ਜਬਲਪੁਰ ਕਰੂਜ਼ ਹਾਦਸਾ: ਮੌਤ ਵੀ ਨਾ ਜੁਦਾ ਕਰ ਸਕੀ ਮਮਤਾ ਦੀ ਡੋਰ, ਇੱਕੋ ਕਬਰ 'ਚ ਦਫ਼ਨਾਏ ਗਏ ਮਾਂ-ਪੁੱਤ
ਹਾਦਸੇ ਦੀ ਸਭ ਤੋਂ ਦਰਦਨਾਕ ਤੇ ਰੂਹ ਕੰਬਾਊ ਤਸਵੀਰ ਉਹ ਸੀ, ਜਿਸ ਵਿਚ ਡੁੱਬਦੇ ਵਕਤ ਵੀ ਮਾਂ ਮੈਰਿਨਾ ਨੇ ਆਪਣੇ ਚਾਰ ਸਾਲ ਦੇ ਪੁੱਤਰ ਤ੍ਰਿਸ਼ਾਨ ਨੂੰ ਆਪਣੀ ਹਿੱਕ ਨਾਲ ਘੁੱਟ ਕੇ ਲਾਇਆ ਹੋਇਆ ਸੀ। ਲਹਿਰਾਂ ਦੇ ਥਪੇੜੇ ਤੇ ਮੌਤ ਦਾ ਖ਼ੌਫ਼ ਵੀ ਮਮਤਾ ਦੀ ਉਸ ਪਕੜ ਨੂੰ ਕਮਜ਼ੋਰ ਨਹੀਂ ਕਰ ਸਕਿਆ। ਇਸ ਦ੍ਰਿਸ਼ ਨੇ ਉੱਥੇ ਮੌਜੂਦ ਹਰ ਸ਼ਖਸ ਦਾ ਕਲੇਜਾ ਚੀਰ ਦਿੱਤਾ।
Publish Date: Sun, 03 May 2026 04:51 PM (IST)
Updated Date: Sun, 03 May 2026 04:55 PM (IST)
ਜਾਗਰਣ ਸੰਵਾਦਦਾਤਾ, ਪੱਛਮੀ ਦਿੱਲੀ : ਜਬਲਪੁਰ ਸਥਿਤ ਬਰਗੀ ਡੈਮ ਵਿੱਚ ਮਾਰੇ ਗਏ ਮਸੀਹ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਨਾਲ ਸਬੰਧਤ ਤਿੰਨ ਮੈਂਬਰਾਂ—ਮਧੁਰ ਮਸੀਹ, ਉਨ੍ਹਾਂ ਦੀ ਬੇਟੀ ਮੈਰਿਨਾ ਅਤੇ ਚਾਰ ਸਾਲਾ ਦੋਹਤੇ ਤ੍ਰਿਸ਼ਾਨ ਦੀਆਂ ਦੇਹਾਂ ਸ਼ਨੀਵਾਰ ਨੂੰ ਜਦੋਂ ਐਂਬੂਲੈਂਸ ਰਾਹੀਂ ਮਾਇਆਪੁਰੀ ਸਥਿਤ ਖ਼ਜ਼ਾਨ ਬਸਤੀ ਦੀਆਂ ਤੰਗ ਗਲੀਆਂ ਵਿੱਚ ਪਹੁੰਚੀਆਂ, ਤਾਂ ਉੱਥੇ ਮੌਜੂਦ ਹਰ ਵਿਅਕਤੀ ਦੀ ਅੱਖ ਨਮ ਹੋ ਗਈ।
ਇਸ ਹਾਦਸੇ ਦੀ ਸਭ ਤੋਂ ਦਰਦਨਾਕ ਤੇ ਰੂਹ ਕੰਬਾਊ ਤਸਵੀਰ ਉਹ ਸੀ, ਜਿਸ ਵਿਚ ਡੁੱਬਦੇ ਵਕਤ ਵੀ ਮਾਂ ਮੈਰਿਨਾ ਨੇ ਆਪਣੇ ਚਾਰ ਸਾਲ ਦੇ ਪੁੱਤਰ ਤ੍ਰਿਸ਼ਾਨ ਨੂੰ ਆਪਣੀ ਹਿੱਕ ਨਾਲ ਘੁੱਟ ਕੇ ਲਾਇਆ ਹੋਇਆ ਸੀ।
