ਸਿੱਖਿਆ ਮੰਤਰਾਲੇ ਨੇ ਜਿੱਥੇ ਆਪਣੇ ਸਾਥੀ ਪੋਰਟਲ ਜ਼ਰੀਏ ਦੁਬਾਰਾ ਹੋਣ ਵਾਲੀ ਪ੍ਰੀਖਿਆ ਲਈ ਇਕ ਨਵਾਂ ਕ੍ਰੈਸ ਕੋਰਸ ਸ਼ੁਰੂ ਕੀਤਾ ਹੈ, ਦੂਜੇ ਪਾਸੇ ਐੱਨਟੀਏ ਵੀ ਆਪਣੇ ਅਭਿਆਸ ਐਪ ਰਾਹੀਂ ਵਿਦਿਆਰਥੀਆਂ ਦੀ ਮਦਦ ਲਈ ਨਵੀਂ ਟੈਸਟ ਸੀਰੀਜ਼ ਜਾਰੀ ਕੀਤੀ ਹੈ। ਇਹ ਦੋਵੇਂ ਸਹੂਲਤਾਂ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਹੋਣ ਤੱਕ ਜਾਰੀ ਰਹਿਣਗੀਆਂ।

ਜਾਗਰਣ ਬਿਊਰੋ, ਨਵੀਂ ਦਿੱਲੀ : ਨੀਟ-ਯੂਜੀ ਦਾ ਪੇਪਰ ਲੀਕ ਹੋਣ ਤੋਂ ਭਾਵੇਂ ਸਿੱਖਿਆ ਮੰਤਰਾਲਾ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨਹੀਂ ਬਚਾਅ ਸਕੇ ਪਰ ਪ੍ਰੀਖਿਆ ਰੱਦ ਹੋਣ ਕਾਰਨ ਆਪਣੇ ਭਵਿੱਖ ਬਾਰੇ ਫ਼ਿਕਰਮੰਦ ਵਿਦਿਆਰਥੀਆਂ ਦੀ ਦੁਬਾਰਾ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਕਰਵਾਉਣ ਲਈ ਉਹ ਅੱਗੇ ਆਏ ਹਨ। ਸਿੱਖਿਆ ਮੰਤਰਾਲੇ ਨੇ ਜਿੱਥੇ ਆਪਣੇ ਸਾਥੀ ਪੋਰਟਲ ਜ਼ਰੀਏ ਦੁਬਾਰਾ ਹੋਣ ਵਾਲੀ ਪ੍ਰੀਖਿਆ ਲਈ ਇਕ ਨਵਾਂ ਕ੍ਰੈਸ ਕੋਰਸ ਸ਼ੁਰੂ ਕੀਤਾ ਹੈ, ਦੂਜੇ ਪਾਸੇ ਐੱਨਟੀਏ ਵੀ ਆਪਣੇ ਅਭਿਆਸ ਐਪ ਰਾਹੀਂ ਵਿਦਿਆਰਥੀਆਂ ਦੀ ਮਦਦ ਲਈ ਨਵੀਂ ਟੈਸਟ ਸੀਰੀਜ਼ ਜਾਰੀ ਕੀਤੀ ਹੈ। ਇਹ ਦੋਵੇਂ ਸਹੂਲਤਾਂ ਵਿਦਿਆਰਥੀਆਂ ਨੂੰ ਦੁਬਾਰਾ ਪ੍ਰੀਖਿਆ ਹੋਣ ਤੱਕ ਜਾਰੀ ਰਹਿਣਗੀਆਂ।
ਮੰਤਰਾਲੇ ਨੇ ਇਸ ਪੋਰਟਲ ਰਾਹੀਂ ਲਗਪਗ 35 ਦਿਨਾਂ ਦਾ ਇਕ ਖਾਸ ਕੋਰਸ ਡਿਜ਼ਾਈਨ ਕੀਤਾ ਹੈ ਜਿਸ ਵਿਚ ਵਿਦਿਆਰਥੀਆਂ ਨੂੰ ਨੀਟ-ਯੂਜੀ ਨਾਲ ਸੰਬੰਧਿਤ ਮਹੱਤਵਪੂਰਨ ਵਿਸ਼ੇ ਤੇਜ਼ੀ ਨਾਲ ਪੜ੍ਹਾਏ ਜਾਣਗੇ। ਇਸ ਲਈ ਆਈਆਈਟੀ ਅਤੇ ਐੱਨਸੀਈਆਰਟੀ ਨਾਲ ਜੁੜੇ ਮਾਹਰਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਨਾਲ ਹੀ ਵਿਦਿਆਰਥੀਆਂ ਲਈ ਟੈਸਟ ਸੀਰੀਜ਼ ਵੀ ਤਿਆਰ ਕੀਤੀ ਗਈ ਹੈ। ਇਹ ਕੋਰਸ ਮੁਫਤ ਅਤੇ ਹਰ ਰੋਜ਼ ਆਨਲਾਈਨ ਹੋਵੇਗਾ। ਮੰਤਰਾਲੇ ਨੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਾਥੀ ਪੋਰਟਲ ਰਾਹੀਂ ਸ਼ੁਰੂ ਕੀਤੇ ਗਏ ਕ੍ਰੈਸ ਕੋਰਸ ਦੀ ਜਾਣਕਾਰੀ ਸਾਂਝੀ ਕੀਤੀ ਹੈ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਇਸ ਦਾ ਲਾਭ ਮਿਲ ਸਕੇ। ਹਾਲਾਂਕਿ ਮੰਤਰਾਲੇ ਦੀ ਇਸ ਪਹਿਲ ਤੋਂ ਪਹਿਲਾਂ ਕਈ ਨਿੱਜੀ ਕੋਚਿੰਗ ਸੰਸਥਾਵਾਂ ਵੀ ਵਿਦਿਆਰਥੀਆਂ ਦੀ ਮਦਦ ਲਈ ਅੱਗੇ ਆਈਆਂ ਹਨ ਜਿਨ੍ਹਾਂ ਨੇ ਵਿਦਿਆਰਥੀਆਂ ਨੂੰ ਨੀਟ-ਯੂਜੀ ਦੀ ਦੁਬਾਰਾ ਹੋਣ ਵਾਲੀ ਪ੍ਰੀਖਿਆ ਲਈ ਮੁਫਤ ਪੜ੍ਹਾਈ ਦੀ ਪੇਸ਼ਕਸ਼ ਕੀਤੀ ਹੈ। ਇਸ ਕ੍ਰੈਸ ਕੋਰਸ ਵਿਚ ਵਿਦਿਆਰਥੀਆਂ ਦੀਆਂ ਹਰ ਰੋਜ਼ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਕਲਾਸਾਂ ਲੱਗਣਗੀਆਂ। ਨਾਲ ਹੀ ਹਰ ਰੋਜ਼ ਟੈਸਟ ਵੀ ਹੋਵੇਗਾ ਜਦਕਿ ਹਫ਼ਤੇ ਵਿਚ ਮੌਕ ਟੈਸਟ ਵੀ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਨੀਟ-ਯੂਜੀ ਦੀ ਪ੍ਰੀਖਿਆ 21 ਜੂਨ ਨੂੰ ਦੁਬਾਰਾ ਹੋਵੇਗੀ।
ਐੱਨਟੀਏ ਨੇ ਦੂਜੀਆਂ ਪ੍ਰੀਖਿਆਵਾਂ ਲਈ ਵੀ ਵਧਾਈ ਚੌਕਸੀ
ਨੀਟ-ਯੂਜੀ ਦਾ ਪੇਪਰ ਲੀਕ ਹੋਣ ਦੀ ਘਟਨਾ ਤੋਂ ਬਾਅਦ ਐੱਨਟੀਏ ਨੇ ਮੌਜੂਦਾ ਸਮੇਂ ਵਿਚ ਚੱਲ ਰਹੀ ਸੀਯੂਈਟੀ-ਯੂਜੀ ਅਤੇ ਜੂਨ ਵਿਚ ਹੋਣ ਵਾਲੀ ਯੂਜੀਸੀ-ਨੈੱਟ ਪ੍ਰੀਖਿਆ ਲਈ ਚੌਕਸੀ ਵਧਾ ਦਿੱਤੀ ਹੈ। ਪ੍ਰੀਖਿਆ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਸੂਬਿਆਂ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਪ੍ਰੀਖਿਆ ਨੂੰ ਲੈ ਕੇ ਪੂਰੀ ਚੌਕਸੀ ਵਰਤਣ। ਨਾਲ ਹੀ ਇਹ ਯਕੀਨੀ ਬਣਾਉਣ ਲਈ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਪੱਧਰ ’ਤੇ ਕੋਈ ਗੜਬੜ ਨਾ ਹੋਵੇ। ਯਾਦ ਰਹੇ ਕਿ 2024 ਵਿਚ ਨੀਟ-ਯੂਜੀ ਤੇ ਯੂਜੀਸੀ ਨੈੱਟ ਦੇ ਪੇਪਰ ਲੀਕ ਹੋਣ ਦੀ ਘਟਨਾ ਮਗਰੋਂ ਸਾਰੇ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਜ਼ਿਲ੍ਹਿਆਂ ਦੇ ਕਲੈਕਟਰਾਂ ਤੇ ਐੱਸਪੀਜ਼ ਨੂੰ ਵੀ ਪ੍ਰੀਖਿਆ ਵਿਵਸਥਾ ਵਿਚ ਸ਼ਾਮਲ ਕੀਤਾ ਗਿਆ ਹੈ।