ਕਿਸਮਤ ਦਾ ਚਮਤਕਾਰ! ਹਰਿਆਣਾ ਦੇ ਮਜ਼ਦੂਰ ਦੀ ਨਿਕਲੀ 10 ਕਰੋੜ ਦੀ ਲਾਟਰੀ, ਰਾਤੋ-ਰਾਤ ਬਣਿਆ ਕਰੋੜਪਤੀ
ਪਰਿਵਾਰ ਵਾਲੇ ਤੇ ਪਿੰਡ ਦੇ ਲੋਕ ਲਾਟਰੀ ਨਿਕਲਣ ਦੀ ਖੁਸ਼ੀ ਵਿਚ ਢੋਲ ਦੀ ਥਾਪ ’ਤੇ ਖੂਬ ਨੱਚੇ। ਪ੍ਰਿਥਵੀ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਲਾਟਰੀ ਦੀ ਟਿਕਟ ਕਿਲਿਆਂਵਾਲੀ (ਡੱਬਵਾਲੀ) ਤੋਂ ਏਜੰਟ ਮਦਨ ਲਾਲ ਤੋਂ 500 ਰੁਪਏ ਵਿਚ ਖ਼ਰੀਦੀ ਸੀ।
Publish Date: Mon, 19 Jan 2026 09:13 AM (IST)
Updated Date: Mon, 19 Jan 2026 09:17 AM (IST)
ਜਾਗਰਣ ਸੰਵਾਦਦਾਤਾ, ਰਾਨੀਆਂ (ਸਿਰਸਾ) : ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਮੁਹੰਮਦਪੁਰੀਆ ਦੇ ਮਜ਼ਦੂਰ ਦੀ ਪੰਜਾਬ ਲੋਹੜੀ ਬੰਪਰ ਦੀ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਮਜ਼ਦੂਰ ਪ੍ਰਿਥਵੀ ਸਿੰਘ ਦਾ ਪਰਿਵਾਰ ਲਾਟਰੀ ਲੱਗਣ ’ਤੇ ਫੁੱਲਿਆ ਨਹੀਂ ਸਮਾ ਰਿਹਾ। ਐਤਵਾਰ ਸਵੇਰੇ ਜਦੋਂ ਪਿੰਡ ਵਾਸੀਆਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਪੂਰੇ ਪਿੰਡ ਵਿਚ ਖੁਸ਼ੀ ਦਾ ਮਾਹੌਲ ਬਣ ਗਿਆ। ਪਰਿਵਾਰ ਵਾਲੇ ਤੇ ਪਿੰਡ ਦੇ ਲੋਕ ਲਾਟਰੀ ਨਿਕਲਣ ਦੀ ਖੁਸ਼ੀ ਵਿਚ ਢੋਲ ਦੀ ਥਾਪ ’ਤੇ ਖੂਬ ਨੱਚੇ।
ਪ੍ਰਿਥਵੀ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਲਾਟਰੀ ਦੀ ਟਿਕਟ ਕਿਲਿਆਂਵਾਲੀ (ਡੱਬਵਾਲੀ) ਤੋਂ ਏਜੰਟ ਮਦਨ ਲਾਲ ਤੋਂ 500 ਰੁਪਏ ਵਿਚ ਖ਼ਰੀਦੀ ਸੀ। ਸ਼ਨਿਚਰਵਾਰ ਨੂੰ ਮਦਨ ਲਾਲ ਦਾ ਉਸ ਨੂੰ ਫੋਨ ਆਇਆ ਕਿ ਤੁਹਾਡੀ 10 ਲੱਖ ਰੁਪਏ ਦੀ ਲਾਟਰੀ ਨਿਕਲੀ ਹੈ। ਤੁਸੀਂ ਆਪਣੀ ਲਾਟਰੀ ਦੀ ਟਿਕਟ ਦਾ ਨੰਬਰ ਦੱਸੋ। ਪ੍ਰਿਥਵੀ ਸਿੰਘ ਨੇ ਦੱਸਿਆ ਕਿ ਉਸ ਨੂੰ ਇਸ ਗੱਲ ’ਤੇ ਭਰੋਸਾ ਨਹੀਂ ਹੋਇਆ। ਫਿਰ ਉਸ ਨੇ ਇਹ ਗੱਲ ਐਡਵੋਕੇਟ ਗੁਰਬਖਸ਼ੀਸ਼ ਸਿੰਘ ਨੂੰ ਦੱਸੀ। ਉਨ੍ਹਾਂ ਨੇ ਮਦਨ ਲਾਲ ਨਾਲ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਪਹਿਲਾਂ ਤਾਂ ਲੱਗਾ ਕਿ ਇਹ ਕੋਈ ਫਰਾਡ ਹੈ। ਨੰਬਰ ਚੈੱਕ ਕਰਨ ’ਤੇ ਪਤਾ ਲੱਗਾ ਕਿ ਸੱਚਮੁੱਚ ਨੰਬਰ ਮਦਨ ਲਾਲ ਲਾਟਰੀ ਵਾਲੇ ਦਾ ਹੀ ਸੀ। ਫਿਰ ਉਨ੍ਹਾਂ ਨੇ ਮਦਨ ਲਾਲ ਨੂੰ ਫੋਨ ਕਰ ਕੇ ਲਾਟਰੀ ਦੀ ਟਿਕਟ ਦਾ ਨੰਬਰ ਦੱਸਿਆ। ਟਿਕਟ ਦਾ ਨੰਬਰ ਮਿਲਣ ’ਤੇ ਮਦਨ ਲਾਲ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ 10 ਲੱਖ ਰੁਪਏ ਦੀ ਨਹੀਂ ਸਗੋਂ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ।
ਉੱਧਰ, ਪਿੰਡ ਵਿਚ ਪ੍ਰਿਥਵੀ ਸਿੰਘ ਦੇ ਘਰ ਆਏ ਮਦਨ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਲਾਟਰੀ ਦੀ ਦੁਕਾਨ ਤੋਂ ਕਈਆਂ ਨੂੰ ਲਾਟਰੀ ਨਿਕਲੀ ਹੈ। ਲਾਟਰੀ ਦਾ ਸਭ ਤੋਂ ਵੱਡਾ ਇਨਾਮ 10 ਕਰੋੜ ਰੁਪਏ ਅੱਜ ਨਿਕਲਿਆ ਹੈ। ਪ੍ਰਿਥਵੀ ਸਿੰਘ ਨੇ ਆਪਣੀ ਲਾਟਰੀ ਦੀ ਟਿਕਟ ਤੇ ਦਸਤਾਵੇਜ਼ ਚੰਡੀਗੜ੍ਹ ਜਾ ਕੇ ਜਮ੍ਹਾਂ ਕਰਵਾਉਣੇ ਹਨ ਅਤੇ ਲਾਟਰੀ ਦੇ ਪੈਸੇ ਉਸ ਦੇ ਖਾਤੇ ਵਿਚ ਹੀ ਆਉਣਗੇ। ਦੂਜੇ ਪਾਸੇ, ਪ੍ਰਿਥਵੀ ਸਿੰਘ ਨੇ ਕਿਹਾ ਕਿ ਲਾਟਰੀ ਨਿਕਲਣ ’ਤੇ ਉਹ ਬੇਹੱਦ ਖੁਸ਼ ਹੈ। ਹੁਣ ਉਸ ਦਾ ਪਰਿਵਾਰ ਕਰੋੜਪਤੀ ਬਣ ਗਿਆ ਹੈ। ਲਾਟਰੀ ਦੇ ਪੈਸੇ ਉਹ ਚੰਗੇ ਕੰਮਾਂ ਵਿਚ ਲਗਾਏਗਾ। ਪਿੰਡ ਦੇ ਸਰਪੰਚ ਨੇ ਕਿਹਾ ਕਿ ਪ੍ਰਿਥਵੀ ਸਿੰਘ ਦਾ ਪਰਿਵਾਰ ਇਮਾਨਦਾਰ ਹੈ ਤੇ ਮਿਹਨਤ-ਮਜ਼ਦੂਰੀ ਕਰ ਕੇ ਆਪਣਾ ਪੇਟ ਪਾਲਦਾ ਹੈ।