ਇਲਿਆਸ ਨੇ ਕਿਹਾ ਹੈ ਕਿ ਦਿੱਲੀ ਤੇ ਮੁੰਬਈ ਵਿਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਵਿਚ ਮਸੂਦ ਅਜ਼ਹਰ ਸਿੱਧੇ ਤੌਰ ’ਤੇ ਸ਼ਾਮਲ ਸੀ। ਉਸ ਦੇ ਇਸ ਬਿਆਨ ਨੇ ਪਾਕਿਸਤਾਨ ਦੇ ਉਨ੍ਹਾਂ ਦਾਅਵਿਆਂ ਦੀ ਧੱਜੀਆਂ ਉੱਡਾ ਦਿੱਤੀਆਂ ਹਨ ਜਿਨ੍ਹਾਂ ’ਚ ਉਹ ਲਗਾਤਾਰ ਆਪਣੀ ਧਰਤੀ ’ਤੇ ਅੱਤਵਾਦੀ ਗਰੁੱਪਾਂ ਨੂੰ ਪਨਾਹ ਦੇਣ ਤੋਂ ਇਨਕਾਰ ਕਰਦਾ ਰਿਹਾ ਹੈ।
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਨੰਬਰ ਦੋ ਅੱਤਵਾਦੀ ਮਸੂਦ ਇਲਿਆਸ ਕਸ਼ਮੀਰੀ ਨੇ ਆਪਣੇ ਬੜਬੋਲੇਪਣ ਨਾਲ ਇਕ ਵਾਰ ਮੁੜ ਆਪਣੇ ਆਕਾ ਤੇ ਜੈਸ਼ ਸਰਗਨਾ ਮਸੂਦ ਅਜ਼ਹਰ ਅਤੇ ਪਾਕਿਸਤਾਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਲਿਆਸ ਨੇ ਕਿਹਾ ਹੈ ਕਿ ਦਿੱਲੀ ਤੇ ਮੁੰਬਈ ਵਿਚ ਅੱਤਵਾਦੀ ਹਮਲਿਆਂ ਦੀ ਸਾਜ਼ਿਸ਼ ਰਚਣ ਅਤੇ ਉਨ੍ਹਾਂ ਨੂੰ ਅੰਜਾਮ ਦੇਣ ਵਿਚ ਮਸੂਦ ਅਜ਼ਹਰ ਸਿੱਧੇ ਤੌਰ ’ਤੇ ਸ਼ਾਮਲ ਸੀ। ਉਸ ਦੇ ਇਸ ਬਿਆਨ ਨੇ ਪਾਕਿਸਤਾਨ ਦੇ ਉਨ੍ਹਾਂ ਦਾਅਵਿਆਂ ਦੀ ਧੱਜੀਆਂ ਉੱਡਾ ਦਿੱਤੀਆਂ ਹਨ ਜਿਨ੍ਹਾਂ ’ਚ ਉਹ ਲਗਾਤਾਰ ਆਪਣੀ ਧਰਤੀ ’ਤੇ ਅੱਤਵਾਦੀ ਗਰੁੱਪਾਂ ਨੂੰ ਪਨਾਹ ਦੇਣ ਤੋਂ ਇਨਕਾਰ ਕਰਦਾ ਰਿਹਾ ਹੈ। ਇਲਿਆਸ ਨੇ ਇਹ ਵੀ ਕਿਹਾ ਕਿ ਭਾਰਤੀ ਫ਼ੌਜ ਦੇ ਹਮਲੇ ਵਿਚ ਅਜ਼ਹਰ ਦੇ ਪਰਿਵਾਰ ਦੇ ਮੈਂਬਰਾਂ ਦੇ ਚੀਥੜੇ ਉੱਡ ਗਏ ਸਨ।
ਇਲਿਆਸ ਇਸ ਨਵੀਂ ਵੀਡੀਓ ਵਿਚ ਕਹਿ ਰਿਹਾ ਹੈ, ‘ਦਿੱਲੀ ਦੀ ਤਿਹਾੜ ਜੇਲ੍ਹ ਤੋਂ ਭੱਜਣ ਮਗਰੋਂ ਅਮੀਰ-ਉਲ-ਮੁਜਾਹਦੀਨ ਮੌਲਾਨਾ ਮਸੂਦ ਅਜ਼ਹਰ ਪਾਕਿਸਤਾਨ ਆਇਆ। ਬਾਲਾਕੋਟ ਨੂੰ ਆਪਣਾ ਟਿਕਾਣਾ ਬਣਾਇਆ ਅਤੇ ਇੱਥੋਂ ਹੀ ਦਿੱਲੀ (ਸੰਸਦ ਹਮਲਾ) ਤੇ ਮੁੰਬਈ (26/11) ਵਿਚ ਹਮਲੇ ਕੀਤੇ।’ ਜ਼ਿਕਰਯੋਗ ਹੈ ਕਿ 2019 ਵਿਚ ਭਾਰਤ ਨੇ ਬਾਲਾਕੋਟ ਵਿਚ ਏਅਰ ਸਟ੍ਰਾਈਕ ਕੀਤੀ ਸੀ। ਇਲਿਆਸ ਦੀ ਇਸ ਟਿੱਪਣੀ ਨੇ ਪਾਕਿਸਤਾਨ ਲਈ ਅੱਤਵਾਦੀ ਪਨਾਹਗਾਹਾਂ ਦੀ ਮੌਜੂਦਗੀ ਤੋਂ ਇਨਕਾਰ ਕਰਨ ਦੀ ਬਹੁਤ ਘੱਟ ਗੁੰਜਾਇਸ਼ ਛੱਡੀ ਹੈ। ਉਸ ਨੇ ਖੁੱਲ੍ਹ ਕੇ ਬਾਲਾਕੋਟ ਨੂੰ ਭਾਰਤ ਖ਼ਿਲਾਫ਼ ਅੱਤਵਾਦ ਫੈਲਾਉਣ ਦੀ ਅਜ਼ਹਰ ਦੀ ਮੁਹਿੰਮ ਦਾ ਆਧਾਰ ਦੱਸਿਆ। ਇੱਥੋਂ ਤੱਕ ਕਿ ਉਸ ਨੇ ਓਸਾਮਾ ਬਿਨ ਲਾਦੇਨ ਨੂੰ ਸ਼ਹੀਦ ਦੱਸਿਆ ਜਿਸ ਨੇ ਇਸ ਵਿਚਾਰਧਾਰਾ ਨੂੰ ਆਕਾਰ ਦਿੱਤਾ। ਉਸ ਦਾ ਇਹ ਕਬੂਲਨਾਮਾ ਭਾਰਤ ਦੇ ਇਸ ਦਾਅਵੇ ਦੀ ਪੁਸ਼ਟੀ ਕਰਦੀ ਹੈ ਕਿ ਜੈਸ਼ ਦੇ ਕੈਂਪ ਖੁੱਲ੍ਹੇਆਮ ਪਾਕਿਸਤਾਨ ਦੇ ਫ਼ੌਜੀ-ਸੁਰੱਖਿਆ ਅਦਾਰਿਆਂ ਦੀ ਨਿਗਰਾਨੀ ਵਿਚ ਚੱਲ ਰਹੇ ਸਨ।
ਮੁਨੀਰ ਦੇ ਹੁਕਮ ’ਤੇ ਅੱਤਵਾਦੀਆਂ ਦੇ ਅੰਤਮ ਸੰਸਕਾਰ ’ਚ ਸ਼ਾਮਲ ਹੋਏ ਸਨ ਫ਼ੌਜੀ ਅਧਿਕਾਰੀ
ਇਲਿਆਸ ਨੇ ਇਹ ਵੀ ਕਿਹਾ ਕਿ ਪਾਕਿਸਤਾਨੀ ਫ਼ੌਜ ਦੇ ਚੋਟੀ ਦੇ ਅਧਿਕਾਰੀਆਂ ਨੇ ਆਪਣੇ ਜਨਰਲਾਂ ਨੂੰ ਬਹਾਵਲਪੁਰ ਵਿਚ ਆਪ੍ਰੇਸ਼ਨ ਸਿੰਧੂਰ ਵਿਚ ਮਾਰੇ ਗਏ ਜੈਸ਼ ਦੇ ਅੱਤਵਾਦੀਆਂ ਦੇ ਅੰਤਮ ਸੰਸਕਾਰ ਵਿਚ ਸ਼ਾਮਲ ਹੋਣ ਦਾ ਹੁਕਮ ਦਿੱਤਾ ਸੀ। ਉਸ ਨੇ ਦਾਅਵਾ ਕੀਤਾ ਕਿ ਇਹ ਨਿਰਦੇਸ਼ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਵੱਲੋਂ ਆਇਆ ਸੀ ਕਿ ਭਾਰਤੀ ਹਵਾਈ ਹਮਲਿਆਂ ਵਿਚ ਮਾਰੇ ਗਏ ਅੱਤਵਾਦੀਆਂ ਨੂੰ ਸਨਮਾਨਿਤ ਕੀਤਾ ਜਾਵੇ। ਇਸ ਨਾਲ ਭਾਰਤ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਇਸ ਦਾਅਵੇ ਨੂੰ ਹੋਰ ਬਲ ਮਿਲਿਆ ਕਿ ਪਾਕਿਸਤਾਨ ਦਾ ਫ਼ੌਜੀ-ਖੁਫ਼ੀਆ ਗੱਠਜੋੜ ਅੱਤਵਾਦ ਦੀ ਪੁਸ਼ਤ-ਪਨਾਹੀ ਕਰਦਾ ਹੈ।
ਪੰਜ ਸਾਲ ਭਾਰਤ ਦੀ ਕੈਦ ’ਚ ਸੀ ਅਜ਼ਹਰ
ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਸੰਗਠਨ ਐਲਾਨੇ ਗਏ ਜੈਸ਼ ਦਾ ਸਰਗਨਾ ਮਸੂਦ ਅਜ਼ਹਰ ਪੰਜ ਸਾਲ ਭਾਰਤ ਦੀ ਜੇਲ੍ਹ ਵਿਚ ਰਿਹਾ ਸੀ। ਕੰਧਾਰ ਹਵਾਈ ਜਹਾਜ਼ ਅਗਵਾ ਕਾਂਡ ਵਿਚ ਉਸ ਨੂੰ ਚਾਲਕ ਦਲ ਦੇ ਮੈਂਬਰਾਂ ਤੇ ਯਾਤਰੀਆਂ ਦੀ ਰਿਹਾਈ ਬਦਲੇ ਛੱਡਿਆ ਗਿਆ ਸੀ।