ਭਾਰਤੀ ਮਿਆਰ ਬਿਊਰੋ (BIS) ਨੇ IS 19445:2025 ਦੇ ਨਾਮ ਹੇਠ ਬੰਬ ਨਕਾਰਾ ਪ੍ਰਣਾਲੀਆਂ ਲਈ ਸਟੈਂਡਰਡ ਜਾਰੀ ਕੀਤਾ ਹੈ। ਇਸ ਵਿੱਚ ਧਮਾਕੇ ਦੌਰਾਨ ਪੈਦਾ ਹੋਣ ਵਾਲੇ ਵਿਸਫੋਟ ਅਤੇ ਛਰ੍ਹਿਆਂ (Splinters) ਤੋਂ ਬਚਾਅ ਕਰਨ ਵਾਲੇ ਉਪਕਰਨਾਂ ਦੀ ਸਮਰੱਥਾ ਨੂੰ ਪਰਖਣ ਦੇ ਨਿਯਮ ਤੈਅ ਕੀਤੇ ਗਏ ਹਨ।

ਡਿਜੀਟਲ ਡੈਸਕ, ਨਵੀਂ ਦਿੱਲੀ : ਦੇਸ਼ ਵਿੱਚ ਬੰਬ ਨਕਾਰਾ (Bomb Disposal) ਕਰਨ ਦੇ ਉਪਕਰਨਾਂ ਦੀ ਵਰਤੋਂ ਤੇਜ਼ੀ ਨਾਲ ਵਧੀ ਹੈ। ਇਸ ਦੇ ਬਾਵਜੂਦ, ਇਨ੍ਹਾਂ ਉਪਕਰਨਾਂ ਦੀ ਟੈਸਟਿੰਗ ਅਤੇ ਗੁਣਵੱਤਾ ਲਈ ਦੇਸ਼ ਵਿੱਚ ਕੋਈ ਇਕਸਾਰ ਅਤੇ ਅਧਿਕਾਰਤ ਮਿਆਰ ਮੌਜੂਦ ਨਹੀਂ ਸੀ। ਭਾਰਤ ਨੇ ਪਹਿਲੀ ਵਾਰ ਇਸ ਕਮੀ ਨੂੰ ਦੂਰ ਕਰਦਿਆਂ ਬੰਬ ਨਕਾਰਾ ਪ੍ਰਣਾਲੀਆਂ ਲਈ ਇਕ ਵਿਸ਼ੇਸ਼ ਮਿਆਰ (Standard) ਤਿਆਰ ਕੀਤਾ ਹੈ।
ਭਾਰਤੀ ਮਿਆਰ ਬਿਊਰੋ (BIS) ਨੇ IS 19445:2025 ਦੇ ਨਾਮ ਹੇਠ ਬੰਬ ਨਕਾਰਾ ਪ੍ਰਣਾਲੀਆਂ ਲਈ ਸਟੈਂਡਰਡ ਜਾਰੀ ਕੀਤਾ ਹੈ। ਇਸ ਵਿਚ ਧਮਾਕੇ ਦੌਰਾਨ ਪੈਦਾ ਹੋਣ ਵਾਲੇ ਵਿਸਫੋਟ ਅਤੇ ਛਰ੍ਹਿਆਂ (Splinters) ਤੋਂ ਬਚਾਅ ਕਰਨ ਵਾਲੇ ਉਪਕਰਨਾਂ ਦੀ ਸਮਰੱਥਾ ਨੂੰ ਪਰਖਣ ਦੇ ਨਿਯਮ ਤੈਅ ਕੀਤੇ ਗਏ ਹਨ।
ਇਹ ਭਾਰਤ ਦਾ ਪਹਿਲਾ ਬੰਬ ਨਕਾਰਾ ਸਿਸਟਮ ਸਟੈਂਡਰਡ ਹੈ, ਜਿਸ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਅਤੇ ਟਰਮੀਨਲ ਬੈਲਿਸਟਿਕ ਰਿਸਰਚ ਲੈਬਾਰਟਰੀ (TBRL) ਦੀ ਬੇਨਤੀ 'ਤੇ ਬਣਾਇਆ ਗਿਆ ਹੈ।
