਜ਼ਗੀ ਦਾ ਕਾਰਨ
ਅਸਲ 'ਚ ਪਾਰਟੀ ਦੇ ਸਭ ਤੋਂ ਸੀਨੀਅਰ ਨੇਤਾ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਪੰਡਤ ਨਹਿਰੂ ਅਤੇ ਲਾਲ ਬਹਾਦਰ ਸ਼ਾਸਤਰੀ ਦੇ ਦੇਹਾਂਤ ਦੇ ਬਾਅਦ ਵੀ ਪ੍ਰਧਾਨ ਮੰਤਰੀ ਨਹੀਂ ਬਣਾਇਆ ਗਿਆ। ਏਨਾ ਹੀ ਨਹੀਂ ਤਾਸ਼ਕੰਦ 'ਚ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤੀ ਦੇ ਅਚਾਨਕ ਦੇਹਾਂਤ ਦੇ ਬਾਅਦ ਵੀ ਉਨ੍ਹਾਂ ਨੂੰ ਇਸ ਅਹੁਦੇ ਲਈ ਪਹਿਲ ਨਹੀਂ ਦਿੱਤੀ ਗਈ ਅਤੇ ਦੇਸ਼ ਦੀ ਕਮਾਨ ਇੰਦਰਾ ਗਾਂਧੀ ਦੇ ਹੱਥਾਂ ਵਿਚ ਸੌਂਪ ਦਿੱਤੀ ਗਈ। ਇਹ ਗੱਲ ਦੇਸਾਈ ਨੂੰ ਕਾਫ਼ੀ ਨਾਗਵਾਰ ਗੁਜ਼ਰੀ। ਹਾਲਾਂਕਿ ਉਨ੍ਹਾਂ ਦੀ ਇਸ ਨਾਰਾਜ਼ਗੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਉਪ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਅਹੁਦਾ ਦਿੱਤਾ ਗਿਆ, ਪਰ ਉਹ ਆਪਣੀ ਨਾਰਾਜ਼ਗੀ ਅਤੇ ਫਿਰ ਕਾਂਗਰਸ ਨਾਲ ਮਨਮੁਟਾਅ ਨੂੰ ਲੰਬੇ ਸਮੇਂ ਤਕ ਝੱਲ ਨਹੀਂ ਸਕੇ ਅਤੇ 1969 'ਚ ਪਾਰਟੀ ਤੋਂ ਅਲੱਗ ਹੋ ਗਏ।
ਇਵੇਂ ਬਣੇ ਪੀਐੱਮ ਪਰ ਨਹੀਂ ਕਰ ਸਕੇ ਕਾਰਜਕਾਲ ਪੂਰਾ
ਇਸਦੇ ਬਾਅਦ ਤਾਂ ਉਹ ਕਾਂਗਰਸ ਦੇ ਕੱਟੜ ਵਿਰੋਧੀਆਂ ਦੀ ਸੂਚੀ ਵਿਚ ਸ਼ਾਮਲ ਨਾਂਵਾਂ 'ਚੋਂ ਇਕ ਨਾਂ ਬਣ ਗਏ ਸਨ। ਏਨਾ ਹੀ ਨਹੀਂ 1975 'ਚ ਐਮਰਜੈਂਸੀ ਦੇ ਖਿਲਾਫ਼ ਜਦੋਂ ਜੈ ਪ੍ਰਕਾਸ਼ ਨਾਰਾਇਣ ਦੀ ਅਗਵਾਈ 'ਚ ਅੰਦੋਲਨ ਦਾ ਬਿਗਲ ਫੂਕਿਆ ਗਿਆ ਤਾਂ ਉਸ ਵਿਚ ਮੋਰਾਰ ਜੀ ਦੇਸਾਈ ਵੀ ਸ਼ਾਮਲ ਸਨ। ਇਸ ਅੰਦੋਲਨ ਦੀ ਅੱਗ ਨੇ ਲਗਪਗ ਪੂਰੇ ਮੁਲਕ ਨੂੰ ਆਪਣੇ ਆਗੋਸ਼ ਵਿਚ ਲੈ ਲਿਆ ਸੀ। ਨਤੀਜਾ ਇਹ ਹੋਇਆ ਕਿ 1977 ਦੀਆਂ ਆਮ ਚੋਣਾਂ ਵਿਚ ਕਾਂਗਰਸ ਹਾਰ ਗਈ ਅਤੇ ਜਨਤਾ ਪਾਰਟੀ ਸਭ ਤੋਂ ਵੱਡੀ ਪਾਰਟੀ ਦੇ ਰੂਪ ਵਿਚ ਸਾਹਮਣੇ ਆਈ। ਇਸਦੇ ਨਾਲ ਹੀ ਮੋਰਾਰ ਜੀ ਦੇਸਾਈ ਦਾ ਪੀਐੱਮ ਬਣਨ ਦਾ ਸੁਪਨਾ ਪੂਰਾ ਹੋਇਆ। ਉਨ੍ਹਾ ਨੇ ਦੇਸ਼ ਦੇ ਜਿਨ੍ਹਾਂ ਨੌ ਸੂਬਿਆਂ ਵਿਚ ਕਾਂਗਰਸ ਦਾ ਰਾਜ ਸੀ, ਉੱਥੋਂ ਦੀਆਂ ਸਰਕਾਰਾਂ ਨੂੰ ਭੰਗ ਕਰ ਦਿੱਤਾ ਗਿਆ ਅਤੇ ਸੂਬਿਆਂ ਵਿਚ ਨਵੀਂ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ। ਪਰ ਪ੍ਰਧਾਨ ਮੰਤਰੀ ਦੇ ਰੂਪ ਵਿਚ ਉਨ੍ਹਾਂ ਦਾ ਕਾਰਜਕਾਲ ਪੂਰਾ ਨਹੀਂ ਹੋ ਸਕਿਆ। ਚੌਧਰੀ ਚਰਨ ਸਿੰਘ ਨਾਲ ਮਤਭੇਦਾਂ ਦੇਕਾਰਨ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਛੱਡਣਾ ਪਿਆ।
ਨਿਸ਼ਾਨ-ਏ- ਪਾਕਿਸਤਾਨ ਨਾਲ ਨਵਾਜੇ ਗਏ
ਦੇਸਾਈ ਦੀ ਸਿਆਸੀ ਲੋਕਪ੍ਰਿਅਤਾ ਅਤੇ ਲੋਕਤੰਤਰ ਵਿਚ ਉਨ੍ਹਾਂ ਦੀ ਹਿੱਸੇਦਾਰੀ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਜਿੱਥੇ ਭਾਰਤ ਨੇ ਆਪਣਾ ਸਰਬ ਉੱਚ ਨਾਗਰਿਕ ਸਨਮਾਨ ਭਾਰਤ ਰਤਨ ਦਿੱਤਾ, ਉੱਥੇ ਪਾਕਿਸਤਾਨ ਨੇ ਵੀ ਆਪਣਾ ਸਰਬ ਉੱਚ ਸਨਮਾਨ ਨਿਸ਼ਾਨ-ਏ-ਪਾਕਿਸਾਤਨ ਨਾਲ ਨਵਾਜਿਆ। ਉਹ ਭਾਰਤ ਦੇ ਇਕੋ ਇਕ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੂੰ ਦੋਹਾਂ ਦੇਸ਼ਾਂ ਤੋਂ ਅਜਿਹਾ ਸਨਮਾਨ ਮਿਲਿਆ ਹੈ। ਆਜ਼ਾਦੀ ਦੇ ਸੰਘਰਸ਼ ਦੀ ਗੱਲ ਕਰੀਏ ਤਾਂ ਉਹ ਮਹਾਤਮਾ ਗਾਂਧੀ ਨਾਲ ਕਈ ਅਹਿਮ ਭੂਮਿਕਾਵਾਂ 'ਚ ਦਿਖਾਈ ਦਿੱਤੇ। 1930 ਤੋਂ 1940 ਤਕ ਉਨ੍ਹਾਂ ਨੇ ਕਰੀਬ 10 ਸਾਲ ਬਰਤਾਨੀਆ ਦੀ ਜੇਲ੍ਹ 'ਚ ਬਿਤਾਏ। 1980 ਦੀਆਂ ਆਮ ਚੋਣਾਂ 'ਚ ਵੀ ਉਹ ਜਨਤਾ ਪਾਰਟੀ ਵਲੋਂ ਚੋਣ ਪ੍ਰਚਾਰ ਵਿਚ ਸ਼ਾਮਲ ਹੋਏ, ਹਾਲਾਂਕਿ ਉਨ੍ਹਾਂ ਨੇ ਖੁਦ ਚੋਣ ਦੌੜ ਵਿਚ ਹਿੱਸਾ ਨਹੀਂ ਲਿਆ। ਸਿਆਸਤ ਤੋਂ ਸੰਨਿਆਸ ਲੈਣ ਦੇ ਬਾਅਦ ਉਨ੍ਹਾਂ ਨੇ ਮੁੰਬਈ ਨੂੰ ਆਪਣਾ ਘਰ ਬਣਾਇਆ, ਉੱਥੇ 10 ਅਪ੍ਰੈਲ 1995 ਨੂੰ 99 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ।