ਰਿਪੋਰਟ ਅਨੁਸਾਰ, ਲਗਪਗ 77 ਫ਼ੀਸਦੀ ਭਾਰਤੀ ਇਸ ਸਾਲ ਗਰਮੀਆਂ ’ਚ ਯਾਤਰਾ ਕਰਨ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇਮੰਦ ਤੇ ਉਤਸ਼ਾਹਿਤ ਹਨ। ਇਹ ਅੰਕੜਾ ਸਪੱਸ਼ਟ ਕਰਦਾ ਹੈ ਕਿ ਹੁਣ ਯਾਤਰਾ ਸਿਰਫ ਲਗਜ਼ਰੀ ਨਹੀਂ, ਬਲਕਿ ਭਾਰਤੀ ਜੀਵਨਸ਼ੈਲੀ ਦਾ ਇਕ ਲਾਜ਼ਮੀ ਹਿੱਸਾ ਬਣ ਚੁੱਕੀ ਹੈ।

ਨਵੀਂ ਦਿੱਲੀ (ਪੀਟੀਆਈ) : ਅੱਜਕਲ੍ਹ ਭਿਆਨਕ ਗਰਮੀ ਕਾਰਨ ਜ਼ਿੰਦਗੀ ਰੁਕ ਗਈ ਹੈ। ਵਧਦੀਆਂ ਭੋਂ-ਸਿਆਸੀ ਹਲਚਲਾਂ ਤੇ ਆਰਥਿਕ ਉਤਰਾਅ-ਚੜ੍ਹਾਅ ਲੋਕਾਂ ਦੀਆਂ ਚੁਣੌਤੀਆਂ ਵਧਾ ਰਹੇ ਹਨ ਪਰ ਇਨ੍ਹਾਂ ਸਭ ਦੇ ਬਾਵਜੂਦ ਇਹ ਭਾਰਤੀਆਂ ਦੇ ਘੁੰਮਣ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕੀਆਂ ਹਨ। ਹਾਲ ਹੀ ਵਿਚ ਜਾਰੀ ਸਕਾਈਸਕੈਨਰ ਦੀ ਸਮਾਰਟਰ ਸਮਰ ਰਿਪੋਰਟ 2026 ਨੇ ਇਕ ਬੇਹੱਦ ਦਿਲਚਸਪ ਤੇ ਪ੍ਰੇਰਣਾਦਾਇਕ ਤਸਵੀਰ ਪੇਸ਼ ਕੀਤੀ ਹੈ। ਰਿਪੋਰਟ ਅਨੁਸਾਰ, ਲਗਪਗ 77 ਫ਼ੀਸਦੀ ਭਾਰਤੀ ਇਸ ਸਾਲ ਗਰਮੀਆਂ ’ਚ ਯਾਤਰਾ ਕਰਨ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇਮੰਦ ਤੇ ਉਤਸ਼ਾਹਿਤ ਹਨ। ਇਹ ਅੰਕੜਾ ਸਪੱਸ਼ਟ ਕਰਦਾ ਹੈ ਕਿ ਹੁਣ ਯਾਤਰਾ ਸਿਰਫ ਲਗਜ਼ਰੀ ਨਹੀਂ, ਬਲਕਿ ਭਾਰਤੀ ਜੀਵਨਸ਼ੈਲੀ ਦਾ ਇਕ ਲਾਜ਼ਮੀ ਹਿੱਸਾ ਬਣ ਚੁੱਕੀ ਹੈ।
ਆਲਮੀ ਤਣਾਅ ਤੇ ਮਹਿੰਗਾਈ ਵਰਗੇ ਕਾਰਕਾਂ ਦੇ ਬਾਵਜੂਦ, ਭਾਰਤੀਆਂ ਦਾ ਟ੍ਰੈਵਲ ਕਾਨਫੀਡੈਂਸ ਸਿਖਰ ’ਤੇ ਹੈ। ਰਿਪੋਰਟ ’ਚ ਸ਼ਾਮਲ ਦੋ ਹਜ਼ਾਰ ਲੋਕਾਂ ’ਚੋਂ ਲਗਪਗ 90 ਫ਼ੀਸਦੀ ਨੇ ਜਾਂ ਤਾਂ ਆਪਣੀਆਂ ਛੁੱਟੀਆਂ ਪਲਾਨ ਕਰ ਲਈਆਂ ਹਨ ਜਾਂ ਪਹਿਲਾਂ ਹੀ ਬੁਕਿੰਗ ਪੂਰੀ ਕਰ ਚੁੱਕੇ ਹਨ। ਇਹ ਸਿਰਫ ਅੰਕੜਿਆਂ ਦੀ ਖੇਡ ਨਹੀਂ, ਬਲਕਿ ਉਸ ਬਦਲਦੀ ਮਾਨਸਿਕਤਾ ਦਾ ਪ੍ਰਤੀਕ ਹੈ, ਜਿਥੇ ਭਾਰਤੀ ਹੁਣ ਰੁਕਾਵਟਾਂ ਸਾਹਮਣੇ ਝੁਕਣ ਦੀ ਬਜਾਏ ਉਨ੍ਹਾਂ ਨਾਲ ਤਾਲਮੇਲ ਬਿਠਾਉਣਾ ਸਿੱਖ ਗਏ ਹਨ। ਯਾਤਰਾ ਮਾਹਿਰ ਨੀਲ ਘੋਸ਼ ਦਾ ਕਹਿਣਾ ਹੈ ਕਿ ਭਾਰਤੀ ਸੈਲਾਨੀ ਹੁਣ ਕਦਮ ਪਿੱਛੇ ਨਹੀਂ ਖਿੱਚ ਰਹੇ, ਬਲਕਿ ਉਹ ਪਹਿਲਾਂ ਤੋਂ ਕਿਤੇ ਵੱਧ ਲਚੀਲੇ ਹੋ ਗਏ ਹਨ।
ਭਾਰਤੀਆਂ ਦੇ ਯਾਤਰਾ ਵਿਹਾਰ ’ਚ ਇਕ ਵੱਡੀ ਤਬਦੀਲੀ ਇਹ ਆਈ ਹੈ ਕਿ ਉਹ ਹੁਣ ਭੀੜਭਾੜ ਵਾਲੇ ਰਵਾਇਤੀ ਸੈਲਾਨੀ ਸਥਾਨਾਂ ਤੋਂ ਮੂੰਹ ਮੋੜਨ ਲੱਗੇ ਹਨ। ਰਿਪੋਰਟ ਅਨੁਸਾਰ, 81 ਫ਼ੀਸਦੀ ਸੈਲਾਨੀ ਘੱਟ ਮਸ਼ਹੂਰ ਭਾਵ ਆਫਬੀਟ ਥਾਵਾਂ ’ਤੇ ਜਾਣ ’ਚ ਦਿਲਚਸਪੀ ਦਿਖਾ ਰਹੇ ਹਨ। 60 ਫ਼ੀਸਦੀ ਸੈਲਾਨੀਆਂ ਦੀ ਪਹਿਲ ਅਜਿਹੀਆਂ ਸ਼ਾਂਤ ਥਾਵਾਂ ਹਨ, ਜਿਥੇ ਉਹ ਸਕੂਨ ਨਾਲ ਰਹਿ ਸਕਣ। ਇਹੀ ਕਾਰਨ ਹੈ ਕਿ ਜਿਥੇ ਇਕ ਪਾਸੇ ਬੈਂਕਾਕ (ਥਾਈਲੈਂਡ), ਫੁਕੇਟ (ਥਾਈਲੈਂਡ) ਤੇ ਡੈਨਪਾਸਾਰ (ਇੰਡੋਨੇਸ਼ੀਆ) ਵਰਗੇ ਕੌਮਾਂਤਰੀ ਟਿਕਾਣੇ ਮਸ਼ਹੂਰ ਹਨ, ਉਥੇ ਹੀ ਦੂਜੇ ਪਾਸੇ ਕੋਝੀਕੋਡ, ਦੀਵ, ਪੁਡੂਚੇਰੀ ਤੇ ਜੰਮੂ ਵਰਗੇ ਸ਼ਹਿਰ ਸ਼ਾਂਤੀ-ਸਕੂਨ ਚਾਹੁਣ ਵਾਲਿਆਂ ਲਈ ਇਕ ਨਵੀਂ ਪਸੰਦ ਦੇ ਤੌਰ ’ਤੇ ਉੱਭਰ ਰਹੇ ਹਨ।
ਅੱਜ ਦਾ ਭਾਰਤੀ ਸੈਲਾਨੀ ਸਿਰਫ ਖ਼ੁਦ ਦੇ ਮਨੋਰੰਜਨ ਤੱਕ ਹੀ ਸੀਮਤ ਨਹੀਂ ਹੈ, ਬਲਕਿ ਉਹ ਸਮਾਜਿਕ ਰੂਪ ਨਾਲ ਵੀ ਜਾਗਰੂਕ ਹੋਇਆ ਹੈ। ਇਸ ਸਾਲ ਦੀ ਰਿਪੋਰਟ ’ਚ ਇਕ ਭਾਵੁਕ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ 90 ਫ਼ੀਸਦੀ ਯਾਤਰੀਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਛੁੱਟੀ ਦਾ ਖ਼ਰਚ ਸਥਾਨਕ ਛੋਟੇ ਵਪਾਰੀਆਂ ਤੇ ਉਥੋਂ ਦੇ ਅਰਥਚਾਰੇ ਨੂੰ ਸਹਾਰਾ ਦੇਣ ਵਾਲਾ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਲਗਪਗ 30 ਫ਼ੀਸਦੀ ਲੋਕ ਅਜਿਹੇ ਹਨ, ਜੋ ਘੁੰਮਣ ਦੀ ਯੋਜਨਾ ਰੱਦ ਕਰਨ ਦੀ ਬਜਾਏ ਥਾਂ ਬਦਲਣ ’ਚ ਭਰੋਸਾ ਰੱਖਦੇ ਹਨ ਤਾਂਕਿ ਉਹ ਬਦਲਦੇ ਹਾਲਾਤ ਤੇ ਬਜਟ ਅਨੁਸਾਰ ਆਪਣੇ ਤਜਰਬੇ ਨੂੰ ਬਿਹਤਰ ਬਣਾ ਸਕਣ। 2026 ਦੀ ਇਹ ਗਰਮੀ ਭਾਰਤੀ ਯਾਤਰੀਆਂ ਲਈ ਸਿਰਫ ਇਕ ਛੁੱਟੀ ਨਹੀਂ, ਬਲਕਿ ਉਨ੍ਹਾਂ ਦੀ ਦ੍ਰਿੜ੍ਹ ਇੱਛਸ਼ਕਤੀ ਤੇ ਨਵੀਆਂ ਸੰਭਾਵਨਾਵਾਂ ਨੂੰ ਭਾਲਣ ਦੀ ਇਕ ਨਵੀਂ ਕਹਾਣੀ ਹੈ।