ਲਹਿਰਾਂ ਦੇ ਥਪੇੜੇ ਤੇ ਮੌਤ ਦਾ ਖ਼ੌਫ਼ ਵੀ ਮਮਤਾ ਦੀ ਉਸ ਪਕੜ ਨੂੰ ਕਮਜ਼ੋਰ ਨਹੀਂ ਕਰ ਸਕਿਆ। ਇਸ ਦ੍ਰਿਸ਼ ਨੇ ਉੱਥੇ ਮੌਜੂਦ ਹਰ ਸ਼ਖਸ ਦਾ ਕਲੇਜਾ ਚੀਰ ਦਿੱਤਾ। ਅੰਤ ਵਿੱਚ ਪਰਿਵਾਰ ਨੇ ਫੈਸਲਾ ਕੀਤਾ ਕਿ ਜਿਸ ਮਮਤਾ ਨੇ ਮੌਤ ਦੇ ਸਮੇਂ ਸਾਥ ਨਹੀਂ ਛੱਡਿਆ, ਉਸ ਨੂੰ ਵਿਦਾਇਗੀ ਵੀ ਇਕੱਠਿਆਂ ਹੀ ਦਿੱਤੀ ਜਾਵੇ।
ਦਵਾਰਕਾ ਸਥਿਤ ਈਸਾਈ ਕਬਰਸਤਾਨ ਵਿੱਚ ਮਾਂ ਅਤੇ ਪੁੱਤਰ ਨੂੰ ਇੱਕੋ ਕਬਰ ਵਿੱਚ ਦਫ਼ਨਾਇਆ ਗਿਆ, ਤਾਂ ਜੋ ਇਸ ਅੰਤਿਮ ਯਾਤਰਾ ਵਿੱਚ ਵੀ ਪੁੱਤਰ ਆਪਣੀ ਮਾਂ ਦੀ ਗੋਦ ਵਿੱਚ ਸੁਰੱਖਿਅਤ ਰਹੇ।
ਹਾਦਸੇ ਵਿੱਚ ਜਿਉਂਦੇ ਬਚੇ ਪਰਿਵਾਰ ਦੇ ਮੁਖੀ ਜੂਲੀਅਸ ਮਸੀਹ, ਦਾਮਾਦ ਪ੍ਰਦੀਪ ਅਤੇ ਮਾਸੂਮ ਬੇਟੀ ਸਿਆ ਦੀ ਹਾਲਤ ਬਿਆਨ ਤੋਂ ਬਾਹਰ ਹੈ। ਆਪਣੀਆਂ ਅੱਖਾਂ ਸਾਹਮਣੇ ਆਪਣਿਆਂ ਨੂੰ ਡੁੱਬਦੇ ਦੇਖਣ ਦਾ ਸਦਮਾ ਇੰਨਾ ਡੂੰਘਾ ਹੈ ਕਿ ਉਹ ਕਿਸੇ ਨਾਲ ਗੱਲ ਕਰਨ ਦੀ ਸਥਿਤੀ ਵਿੱਚ ਨਹੀਂ ਹਨ।
ਜਦੋਂ ਲੋਕਾਂ ਨੇ ਉਨ੍ਹਾਂ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਨੇ ਹੱਥ ਜੋੜ ਕੇ ਸਿਰਫ਼ ਇੰਨਾ ਕਿਹਾ, "ਸਾਨੂੰ ਸੋਗ ਮਨਾਉਣ ਦਿਓ, ਬਾਅਦ ਵਿੱਚ ਗੱਲ ਕਰਾਂਗੇ।"
ਡੂੰਘਾ ਸੋਗ ਅਤੇ ਅੰਤਿਮ ਪ੍ਰਾਰਥਨਾ
ਦਵਾਰਕਾ ਸਥਿਤ ਈਸਾਈ ਕਬਰਸਤਾਨ ਵਿੱਚ ਪਾਦਰੀ ਦੁਆਰਾ ਕੀਤੀ ਗਈ ਪ੍ਰਾਰਥਨਾ ਅਤੇ ਧਾਰਮਿਕ ਰੀਤੀ-ਰਿਵਾਜਾਂ ਦੇ ਵਿਚਕਾਰ ਜਦੋਂ ਪਰਿਵਾਰਕ ਮੈਂਬਰਾਂ ਨੇ ਕੰਬਦੇ ਹੱਥਾਂ ਨਾਲ ਤਾਬੂਤਾਂ 'ਤੇ ਮਿੱਟੀ ਪਾਈ, ਤਾਂ ਪੂਰਾ ਕਬਰਸਤਾਨ ਸਿਸਕੀਆਂ ਨਾਲ ਗੂੰਜ ਉੱਠਿਆ। ਹਰ ਜ਼ੁਬਾਨ 'ਤੇ ਬੱਸ ਇੱਕ ਹੀ ਦੁਆ ਸੀ ਕਿ ਪ੍ਰਮਾਤਮਾ ਅਜਿਹਾ ਭਾਣਾ ਕਿਸੇ ਦੁਸ਼ਮਣ 'ਤੇ ਵੀ ਨਾ ਵਰਤਾਏ।