ਅਸਲ ’ਚ ਦੇਸ਼ ਵਿਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਕਈ ਲੋਕ ਉਮਰ ਜਾਂ ਬਿਮਾਰੀ ਕਾਰਨ ਸਹਾਇਕ ਉਪਕਰਨਾਂ ’ਤੇ ਨਿਰਭਰ ਹਨ। ਇਸ ਸੰਦਰਭ ਵਿਚ ਸੁਰੱਖਿਅਤ ਅਤੇ ਭਰੋਸੇਯੋਗ ਉਤਪਾਦ ਉਨ੍ਹਾਂ ਦੀ ਜੀਵਨ ਗੁਣਵੱਤਾ ਵਿਚ ਸੁਧਾਰ ਕਰ ਸਕਦੇ ਹਨ।

ਜਾਗਰਣ ਬਿਊਰੋ, ਨਵੀਂ ਦਿੱਲੀ : ਭਾਰਤ ਮਾਪਦੰਡ ਬਿਊਰੋ (ਬੀਆਈਐੱਸ) ਨੇ ਸਹਾਇਕ ਉਪਕਰਨਾਂ ਵਿਚ ਬਦਲਾਅ ਕਰ ਕੇ ਲੋਕਾਂ ਦੀਆਂ ਨਿੱਤ ਦੀਆਂ ਮੁਸ਼ਕਲਾਂ ਨੂੰ ਸੁਖਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਲਈ ਨਵੇਂ ਮਾਪਦੰਡ ਤੈਅ ਕੀਤੇ ਗਏ ਹਨ ਜਿਹੜੇ ਖ਼ਾਸ ਤੌਰ ’ਤੇ ਦਿਵਿਆਂਗਾਂ, ਬਜ਼ੁਰਗਾਂ ਅਤੇ ਉਨ੍ਹਾਂ ਲੋਕਾਂ ਲਈ ਲਾਹੇਵੰਦ ਹਨ ਜਿਨ੍ਹਾਂ ਨੂੰ ਤੁਰਨ-ਫਿਰਨ ਜਾਂ ਦੇਖਣ ਵਿਚ ਮੁਸ਼ਕਲ ਪੇਸ਼ ਆਉਂਦੀ ਹੈ। ਇਨ੍ਹਾਂ ਉਪਕਰਨਾਂ ਵਿਚ ਬੈਸਾਖੀਆਂ, ਛੜੀ, ਮਲਟੀ-ਲੈੱਗ ਸਟਿਕ, ਵ੍ਹੀਲਚੇਅਰ ਲਈ ਪੋਰਟੇਬਲ ਰੈਂਪ, ਟੈਕਟਾਈਲ ਮੈਪ ਅਤੇ ਬ੍ਰੇਲ ਸਾਈਨ ਸ਼ਾਮਲ ਹਨ। ਇਨ੍ਹਾਂ ਨੂੰ ਜ਼ਿਆਦਾ ਸੁਰੱਖਿਅਤ, ਟਿਕਾਊ ਅਤੇ ਵਰਤਣ ਵਿਚ ਸੁਖਾਲਾ ਬਣਾ ਕੇ ਜ਼ਰੂਰਤਮੰਦ ਲੋਕਾਂ ਨੂੰ ਵਧੇਰੇ ਆਤਮ-ਨਿਰਭਰ ਬਣਾਉਣ ਦਾ ਟੀਚਾ ਹੈ।
ਅਸਲ ’ਚ ਦੇਸ਼ ਵਿਚ ਬਜ਼ੁਰਗਾਂ ਦੀ ਗਿਣਤੀ ਵੱਧ ਰਹੀ ਹੈ ਅਤੇ ਕਈ ਲੋਕ ਉਮਰ ਜਾਂ ਬਿਮਾਰੀ ਕਾਰਨ ਸਹਾਇਕ ਉਪਕਰਨਾਂ ’ਤੇ ਨਿਰਭਰ ਹਨ। ਇਸ ਸੰਦਰਭ ਵਿਚ ਸੁਰੱਖਿਅਤ ਅਤੇ ਭਰੋਸੇਯੋਗ ਉਤਪਾਦ ਉਨ੍ਹਾਂ ਦੀ ਜੀਵਨ ਗੁਣਵੱਤਾ ਵਿਚ ਸੁਧਾਰ ਕਰ ਸਕਦੇ ਹਨ। ਬਾਜ਼ਾਰ ਵਿਚ ਮਿਲਣ ਵਾਲੇ ਅਜਿਹੇ ਉਪਕਰਨਾਂ ਦੀ ਗੁਣਵੱਤਾ ਇੱਕਸਾਰ ਨਹੀਂ ਹੁੰਦੀ। ਕਈ ਲੋਕ ਸਸਤੀਆਂ ਛੜੀਆਂ ਜਾਂ ਬੈਸਾਖੀਆਂ ਖ਼ਰੀਦ ਲੈਂਦੇ ਹਨ ਜਿਹੜੀਆਂ ਜਲਦੀ ਖ਼ਰਾਬ ਹੋ ਜਾਂਦੀਆਂ ਹਨ ਜਾਂ ਸਰੀਰ ਮੁਤਾਬਕ ਨਹੀਂ ਹੁੰਦੀਆਂ। ਇਸ ਨਾਲ ਸੰਤੁਲਨ ਵਿਗੜਨ ਅਤੇ ਡਿੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਨਵੇਂ ਮਾਪਦੰਡ ਲਾਗੂ ਹੋਣ ਤੋਂ ਬਾਅਦ ਇਨ੍ਹਾਂ ਉਪਕਰਨਾਂ ਦੀ ਮਜ਼ਬੂਤੀ, ਡਿਜ਼ਾਈਨ ਤੇ ਸੰਤੁਲਨ ਬਿਹਤਰ ਹੋਵੇਗਾ। ਇਸ ਨਾਲ ਵਰਤੋਂ ਕਰਨ ਵਾਲਿਆਂ ਨੂੰ ਵਧੇਰੇ ਭਰੋਸਾ ਮਿਲੇਗਾ। ਨਵੇਂ ਮਾਪਦੰਡਾਂ ਦਾ ਵੱਡਾ ਲਾਭ ਇਹ ਹੋਵੇਗਾ ਕਿ ਭਾਰਤੀ ਉਤਪਾਦ ਕੌਮਾਂਤਰੀ ਪੱਧਰ ਮੁਤਾਬਕ ਬਣਨਗੇ। ਇਸ ਨਾਲ ਦੇਸ਼ ਦੇ ਨਿਰਮਾਤਾ ਵਧੀਆ ਗੁਣਵੱਤਾ ਦੇ ਉਤਪਾਦ ਤਿਆਰ ਕਰ ਸਕਣਗੇ ਅਤੇ ਉਨ੍ਹਾਂ ਨੂੰ ਆਲਮੀ ਬਾਜ਼ਾਰ ਵਿਚ ਵੀ ਜਗ੍ਹਾ ਮਿਲੇਗੀ। ਨਾਲ ਹੀ ਰਿਸਰਚ ਤੇ ਇਨੋਵੇਸ਼ਨ ਨੂੰ ਵੀ ਹੁਲਾਰਾ ਮਿਲੇਗਾ।
ਬੀਆਈਐੱਸ ਨੇ ਛੇ ਉਪਕਰਨਾਂ ਦੇ ਮਾਪਦੰਡ ਕੀਤੇ ਜਾਰੀ
ਬੀਆਈਐੱਸ ਨੇ ਛੇ ਉਪਕਰਨਾਂ ਦੇ ਮਾਪਦੰਡ ਜਾਰੀ ਕੀਤੇ ਹਨ। ਇਨ੍ਹਾਂ ਵਿਚ ਕੋਹਣੀ ਵਾਲੀਆਂ ਬੈਸਾਖੀਆਂ, ਤੁਰਨ ਲਈ ਵਰਤੀਆਂ ਜਾਣ ਵਾਲੀਆਂ ਆਮ ਛੜੀਆਂ ਤੋਂ ਇਲਾਵਾ ਤਿੰਨ ਜਾਂ ਉਸ ਤੋਂ ਜ਼ਿਆਦਾ ਪੈਰਾਂ ਵਾਲੀਆਂ ਛੜੀਆਂ ਲਈ ਵੱਖ-ਵੱਖ ਨਿਯਮ ਬਣਾਏ ਗਏ ਹਨ। ਇਨ੍ਹਾਂ ਵਿਚ ਸੁਰੱਖਿਆ, ਆਰਾਮ, ਪਕੜ, ਵਜ਼ਨ ਤੇ ਟਿਕਾਊ ਬਣਾਉਣ ’ਤੇ ਖ਼ਾਸ ਧਿਆਨ ਦਿੱਤਾ ਗਿਆ ਹੈ। ਨਿਰਮਾਤਾ ਨੂੰ ਇਹ ਵੀ ਦੱਸਣਾ ਪਵੇਗਾ ਕਿ ਉਤਪਾਦ ਦੀ ਸਹੀ ਵਰਤੋਂ ਕਿਵੇਂ ਕੀਤਾ ਜਾਵੇ। ਵ੍ਹੀਲਚੇਅਰ ਦੀ ਵਰਤੋਂ ਕਰਨ ਵਾਲਿਆਂ ਲਈ ਪੋਰਟੇਬਲ ਰੈਂਪ ਦਾ ਮਾਪਦੰਡ ਤੈਅ ਕੀਤਾ ਗਿਆ ਹੈ। ਇਸ ਨਾਲ ਪੌੜੀਆਂ, ਇਮਾਰਤਾਂ ਅਤੇ ਜਨਤਕ ਥਾਵਾਂ ਤੱਕ ਪਹੁੰਚ ਆਸਾਨ ਹੋਵੇਗੀ। ਇਹ ਰੈਂਪ ਨਾ ਸਿਰਫ਼ ਦਿਵਿਆਂਗਾਂ ਲਈ ਸਗੋਂ ਬੱਚਿਆਂ ਦੀ ਗੱਡੀ ਜਾਂ ਸਾਮਾਨ ਲਿਜਾਣ ਵਾਲਿਆਂ ਲਈ ਵੀ ਲਾਭਦਾਇਕ ਹੋਣਗੇ। ਇਸ ਨਾਲ ਆਵਾਜਾਈ ਵਿਚ ਵੱਡੀ ਸਹੂਲਤ ਮਿਲੇਗੀ।
ਟੈਕਟਾਈਲ ਗਾਈਡ ਮੈਪ ਦੇ ਨਵੇਂ ਨਿਯਮ ਦੱਸੇ ਗਏ ਹਨ
ਦ੍ਰਿਸ਼ਟੀਹੀਣ ਲੋਕਾਂ ਲਈ ਵੀ ਮਹੱਤਵਪੂਰਨ ਕਦਮ ਚੁੱਕੇ ਗਏ ਹਨ। ਟੈਕਟਾਈਲ ਗਾਈਡ ਮੈਪ ਦੇ ਨਵੇਂ ਨਿਯਮ ਦੱਸੇ ਗਏ ਹਨ ਤਾਂ ਜੋ ਉਹ ਇਮਾਰਤਾਂ, ਪਾਰਕਾਂ ਤੇ ਟਰਾਂਸਪੋਰਟ ਕੇਂਦਰਾਂ ਨੂੰ ਆਸਾਨੀ ਨਾਲ ਸਮਝ ਸਕਣ। ਇਸੇ ਤਰ੍ਹਾਂ ਬ੍ਰੇਲ ਸਾਈਨੇਜ ਦੇ ਤੈਅ ਕੀਤੇ ਮਾਪਦੰਡਾਂ ਨਾਲ ਲਿਖਾਈ ਦਾ ਆਕਾਰ, ਦੂਰੀ ਤੇ ਸਮੱਗਰੀ ਇੱਕੋ ਜਿਹੀ ਹੋਵੇਗੀ। ਇਸ ਦਾ ਫਾਇਦਾ ਬ੍ਰੇਲ ਪੜ੍ਹਨ ਵਾਲੇ ਲੋਕਾਂ ਨੂੰ ਮਿਲੇਗਾ। ਸਾਰੇ ਮਾਪਦੰਡ ਵੱਡੇ ਰਾਸ਼ਟਰੀ ਯਤਨ ਦਾ ਹਿੱਸਾ ਹਨ। ਇਨ੍ਹਾਂ ਦਾ ਸੰਬੰਧ ਉਨ੍ਹਾਂ ਜ਼ਰੂਰੀ ਸਹਾਇਕ ਉਤਪਾਦਾਂ ਦੀ ਸੂਚੀ ਨਾਲ ਹੈ ਜਿਸ ਨੂੰ ਦੇਸ਼ ਵਿਚ ਹੁਲਾਰਾ ਦਿੱਤਾ ਜਾ ਰਿਹਾ ਹੈ। ਇਸ ਦਾ ਮਕਸਦ ਹੈ ਕਿ ਦਿਵਿਆਂਗ ਅਤੇ ਬਜ਼ੁਰਗ ਬਿਨਾਂ ਕਿਸੇ ਰੁਕਾਵਟ ਦੇ ਜ਼ਿੰਦਗੀ ਜੀਅ ਸਕਣ। ਮਾਹਰ ਮੰਨਦੇ ਹਨ ਕਿ ਅਜਿਹੇ ਮਾਪਦੰਡਾਂ ਦੀ ਲੋੜ ਸਮੇਂ ਦੇ ਨਾਲ ਵਧੀ ਹੈ।