ਜੇਕਰ ਕਿਸੇ ਨੇ ਯਮਰਾਜ ਤੋਂ ਟਿਕਟ ਕਟਵਾਉਣੀ ਹੋਵੇ ਤਾਂ ਉਹ ਰਸਤੇ ’ਤੇ ਚੱਲਦੀ ਕਿਸੇ ਧੀ ਨਾਲ ਛੇੜਖਾਨੀ ਕਰ ਕੇ ਦੇਖ ਲਵੇ। ਮੁੱਖ ਮੰਤਰੀ ਲੋਕ ਭਵਨ ’ਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀਆਂ ਲਾਭਪਾਤਰੀਆਂ ਨੂੰ ਦੀਵਾਲੀ ’ਤੇ ਮੁਫਤ ਸਿਲੰਡਰ ਰੀਫਿਲ ਵੰਡ ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ।
ਸਟੇਟ ਬਿਊਰੋ, ਜਾਗਰਣ, ਲਖਨਊ : ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਬੁੱਧਵਾਰ ਨੂੰ ਗ਼ੈਰ-ਸਮਾਜੀ ਤੱਤਾਂ ਨੂੰ ਸਿੱਧੀ ਚਿਤਾਵਨੀ ਦਿੱਤੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੇ ਧੀਆਂ ਦੀ ਸੁਰੱਖਿਆ ਨਾਲ ਖਿਲਵਾੜ ਕੀਤਾ ਤਾਂ ਤੈਅ ਮੰਨੋ, ਅਗਲੇ ਚੌਕ ’ਤੇ ਯਮਰਾਜ ਟਿਕਟ ਕੱਟਣ ਲਈ ਖੜ੍ਹਾ ਹੋਵੇਗਾ। ਜੇਕਰ ਕਿਸੇ ਨੇ ਯਮਰਾਜ ਤੋਂ ਟਿਕਟ ਕਟਵਾਉਣੀ ਹੋਵੇ ਤਾਂ ਉਹ ਰਸਤੇ ’ਤੇ ਚੱਲਦੀ ਕਿਸੇ ਧੀ ਨਾਲ ਛੇੜਖਾਨੀ ਕਰ ਕੇ ਦੇਖ ਲਵੇ। ਮੁੱਖ ਮੰਤਰੀ ਲੋਕ ਭਵਨ ’ਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੀਆਂ ਲਾਭਪਾਤਰੀਆਂ ਨੂੰ ਦੀਵਾਲੀ ’ਤੇ ਮੁਫਤ ਸਿਲੰਡਰ ਰੀਫਿਲ ਵੰਡ ਪ੍ਰੋਗਰਾਮ ਦੌਰਾਨ ਸੰਬੋਧਨ ਕਰ ਰਹੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸਾਡੀ ਵਚਨਬੱਧਤਾ ਹੈ ਕਿ ਹਰ ਧੀ, ਹਰ ਵਪਾਰੀ, ਹਰ ਰਾਹਗੀਰ ਨੂੰ ਸੁਰੱਖਿਆ ਦਿਆਂਗੇ। ਜਿਹੜਾ ਵੀ ਤਿਉਹਾਰਾਂ ਦੇ ਰੰਗ ’ਚ ਭੰਗ ਪਾਉਣ ਦੀ ਕੋਸ਼ਿਸ਼ ਕਰੇਗਾ, ਜੇਲ੍ਹ ਦੀਆਂ ਸਲਾਖਾਂ ਉਸ ਦਾ ਇੰਤਜ਼ਾਰ ਕਰ ਰਹੀਆਂ ਹਨ। ਉਨ੍ਹਾਂ ਸਪਾ ਤੇ ਉਸ ਦੇ ਮੁਖੀ ਅਖਿਲੇਸ਼ ਯਾਦਵ ’ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਸਾਲ 2017 ਤੋਂ ਪਹਿਲਾਂ ਉੱਤਰ ਪ੍ਰਦੇਸ਼ ’ਚ ਪਰਿਵਾਰ ਤੋਂ ਉੱਪਰ ਕੋਈ ਸੋਚ ਨਹੀਂ ਸੀ। ਸੈਫਈ ਪਰਿਵਾਰ ਤੋਂ ਇਲਾਵਾ ਕਿਸੇ ਹੋਰ ਦੀ ਚਿੰਤਾ ਨਹੀਂ ਹੁੰਦੀ ਸੀ। ਚਾਚਾ-ਭਤੀਜਾ ਤੇ ਮਹਾਭਾਰਤ ਦੇ ਕਿਰਦਾਰਾਂ ਦੀ ਸਿਆਸਤ ’ਚ ਗਰੀਬਾਂ ਦੀਆਂ ਯੋਜਨਾਵਾਂ ਲੁੱਟ ਲਈਆਂ ਜਾਂਦੀਆਂ ਸਨ। ਨੌਕਰੀਆਂ ’ਚ ਡਕੈਤੀ, ਵਿਕਾਸ ਦੇ ਪੈਸੇ ’ਚ ਲੁੱਟ ਹੁੰਦੀ ਸੀ ਤੇ ਤਿਉਹਾਰ ਵੀ ਦੰਗਿਆਂ ਦੀ ਭੇਟ ਚੜ੍ਹ ਜਾਂਦੇ ਸਨ। ਗੁੰਡੇ-ਮਾਫੀਆ ਅਰਾਜਕਤਾ ਫੈਲਾਉਂਦੇ ਸਨ ਤੇ ਸਪਾ ਸਰਕਾਰ ’ਚ ਮੰਤਰੀ ਤੇ ਮੁੱਖ ਮੰਤਰੀ ਉਨ੍ਹਾਂ ਅੱਗੇ ਨੱਕ ਰਗੜ ਕੇ ਅਰਾਜਕਤਾ ਦੀ ਖੁੱਲ੍ਹ ਦਿੰਦੇ ਸਨ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਅੱਠ ਸਾਲਾਂ ’ਚ ਸੂਬੇ ’ਚ ਸਾਰੇ ਤਿਉਹਾਰ ਹੋਲੀ, ਦੀਵਾਲੀ, ਈਦ, ਕ੍ਰਿਸਮਿਸ, ਗੁਰਪੁਰਬ, ਜਨਮ ਅਸ਼ਟਮੀ ਜਾਂ ਰਾਮਨੌਮੀ ਪੂਰੀ ਸ਼ਾਂਤੀ, ਸੁਹਿਰਦਤਾ ਤੇ ਉਮੰਗ ਨਾਲ ਮਨਾਏ ਗਏ ਹਨ। ਹੁਣ ਉਹ ਸਰਕਾਰ ਨਹੀਂ ਜਿਹੜੀ ਦੰਗਾਕਾਰੀਆਂ ਸਾਹਮਣੇ ਗੋਡੇ ਟੇਕ ਦੇਵੇ। ਜਿਹੜਾ ਜਿਸ ਭਾਸ਼ਾ ’ਚ ਸਮਝੇਗਾ, ਇਹ ਸਰਕਾਰ ਉਸ ਨੂੰ ਉਸੇ ਭਾਸ਼ਾ ’ਚ ਜਵਾਬ ਦੇਣਾ ਜਾਣਦੀ ਹੈ। ਉਤਸ਼ਾਹ ਤੇ ਉਮੰਗ ਦੇ ਤਿਉਹਾਰ ’ਚ ਜੇਕਰ ਕਿਸੇ ਨੇ ਅੜਿੱਕਾ ਪਾਇਆ ਤਾਂ ਉਹ ਜੇਲ੍ਹ ਜਾਵੇਗਾ। ਉਨ੍ਹਾਂ ਨੇ ਦੀਵਾਲੀ ’ਤੇ ਦੀਵਿਆਂ, ਲਕਸ਼ਮੀ-ਗਣੇਸ਼ ਦੀਆਂ ਮੂਰਤੀਆਂ ਸਣੇ ਹਰ ਤਰ੍ਹਾਂ ਦੀ ਖ਼ਰੀਦਦਾਰੀ ’ਚ ਸਵਦੇਸ਼ੀ ਨੂੰ ਹੱਲਾਸ਼ੇਰੀ ਦੇਣ ਦੀ ਅਪੀਲ ਕੀਤੀ।