ਗਣਤੰਤਰ ਦਿਵਸ 'ਤੇ ਦਿਖੇਗੀ ਭਾਰਤ ਦੀ ਸ਼ਾਨ: ‘ਵੰਦੇ ਮਾਤਰਮ’ ਥੀਮ ਹੇਠ ਨਿਕਲਣਗੀਆਂ 30 ਵਿਸ਼ੇਸ਼ ਝਾਂਕੀਆਂ; ਸੂਬਿਆਂ ਤੇ ਮੰਤਰਾਲਿਆਂ ਦੇ ਸੱਭਿਆਚਾਰ ਦਾ ਹੋਵੇਗਾ ਸੰਗਮ
ਗਣਤੰਤਰ ਦਿਵਸ ਪਰੇਡ ’ਚ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਹੁੰਦੀਆਂ ਹਨ ਰੰਗ-ਬਿਰੰਗੀਆਂ ਝਾਕੀਆਂ। ਸੱਭਿਆਚਾਰਕ ਵਿਰਾਸਤ ਤੇ ਵਿਕਾਸਸ਼ੀਲ ਉਪਲੱਬਧੀਆਂ ਦਾ ਜੀਵੰਤ ਪ੍ਰਦਰਸ਼ਨ ਕਰਨ ਵਾਲੀਆਂ ਇਨ੍ਹਾਂ ਝਾਕੀਆਂ ਦਾ ਸਭ ਤੋਂ ਵੱਧ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਤਾਂ ਤਿਆਰ ਰਹੋ, ਇਸ ਵਾਰ 77ਵੇਂ ਗਣਤੰਤਰ ਦਿਵਸ ਮੌਕੇ ਕਰਤੱਵਿਆ ਪਥ ’ਤੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਥੀਮ ਆਧਾਰਿਤ 30 ਝਾਕੀਆਂ ਦਾ ਪ੍ਰਦਰਸ਼ਨ ਹੋਵੇਗਾ। ਆਖਰ ਹੋਵੇ ਵੀ ਕਿਉਂ ਨਾ, ਦੇਸ਼ ਇਸ ਸਾਲ ‘ਵੰਦੇ ਮਾਤਰਮ’ ਦੇ 150 ਸਾਲ ਜੋ ਪੂਰੇ ਕਰ ਰਿਹਾ ਹੈ।
Publish Date: Sun, 18 Jan 2026 01:31 PM (IST)
Updated Date: Sun, 18 Jan 2026 01:32 PM (IST)

ਨਵੀਂ ਦਿੱਲੀ (ਏਐੱਨਆਈ) : ਗਣਤੰਤਰ ਦਿਵਸ ਪਰੇਡ ’ਚ ਸਭ ਤੋਂ ਵੱਧ ਆਕਰਸ਼ਣ ਦਾ ਕੇਂਦਰ ਹੁੰਦੀਆਂ ਹਨ ਰੰਗ-ਬਿਰੰਗੀਆਂ ਝਾਕੀਆਂ। ਸੱਭਿਆਚਾਰਕ ਵਿਰਾਸਤ ਤੇ ਵਿਕਾਸਸ਼ੀਲ ਉਪਲੱਬਧੀਆਂ ਦਾ ਜੀਵੰਤ ਪ੍ਰਦਰਸ਼ਨ ਕਰਨ ਵਾਲੀਆਂ ਇਨ੍ਹਾਂ ਝਾਕੀਆਂ ਦਾ ਸਭ ਤੋਂ ਵੱਧ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਤਾਂ ਤਿਆਰ ਰਹੋ, ਇਸ ਵਾਰ 77ਵੇਂ ਗਣਤੰਤਰ ਦਿਵਸ ਮੌਕੇ ਕਰਤੱਵਿਆ ਪਥ ’ਤੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੇ ਥੀਮ ਆਧਾਰਿਤ 30 ਝਾਕੀਆਂ ਦਾ ਪ੍ਰਦਰਸ਼ਨ ਹੋਵੇਗਾ। ਆਖਰ ਹੋਵੇ ਵੀ ਕਿਉਂ ਨਾ, ਦੇਸ਼ ਇਸ ਸਾਲ ‘ਵੰਦੇ ਮਾਤਰਮ’ ਦੇ 150 ਸਾਲ ਜੋ ਪੂਰੇ ਕਰ ਰਿਹਾ ਹੈ। ਇਨ੍ਹਾਂ ਝਾਕੀਆਂ ਦਾ ਵਿਸ਼ਾ ‘ਸਵਤੰਤਰਤਾ ਦਾ ਮੰਤਰ-ਵੰਦੇ ਮਾਤਰਮ’ ਤੇ ‘ਤਰੱਕੀ ਦਾ ਮੰਤਰ-ਆਤਮਨਿਰਭਰ ਭਾਰਤ’ ਹੋਵੇਗਾ। ਭਾਵ ਰਵਾਇਤ ਤੇ ਨਵੀਨਤਾ ਦਾ ਸੰਗਮ ਦੇਖਣ ਨੂੰ ਮਿਲੇਗਾ।
ਕੁੱਲ 30 ਝਾਕੀਆਂ ’ਚੋਂ 17 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਹੋਣਗੀਆਂ ਜਦਕਿ 13 ਝਾਕੀਆਂ ਵੱਖ-ਵੱਖ ਮੰਤਰਾਲਿਆਂ, ਵਿਭਾਗਾਂ ਵੱਲੋਂ ਪੇਸ਼ ਕੀਤੀਆਂ ਜਾਣਗੀਆਂ। ਕਈ ਸੂਬੇ ਆਪਣੀ ਸ਼ਾਨਦਾਰ ਸੱਭਿਆਚਾਰਕ ਪਛਾਣ ਤੇ ਵਿਕਾਸ ਦੀਆਂ ਕਹਾਣੀਆਂ ਨੂੰ ਇਨ੍ਹਾਂ ਝਾਕੀਆਂ ਰਾਹੀਂ ਦਰਸਾਉਣਗੇ। ਅਸਾਮ ਦੀ ਝਾਕੀ ’ਚ ਆਸ਼ਿਰਕੰਡੀ, ਕਾਰੀਗਰਾਂ ਦਾ ਪਿੰਡ ਦਿਖਾਇਆ ਜਾਵੇਗਾ ਜਦਕਿ ਗੁਜਰਾਤ ਤੇ ਛੱਤੀਸਗੜ੍ਹ ‘ਵੰਦੇ ਮਾਤਰਮ’ ਵਿਸ਼ੇ ਦਾ ਵਰਨਣ ਕਰਨਗੇ। ਮਹਾਰਾਸ਼ਟਰ ਗਣੇਸ਼ ਉਤਸਵ ਨੂੰ ਆਤਮਨਿਰਭਰਤਾ ਦੇ ਪ੍ਰਤੀਕ ਦੇ ਰੂਪ ’ਚ ਪ੍ਰਦਰਸ਼ਿਤ ਕਰੇਗਾ ਤਾਂ ਓਧਰ, ਬੰਗਾਲ ਭਾਰਤ ਦੇ ਆਜ਼ਾਦੀ ਅੰਦੋਲਨ ’ਚ ਬੰਗਾਲ ਦੀ ਭੂਮਿਕਾ ਨੂੰ ਦਰਸਾਏਗਾ।
ਪਰੰਪਰਾ ਤੇ ਨਵੀਨਤਾ ਦਾ ਸੰਗਮ ਕਈ ਝਾਕੀਆਂ ’ਚ ਦੇਖਣ ਨੂੰ ਮਿਲੇਗਾ। ਓਡੀਸ਼ਾ ਦੀ ‘ਸੋਇਲ ਟੂ ਸਿਲਿਕਾਨ’ ਝਾਕੀ ਪਰੰਪਰਾ ’ਚ ਸ਼ਾਮਲ ਵਿਕਾਸ ਨੂੰ ਦਰਸਾਏਗੀ, ਤਾਮਿਲਨਾਡੂ ਭਾਰਤ ਦੇ ਈਵੀ ਨਿਰਮਾਣ ਕੇਂਦਰ ਦੇ ਰੂਪ ’ਚ ਉਭਰਨ ਦਾ ਪ੍ਰਦਰਸ਼ਨ ਕਰੇਗਾ ਤੇ ਕੇਰਲ ਆਪਣੀਆਂ ਜਲ ਮੈਟਰੋ ਤੇ 100 