ਇਸ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਬੰਬ ਨਕਾਰਾ ਕਰਨ ਦੌਰਾਨ ਵਰਤੇ ਜਾਣ ਵਾਲੇ ਉਪਕਰਨ ਧਮਾਕੇ ਅਤੇ ਛਰ੍ਹਿਆਂ ਦੇ ਅਸਰ ਨੂੰ ਕਿੰਨੀ ਕੁ ਚੰਗੀ ਤਰ੍ਹਾਂ ਰੋਕ ਸਕਦੇ ਹਨ। ਭਾਰਤ ਨੂੰ ਆਪਣੇ ਖੁਦ ਦੇ ਮਿਆਰ ਦੀ ਲੋੜ ਸੀ ਕਿਉਂਕਿ ਅੰਤਰਰਾਸ਼ਟਰੀ ਮਿਆਰ ਬਹੁਤ ਮਹਿੰਗੇ ਜਾਂ ਸੀਮਤ ਹਨ। ਵਿਦੇਸ਼ੀ ਮਿਆਰ ਭਾਰਤੀ ਖਤਰਿਆਂ ਜਿਵੇਂ ਕਿ IED ਅਤੇ ਗ੍ਰਨੇਡਾਂ ਦੇ ਅਨੁਕੂਲ ਨਹੀਂ ਸਨ। ਨਵਾਂ ਮਿਆਰ ਭਾਰਤੀ ਸੁਰੱਖਿਆ ਬਲਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਤਿਆਰ ਕੀਤਾ ਗਿਆ ਹੈ।
ਇਹ ਮਿਆਰ ਮੁੱਖ ਤੌਰ 'ਤੇ ਤਿੰਨ ਪ੍ਰਣਾਲੀਆਂ 'ਤੇ ਲਾਗੂ ਹੋਵੇਗਾ:
ਬੰਬ ਬਲੈਂਕੇਟ (Bomb Blanket)
ਬੰਬ ਬਾਸਕੇਟ (Bomb Basket)
ਬੰਬ ਇਨ੍ਹੀਬੀਟਰ (Bomb Inhibitor)
IS 19445:2025 ਸਪੱਸ਼ਟ ਤੌਰ 'ਤੇ ਦੱਸਦਾ ਹੈ- ਟੈਸਟ ਰੇਂਜ ਦੀਆਂ ਜ਼ਰੂਰਤਾਂ। ਟੈਸਟਿੰਗ ਟੂਲਸ ਅਤੇ ਸੈੱਟਅੱਪ ਟੈਸਟ ਹਾਲਾਤ ਦੀ ਤਿਆਰੀ, ਮੁਲਾਂਕਣ ਮਾਪਦੰਡ, ਬੰਬ ਧਮਾਕਾ ਤੇ ਸਪਲਿੰਟਰ ਦੇ ਅਸਰ ਨੂੰ ਨਾਪਣ ਦੀ ਪ੍ਰਕਿਰਿਆ ਯਾਨੀ ਹੁਣ ਦੇਸ਼ ਭਰ ਵਿੱਚ ਬੰਬ ਨਕਾਰਾ ਪ੍ਰਣਾਲੀਆਂ ਦੀ ਜਾਂਚ ਇੱਕੋ ਜਿਹੀ ਅਤੇ ਵਿਗਿਆਨਕ ਹੋਵੇਗੀ। ਇਸ ਦਾ ਮਤਲਬ ਹੈ ਕਿ ਹੁਣ ਬੰਬ ਡਿਸਪੋਜ਼ਲ ਸਿਸਟਮ ਦਾ ਪੂਰਾ ਪ੍ਰੀਖਣ ਤੰਤਰ ਵਿਗਿਆਨਕ, ਦੁਹਰਾਉਣ ਯੋਗ ਤੇ ਦੇਸ਼ ਭਰ ਵਿਚ ਇਕ ਸਮਾਨ ਹੋਵੇਗਾ।
ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਇਹ ਮਿਆਰ ਫਿਲਹਾਲ ਸਵੈ-ਇੱਛਤ (Voluntary) ਅਪਣਾਉਣ ਲਈ ਹੈ। ਇਸ ਦੇ ਲਾਗੂ ਹੋਣ ਨਾਲ ਨਿਰਮਾਣ ਦੀ ਗੁਣਵੱਤਾ 'ਚ ਸੁਧਾਰ ਆਵੇਗਾ ਤੇ ਸੁਰੱਖਿਆ ਮੁਹਿੰਮਾਂ ਵਿੱਚ ਤਾਇਨਾਤ ਟੀਮਾਂ ਦਾ ਭਰੋਸਾ ਮਜ਼ਬੂਤ ਹੋਵੇਗਾ।