India China Border News : ਸਰਹੱਦੀ ਵਿਵਾਦ ਜਾਣਨ ਲਈ ਸਮਝੋ LoC, LAC ਤੇ ਇੰਟਰਨੈਸ਼ਨਲ ਬਾਰਡਰ ਵਿਚਕਾਰ ਫ਼ਰਕ
ਕਦੀ ਚੀਨ ਨਾਲ ਭਾਰਤ ਦਾ LAC ਨੂੰ ਲੈ ਕੇ ਤੇ ਕਦੀ ਪਾਕਿਸਤਾਨ ਨਾਲ LoC ਕਾਰਨ ਵਿਵਾਦ। ਇਸ ਵਿਵਾਦ ਦੀਆਂ ਜੜ੍ਹਾਂ ਨੂੰ ਸਮਝਣ ਲਈ ਬੇਹੱਦ ਜ਼ਰੂਰੀ ਹੈ ਕਿ ਅਸੀਂ ਦੇਸ਼ ਦੀਆਂ ਸਰਹੱਦਾਂ ਤਿੰਨ ਤਰ੍ਹਾਂ ਨਾਲ ਵੰਡੀਆਂ ਹਨ।
Publish Date: Sun, 21 Jun 2020 01:09 PM (IST)
Updated Date: Sun, 21 Jun 2020 03:49 PM (IST)
ਜੇਐੱਨਐੱਨ, ਨਵੀਂ ਦਿੱਲੀ : ਕਦੀ ਚੀਨ ਨਾਲ ਭਾਰਤ ਦਾ LAC ਨੂੰ ਲੈ ਕੇ ਤੇ ਕਦੀ ਪਾਕਿਸਤਾਨ ਨਾਲ LoC ਕਾਰਨ ਵਿਵਾਦ। ਇਸ ਵਿਵਾਦ ਦੀਆਂ ਜੜ੍ਹਾਂ ਨੂੰ ਸਮਝਣ ਲਈ ਬੇਹੱਦ ਜ਼ਰੂਰੀ ਹੈ ਕਿ ਅਸੀਂ ਦੇਸ਼ ਦੀਆਂ ਸਰਹੱਦਾਂ ਤਿੰਨ ਤਰ੍ਹਾਂ ਨਾਲ ਵੰਡੀਆਂ ਹਨ। ਇਨ੍ਹਾਂ ਹੱਦਾਂ ਨੂੰ ਕਿਤੇ LoC, ਕਿਤੇ LAC ਤਾਂ ਕਿਤੇ ਕੌਮਾਂਤਰੀ ਸਰਹੱਦ ਕਿਹਾ ਜਾਂਦਾ ਹੈ। ਆਓ ਜਾਣਦੇ ਹਾਂ...ਕੀ ਹੈ ਇਨ੍ਹਾਂ ਤਿਨਾਂ ਵਿਚਕਾਰ ਅੰਤਰ ਤੇ ਕਿਉਂ ਗੁਆਂਢੀ ਮੁਲਕਾਂ ਸਮੇਤ ਇਸ ਨੂੰ ਲੈ ਕੇ ਹਮੇਸ਼ਾ ਵਿਵਾਦ ਹੁੰਦਾ ਰਹਿੰਦਾ ਹੈ।
ਅੰਤਰਰਾਸ਼ਟਰੀ ਸਰਹੱਦ (International Border)
ਅੰਤਰਰਾਸ਼ਟਰੀ ਸਰਹੱਦ ਕਿਸੇ ਵੀ ਦੇਸ਼ ਦੀ ਉਸ ਸਰਹੱਦ ਨੂੰ ਕਿਹਾ ਜਾਂਦਾ ਹੈ ਜਿਹੜੀ ਹੋਰ ਗੁਆਂਢੀ ਮੁਲਕਾਂ ਨਾਲੋਂ ਸਪੱਸ਼ਟ ਤੌਰ 'ਤੇ ਅਲੱਗ ਕਰਦੀ ਹੈ। ਇੰਟਰਨੈਸ਼ਨਲ ਬਾਰਡਰ, ਰੈੱਡਕਲਿੱਫ ਲਾਈਨ 'ਤੇ ਸਥਿਤ ਹੈ। ਇਸ ਨੂੰ ਕੌਮਾਂਤਰੀ ਸਰਹੱਦ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਦੁਨੀਆ ਭਰ 'ਚ ਇਸ ਸਰਹੱਦ ਦੀ ਮਨਜ਼ੂਰੀ ਮਿਲੀ ਹੁੰਦੀ ਹੈ। ਮਤਲਬ ਇਹ ਇਕ ਸਪੱਸ਼ਟ ਸਰਹੱਦ ਹੁੰਦੀ ਹੈ ਜਿਸ ਨੂੰ ਲੈ ਕੇ ਕਿਸੇ ਗੁਆਂਢੀ ਮੁਲਕ ਨਾਲ ਕੋਈ ਵਿਵਾਦ ਨਹੀਂ ਹੁੰਦਾ। ਭਾਰਤ ਦੀ ਕੌਮਾਂਤਰੀ ਸਰਹੱਦ ਗੁਜਰਾਤ ਦੇ ਸਮੁੰਦਰ ਤੋਂ ਸ਼ੁਰੂ ਹੋ ਕੇ ਰਾਜਸਥਾਨ, ਪੰਜਾਬ ਤੇ ਜੰਮੂ ਤਕ ਜਾਂਦੀ ਹੈ। ਕੌਮਾਂਤਰੀ ਸਰਹੱਦ ਭਾਰਤ ਨੂੰ ਪਾਕਿਸਤਾਨ ਦੇ ਚਾਰ ਸੂਬਿਆਂ ਨਾਲੋਂ ਅਲੱਗ ਕਰਦੀ ਹੈ। ਇਹ ਸੂਬੇ ਹਨ ਕਸ਼ਮੀਰ, ਵਾਹਗਾ ਤੇ ਭਾਰਤ-ਪਾਕਿਸਤਾਨ ਦਾ ਪੰਜਾਬ ਖੇਤਰ। ਭਾਰਤ ਤੇ ਪਾਕਿਸਤਾਨ ਤੋਂ ਇਲਾਵਾ ਦੇਸ਼ ਦੀਆਂ ਕੌਮਾਂਤਰੀ ਸਰਹੱਦਾਂ ਮਿਆਂਮਾਰ, ਬੰਗਲਾਦੇਸ਼ ਤੇ ਭੂਟਾਨ ਨਾਲ ਵੀ ਮਿਲਦੀਆਂ ਹਨ।
ਕੰਟਰੋਲ ਲਾਈਨ (LoC)
ਕੰਟਰੋਲ ਲਾਈਨ ਜਾਂ ਲਾਈਨ ਆਫ ਕੰਟਰੋਲ, ਦੋ ਦੇਸ਼ਾਂ ਵਿਚਕਾਰ ਫ਼ੌਜੀ ਸਮਝੌਤਿਆਂ ਤਹਿਤ ਅਧਿਕਾਰਤ ਤੌਰ 'ਤੇ ਨਿਰਧਾਰਤ ਕੀਤੀ ਗਈ ਸਰਹੱਦ ਹੈ। ਹਾਲਾਂਕਿ, ਕੌਮਾਂਤਰੀ ਭਾਈਚਾਰਾ ਇਸ ਨੂੰ ਨਹੀਂ ਮੰਨਦਾ। ਭਾਰਤ-ਪਾਕਿਸਤਾਨ ਵਿਚਕਾਰਲੀ ਮੌਜੂਦਾ ਸਰਹੱਦ ਨੂੰ ਲਾਈਨ ਆਫ ਕੰਟਰੋਲ ਕਿਹਾ ਜਾਂਦਾ ਹੈ। ਜਦੋਂ ਸਾਲ 1947 'ਚ ਭਾਰਤ-ਪਾਕਿਸਤਾਨ ਦੀ ਵੰਡ ਹੋਈ, ਉਦੋਂ ਪੂਰਾ ਕਸ਼ਮੀਰ ਭਾਰਤ ਦਾ ਹਿੱਸਾ ਸੀ। ਲਗਾਤਾਰ ਸਰਹੱਦੀ ਵਿਵਾਦ ਨੂੰ ਦੇਖਦੇ ਹੋਏ ਸਾਲ 1948 'ਚ ਦੋਵਾਂ ਦੇਸ਼ਾਂ ਨੇ ਆਪਸੀ ਸਹਿਮਤੀ ਨਾਲ ਲਾਈਨ ਆਫ ਕੰਟਰੋਲ ਨਿਰਧਾਰਤ ਕੀਤੀ ਸੀ। ਬਾਵਜੂਦ ਇਸ ਦੇ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ ਤੇ ਸਾਲ 1971 'ਚ ਉਸ ਨੇ ਕਸ਼ਮੀਰ ਦੇ ਇਕ ਵੱਡੇ ਹਿੱਸੇ 'ਤੇ ਨਾਜਾਇਜ਼ ਕਬਜ਼ਾ ਕਰ ਲਿਆ, ਜਿਸ ਨੂੰ ਹੁਣ ਮਕਬੂਜ਼ਾ ਕਸ਼ਮੀਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਇਸ ਜੰਗ ਤੋਂ ਬਾਅਦ ਸਾਲ 1972 'ਚ ਭਾਰਤ-ਪਾਕਿ ਵਿਚਕਾਰ ਸ਼ਿਮਲਾ ਸਮਝੌਤਾ ਹੋਇਆ ਜਿਸ ਵਿਚ ਦੋਵਾਂ ਪਾਸਿਓਂ ਫ਼ੌਜ ਨੇ ਨਕਸ਼ੇ 'ਤੇ ਲਾਈਨ ਬਣਾ ਕੇ ਲਾਈਨ ਆਫ ਕੰਟਰੋਲ (LoC) ਨਿਰਧਾਰਤ ਕਰ ਦਿੱਤੀ ਗਈ। ਹਾਲਾਂਕਿ ਇਹ ਅਧਿਕਾਰਤ ਸਰਹੱਦ ਨਹੀਂ ਹੁੰਦੀ। LoC ਫ਼ੌਜ ਦੇ ਕੰਟਰੋਲ ਵਾਲਾ ਉਹ ਹਿੱਸਾ ਹੈ, ਜੋ ਵਿਵਾਦਤ ਹਿੱਸੇ ਤੋਂ ਦੂਰ ਰਹਿਣ ਲਈ ਨਿਰਧਾਰਤ ਹੈ।
ਅਸਲ ਕੰਟਰੋਲ ਲਾਈਨ (LAC)
ਅਸਲ ਕੰਟਰੋਲ ਲਾਈਨ (ਲਾਈਨ ਆਫ ਐਕਚੁਅਲ ਕੰਟਰੋਲ), ਕੰਟਰੋਲ ਲਾਈਨ (LoC) ਤੋਂ ਅਲੱਗ ਹੁੰਦੀ ਹੈ। ਭਾਰਤ-ਚੀਨ ਵਿਚਕਾਰਲੀ 4057 ਕਿਲੋਮੀਟਰ ਲੰਬੀ ਸਰਹੱਦ ਨੂੰ ਅਸਲ ਕੰਟਰੋਲ ਲਾਈਨ (LAC) ਕਿਹਾ ਜਾਂਦਾ ਹੈ। ਦੋਵਾਂ ਦੇਸ਼ਾਂ ਵਿਚਕਾਰ ਮੌਜੂਦ ਐੱਲਏਸੀ ਭਾਰਤੀ ਸੂਬੇ ਲੱਦਾਖ, ਜੰਮੂ-ਕਸ਼ਮੀਰ, ਉੱਤਰਾਖੰਡ, ਹਿਮਾਚਲ, ਸਿੱਕਮ ਤੇ ਅਰੁਣਾਚਲ ਪ੍ਰਦੇਸ਼ ਤੋਂ ਹੋ ਕੇ ਗੁਜ਼ਰਦੀ ਹੈ। LoC ਵਾਂਗ ਇਹ ਵੀ ਦੋਵਾਂ ਦੇਸ਼ਾਂ ਵੱਲੋਂ ਤੈਅ ਕੀਤੀ ਗਈ ਇਕ ਤਰ੍ਹਾਂ ਦੀ ਜੰਗਬੰਦੀ ਰੇਖਾ ਹੈ। ਦੋਵਾਂ ਵਿਚਾਲੇ ਫ਼ਰਕ ਇਹ ਹੈ ਕਿ ਐੱਲਓਸੀ ਜਿੱਥੇ ਮੈਪ 'ਤੇ ਸਪੱਸ਼ਟ ਤੌਰ 'ਤੇ ਨਿਰਧਾਰਤ ਕੀਤੀ ਗਈ ਹੈ ਉੱਥੇ ਹੀ ਐੱਲਏਸੀ ਦਾ ਕੋਈ ਸਪੱਸ਼ਟ ਜਾਂ ਅਧਿਕਾਰਤ ਨਿਰਧਾਰਨ ਨਹੀਂ ਹੈ। ਇਹੀ ਵਜ੍ਹਾ ਹੈ ਕਿ ਇਸ ਸਬੰਧੀ ਹਮੇਸ਼ਾ ਵਿਵਾਦ ਦੀ ਸਥਿਤੀ ਬਣੀ ਰਹਿੰਦੀ ਹੈ। ਸਾਲ 1962 ਦੀ ਜੰਗ ਤੋਂ ਬਾਅਦ ਚੀਨੀ ਫ਼ੌਜ ਜਿੱਥੇ ਮੌਜੂਦ ਸੀ, ਉਸੇ ਨੂੰ ਅਸਲ ਕੰਟਰੋਲ ਲਾਈਨ ਮੰਨ ਲਿਆ ਗਿਆ। ਇਸੇ ਜੰਗ 'ਚ ਚੀਨ ਨੇ ਭਾਰਤ ਦੇ ਅਧਿਕਾਰ ਖੇਤਰ ਵਾਲੇ ਅਕਸਾਈ ਚੀਨ 'ਤੇ ਕਬਜ਼ਾ ਕਰ ਲਿਆ ਸੀ। ਇਹੀ ਵਜ੍ਹਾ ਹੈ ਕਿ ਕੌਮਾਂਤਰੀ ਭਾਈਚਾਰੇ LAC ਨੂੰ ਨਹੀਂ ਮੰਨਦਾ ਹੈ।
ਸ਼ਾਤਰ ਡ੍ਰੈਗਨ ਨਹੀਂ ਮੰਨਦਾ ਮੈਕਮੋਹਨ ਲਾਈਨ
ਕਾਰਿਗਲ ਵਾਰ ਹੀਰੋ ਸ਼ਹੀਦ ਕੈਪਟਨ ਵਿਜਯੰਤ ਥਾਪਰ ਦੇ ਪਿਤਾ ਕਰਨਲ ਵੀਐੱਨ ਥਾਪਰ ਮੁਤਾਬਿਕ ਬ੍ਰਿਟਿਸ਼ ਸ਼ਾਸਨ ਕਾਲ 'ਚ ਹੀ ਅੰਗਰੇਜ਼ਾਂ ਨੇ ਭਾਰਤ ਤੇ ਚੀਨ ਦਰਮਿਆਨ ਸਰਹੱਦ ਦਾ ਨਿਰਧਾਰਨ ਕਰ ਦਿੱਤਾ ਸੀ, ਜਿਸ ਨੂੰ ਮੈਕਮੋਹਨ ਲਾਈਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਤਹਿਤ ਅਕਸਾਈ ਚੀਨ ਭਾਰਤ ਦਾ ਹਿੱਸਾ ਸੀ। ਹਾਲਾਂਕਿ ਚਾਲਬਾਜ਼ ਚੀਨ ਹੁਣ ਮੈਕਮੋਹਨ ਲਾਈਨ ਨੂੰ ਨਹੀਂ ਮੰਨਦਾ। 1962 ਦੀ ਲੜਾਈ 'ਚ ਉਸ ਨੇ ਭਾਰਤ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਸੀ। ਉਸ ਤੋਂ ਪਹਿਲਾਂ ਗਲਵਾਨ ਵਾਦੀ ਸਮੇਤ ਆਸਪਾਸ ਦਾ ਪੂਰਾ ਇਲਾਕਾ ਭਾਰਤ ਦਾ ਹਿੱਸਾ ਸੀ। ਚੀਨ ਇਸੇ ਗਲਵਾਨ ਵਾਦੀ 'ਤੇ ਹੁਣ ਆਪਣਾ ਦਾਅਵਾ ਠੋਕ ਰਿਹਾ ਹੈ।