ਫ਼ੀਸਦੀ ਡਿਜੀਟਲ ਸ਼ਾਸਨ ਤਰਜੀਹਾਂ ਨੂੰ ਸਭ ਦੇ ਸਾਹਮਣੇ ਰੱਖੇਗਾ। ਨਾਗਾਲੈਂਡ ਦੀ ਝਾਕੀ ਹੰਰਨਬਿਲ ਮਹਾ ਉਤਸਵ ਨੂੰ ਸੱਭਿਆਚਾਰ, ਸੈਲਾਨੀ ਤੇ ਆਤਮਨਿਰਭਰਤਾ ਦੇ ਪ੍ਰਤੀਕ ਦੇ ਰੂਪ ’ਚ ਪ੍ਰਦਰਸ਼ਿਤ ਕਰੇਗਾ।
ਕੇਂਦਰੀ ਮੰਤਰਾਲਿਆਂ ’ਚ ਸੰਸਕ੍ਰਿਤੀ ਮੰਤਰਾਲੇ ਦੀ ‘ਵੰਦੇ ਮਾਤਰਮ : ਦ ਸੋਲ-ਕ੍ਰਾਈ ਆਫ ਏ ਨੇਸ਼ਨ’ ਝਾਕੀ ਕੇਂਦਰੀ ਵਿਸ਼ੇ ਨੂੰ ਕੇਂਦਰਿਤ ਕਰੇਗੀ, ਜਦਕਿ ਰੱਖਿਆ ਮੰਤਰਾਲੇ ਵੱਲੋਂ ਆਪ੍ਰੇਸ਼ਨ ਸਿੰਧੂਰ ’ਤੇ ਤ੍ਰਿਸੇਵਾ ਝਾਕੀ ਪੇਸ਼ ਕੀਤੀ ਜਾਵੇਗੀ, ਜੋ ਤਿੰਨਾਂ ਫ਼ੌਜਾਂ ਦੀ ਸਾਂਝ ਦਾ ਪ੍ਰਤੀਕ ਹੋਵੇਗੀ। ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਫੁੱਲਾਂ ਦੀ ਝਾਕੀ ਕੱਢੀ ਜਾਵੇਗੀ, ਜੋ ਕਿ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੀ ਅਹਿਮੀਅਤ ਦਿਖਾਏਗੀ।
ਪੂਰੇ ਦੇਸ਼ ਦੇ 2500 ਕਲਾਕਾਰ ਦੇਣਗੇ ਸੱਭਿਆਚਾਰਕ ਪੇਸ਼ਕਾਰੀਆਂ
ਝਾਕੀਆਂ ਤੋਂ ਇਲਾਵਾ ਦੇਸ਼ ਭਰ ਦੇ ਲਗਪਗ 2500 ਕਲਾਕਾਰਾਂ ਵੱਲੋਂ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ ਜਾਣਗੀਆਂ। ਪਰੇਡ ’ਚ ਕੁੱਲ 18 ਮਾਰਚਿੰਗ ਟੁਕੜੀਆਂ ਤੇ 13 ਬੈਂਡ ਸ਼ਾਮਲ ਹੋਣਗੇ। ਫ਼ੌਜ ਦੀ ਨਵੀਂ ਭੈਰਵ ਬਟਾਲੀਅਨ ਵੀ ਪਰੇਡ ’ਚ ਸ਼ਾਮਲ ਹੋਵੇਗੀ। ਕੁਲ ਮਿਲਾ ਕੇ ਗਣਤੰਤਰ ਦਿਵਸ ਪਰੇਡ ਭਾਰਤ ਦੀ ਵਿਰਾਸਤ, ਏਕਤਾ ਤੇ ਤਰੱਕੀ ਦਾ ਉਤਸਵ ਬਣੇਗੀ। ਇਸ ਸਾਲ, ਯੂਰਪੀ ਪ੍ਰੀਸ਼ਦ ਦੇ ਪ੍ਰਧਾਨ ਏਂਟੋਨੀਓ ਕੋਸਟਾ ਤੇ ਯੂਰਪੀ ਕਮਿਸ਼ਨ ਦੀ ਪ੍ਰਧਾਨ ਅਰਸੁਲਾ ਵਾਨ ਡੇਰ ਲੇਯੇਨ ਗਣਤੰਤਰ ਦਿਵਸ ਪਰੇਡ ਦੇ ਮੁੱਖ ਮਹਿਮਾਨ ਹੋਣਗੇ।