ਆਰਮੀ ਚੀਫ਼ ਦੀ ਪਾਕਿਸਤਾਨ ਨੂੰ ਚਿਤਾਵਨੀ; ਸੁਧਰ ਜਾਵੇ, ਨਹੀਂ ਤਾਂ ਤੈਅ ਕਰੇ 'ਭੂਗੋਲ ਦਾ ਹਿੱਸਾ ਰਹਿਣਾ ਹੈ ਜਾਂ ਇਤਿਹਾਸ ਦਾ'
ਦਿੱਲੀ ਦੇ ਮਾਨੇਕਸ਼ਾ ਸੈਂਟਰ 'ਚ 'ਯੂਨੀਫਾਰਮ ਅਨਵੇਲਡ' ਵੱਲੋਂ ਕਰਵਾਏ ਇਕ ਸੰਵਾਦਾਤਮਕ ਸੈਸ਼ਨ ਵਿਚ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਤੋਂ ਪੁੱਛਿਆ ਗਿਆ ਕਿ ਜੇਕਰ ਪਿਛਲੇ ਸਾਲ ਆਪ੍ਰੇਸ਼ਨ ਸਿੰਦੂਰ ਨੂੰ ਜਨਮ ਦੇਣ ਵਾਲੀਆਂ ਪਰਿਸਥਿਤੀਆਂ ਮੁੜ ਪੈਦਾ ਹੁੰਦੀਆਂ ਹਨ ਤਾਂ ਭਾਰਤੀ ਫ਼ੌਜ ਕਿਵੇਂ ਪ੍ਰਤੀਕਿਰਿਆ ਦੇਵੇਗੀ?
Publish Date: Sat, 16 May 2026 03:37 PM (IST)
Updated Date: Sat, 16 May 2026 03:42 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ: ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਨੇ ਪਾਕਿਸਤਾਨ ਨੂੰ ਸਖ਼ਤ ਫ਼ੌਜੀ ਸੰਦੇਸ਼ ਦਿੰਦੇ ਹੋਏ ਸ਼ਨੀਵਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਸਨੇ ਭਾਰਤ ਖ਼ਿਲਾਫ਼ ਅੱਤਵਾਦੀਆਂ ਨੂੰ ਪਨਾਹ ਦੇਣੀ ਤੇ ਆਪਣੀਆਂ ਨਾਪਾਕ ਹਰਕਤਾਂ ਜਾਰੀ ਰੱਖੀਆਂ ਤਾਂ ਉਸਨੂੰ ਤੈਅ ਕਰਨਾ ਪਵੇਗਾ ਕਿ ਉਹ ਭੂਗੋਲ ਦਾ ਹਿੱਸਾ ਬਣਿਆ ਰਹਿਣਾ ਚਾਹੁੰਦਾ ਹੈ ਜਾਂ ਇਤਿਹਾਸ ਦਾ। ਇਹ ਬਿਆਨ ਦਿੱਲੀ ਵਿਚ 'ਯੂਨੀਫਾਰਮ ਅਨਵੇਲਡ' ਦੇ ਇਕ ਸੈਸ਼ਨ 'ਚ ਭਾਰਤ ਖ਼ਿਲਾਫ਼ ਉਸਦੀਆਂ ਨਾਪਾਕ ਹਰਕਤਾਂ 'ਤੇ ਪ੍ਰਤੀਕਿਰਿਆ ਦੇ ਸੰਦਰਭ 'ਚ ਦਿੱਤਾ ਗਿਆ।
ਦਰਅਸਲ, ਦਿੱਲੀ ਦੇ ਮਾਨੇਕਸ਼ਾ ਸੈਂਟਰ 'ਚ 'ਯੂਨੀਫਾਰਮ ਅਨਵੇਲਡ' ਵੱਲੋਂ ਕਰਵਾਏ ਇਕ ਸੰਵਾਦਾਤਮਕ ਸੈਸ਼ਨ ਵਿਚ ਫ਼ੌਜ ਮੁਖੀ ਜਨਰਲ ਉਪੇਂਦਰ ਦਿਵੇਦੀ ਤੋਂ ਪੁੱਛਿਆ ਗਿਆ ਕਿ ਜੇਕਰ ਪਿਛਲੇ ਸਾਲ ਆਪ੍ਰੇਸ਼ਨ ਸਿੰਦੂਰ ਨੂੰ ਜਨਮ ਦੇਣ ਵਾਲੀਆਂ ਪਰਿਸਥਿਤੀਆਂ ਮੁੜ ਪੈਦਾ ਹੁੰਦੀਆਂ ਹਨ ਤਾਂ ਭਾਰਤੀ ਫ਼ੌਜ ਕਿਵੇਂ ਪ੍ਰਤੀਕਿਰਿਆ ਦੇਵੇਗੀ?
ਇਸਦਾ ਜਵਾਬ ਦਿੰਦੇ ਹੋਏ ਆਰਮੀ ਚੀਫ਼ ਨੇ ਕਿਹਾ ਕਿ ਪਿਛਲੇ ਸਾਲ ਆਪ੍ਰੇਸ਼ਨ ਸਿੰਦੂਰ ਵਰਗੀ ਸਥਿਤੀ ਫਿਰ ਬਣੀ ਤਾਂ ਭਾਰਤੀ ਫ਼ੌਜ ਉਸੇ ਤਰ੍ਹਾਂ ਜਾਂ ਉਸ ਤੋਂ ਵੀ ਮਜ਼ਬੂਤ ਜਵਾਬ ਦੇਵੇਗੀ। ਉਹਨਾਂ ਦਾ ਇਹ ਸੰਦੇਸ਼ ਪਾਕਿਸਤਾਨ ਦੇ ਲਈ ਸਾਫ਼ ਚਿਤਾਵਨੀ ਹੈ ਕਿ ਭਾਰਤ ਅੱਤਵਾਦ ਬਰਦਾਸ਼ਤ ਨਹੀਂ ਕਰੇਗਾ।
ਪਾਕਿਸਤਾਨ ਨੂੰ ਬਦਲਣੀ ਹੋਵੇਗੀ ਨੀਤੀ
ਗੌਰਤਲਬ ਹੈ ਕਿ ਆਰਮੀ ਚੀਫ਼ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਦੇਸ਼ ਆਪ੍ਰੇਸ਼ਨ ਸਿੰਦੂਰ ਦੀ ਪਹਿਲੀ ਵਰ੍ਹੇਗੰਢ ਮਨਾ ਰਿਹਾ ਹੈ। ਸੈਨਾ ਸੰਵਾਦ ਪ੍ਰੋਗਰਾਮ 'ਚ ਆਰਮੀ ਚੀਫ਼ ਜਨਰਲ ਉਪੇਂਦਰ ਦਿਵੇਦੀ ਨੇ ਕਿਹਾ ਕਿ ਪਾਕਿਸਤਾਨ ਨੂੰ ਆਪਣੀ ਨੀਤੀ ਬਦਲਣੀ ਹੋਵੇਗੀ।
ਕਦੋਂ ਹੋਇਆ ਸੀ ਆਪ੍ਰੇਸ਼ਨ ਸਿੰਦੂਰ?
ਦੱਸ ਦੇਈਏ ਕਿ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ 'ਚ ਭਾਰਤੀ ਫ਼ੌਜ ਨੇ ਪਿਛਲੇ ਸਾਲ 7 ਮਈ ਦੀ ਸਵੇਰ ਨੂੰ ਆਪ੍ਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ, ਜਿਸ ਵਿਚ ਭਾਰਤੀ ਫ਼ੌਜ ਨੇ ਪਾਕਿਸਤਾਨ 'ਚ ਕਈ ਅੱਤਵਾਦੀ ਢਾਂਚਿਆਂ ਨੂੰ ਨਸ਼ਟ ਕਰ ਦਿੱਤਾ ਸੀ। ਇਹ ਹਮਲੇ ਆਪ੍ਰੇਸ਼ਨ ਸਿੰਦੂਰ ਤਹਿਤ ਹੀ ਕੀਤੇ ਗਏ ਸਨ।
ਬਾਅਦ 'ਚ ਪਾਕਿਸਤਾਨ ਨੇ ਵੀ ਭਾਰਤ ਖ਼ਿਲਾਫ਼ ਹਮਲੇ ਸ਼ੁਰੂ ਕੀਤੇ। ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿਚਕਾਰ ਕਰੀਬ 88 ਘੰਟਿਆਂ ਤੱਕ ਫ਼ੌਜੀ ਸੰਘਰਸ਼ ਚੱਲਿਆ ਅਤੇ 10 ਮਈ ਦੀ ਸ਼ਾਮ ਨੂੰ ਉਹਨਾਂ ਦੇ ਵਿਚਕਾਰ ਇੱਕ ਸਮਝੌਤੇ 'ਤੇ ਪਹੁੰਚਣ ਤੋਂ ਬਾਅਦ ਰੁਕ ਗਿਆ।