ਹਿੰਦੂਤਵ ਇਕ ਜੀਵਨ ਸ਼ੈਲੀ, ਹਿੰਦੂ ਬਣੇ ਰਹਿਣ ਲਈ ਮੰਦਰ ਜਾਣਾ ਲਾਜ਼ਮੀ ਨਹੀਂ : ਸੁਪਰੀਮ ਕੋਰਟ
ਚੀਫ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ’ਚ ਨੌਂ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕੇਰਲਮ ਦੇ ਸਬਰੀਮਾਲਾ ਮੰਦਰ ਸਣੇ ਧਾਰਮਿਕ ਅਸਥਾਨਾਂ ’ਤੇ ਔਰਤਾਂ ਨਾਲ ਹੋ ਰਹੇ ਭੇਦਭਾਵ ਅਤੇ ਦਾਊਦੀ ਬੋਹਰਾ ਸਣੇ ਵੱਖ-ਵੱਖ ਧਰਮਾਂ ਵੱਲੋਂ ਪਾਲਣਾ ਕੀਤੇ ਜਾਣ ਵਾਲੇ ਧਾਰਮਿਕ ਅਜ਼ਾਦੀ ਦੇ ਦਾਇਰੇ ਨਾਲ ਸੰਬੰਧਿਤ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ।
Publish Date: Thu, 14 May 2026 09:30 AM (IST)
Updated Date: Thu, 14 May 2026 09:32 AM (IST)
ਨਵੀਂ ਦਿੱਲੀ (ਪੀਟੀਆਈ) : ਹਿੰਦੂਤਵ ਨੂੰ ਜੀਵਨ ਸ਼ੈਲੀ ਮੰਨਦੇ ਹੋਏ ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਹਿੰਦੂ ਬਣੇ ਰਹਿਣ ਲਈ ਕਿਸੇ ਲਈ ਮੰਦਰ ਜਾਣਾ ਜਾਂ ਧਾਰਮਿਕ ਰਸਮਾਂ ਕਰਨੀਆਂ ਲਾਜ਼ਮੀ ਨਹੀਂ। ਘਰ ਵਿਚ ਦੀਵਾ ਬਾਲਣਾ ਵੀ ਸ਼ਰਧਾ ਸਾਬਤ ਕਰਨ ਲਈ ਕਾਫ਼ੀ ਹੈ। ਚੀਫ ਜਸਟਿਸ ਸੂਰਿਆਕਾਂਤ ਦੀ ਪ੍ਰਧਾਨਗੀ ’ਚ ਨੌਂ ਜੱਜਾਂ ਦੇ ਸੰਵਿਧਾਨਕ ਬੈਂਚ ਨੇ ਕੇਰਲਮ ਦੇ ਸਬਰੀਮਾਲਾ ਮੰਦਰ ਸਣੇ ਧਾਰਮਿਕ ਅਸਥਾਨਾਂ ’ਤੇ ਔਰਤਾਂ ਨਾਲ ਹੋ ਰਹੇ ਭੇਦਭਾਵ ਅਤੇ ਦਾਊਦੀ ਬੋਹਰਾ ਸਣੇ ਵੱਖ-ਵੱਖ ਧਰਮਾਂ ਵੱਲੋਂ ਪਾਲਣਾ ਕੀਤੇ ਜਾਣ ਵਾਲੇ ਧਾਰਮਿਕ ਅਜ਼ਾਦੀ ਦੇ ਦਾਇਰੇ ਨਾਲ ਸੰਬੰਧਿਤ ਪਟੀਸ਼ਨਾਂ ਦੀ ਸੁਣਵਾਈ ਦੌਰਾਨ ਇਹ ਟਿੱਪਣੀ ਕੀਤੀ।
ਸੁਣਵਾਈ ਦੇ 15ਵੇਂ ਦਿਨ ਬਹਿਸ ਸ਼ੁਰੂ ਹੋਣ ’ਤੇ ਇਕ ਹਸਤਕਸ਼ੇਪਕਾਰੀ ਵੱਲੋਂ ਪੇਸ਼ ਹੋਏ ਵਕੀਲ ਜੀ. ਮੋਹਨ ਗੋਪਾਲ ਨੇ ਕਿਹਾ ਕਿ ਧਾਰਮਿਕ ਭਾਈਚਾਰਿਆਂ ਵੱਲੋਂ ਸਮਾਜਿਕ ਇਨਸਾਫ਼ ਦੀ ਮੰਗ ਉੱਠ ਰਹੀ ਹੈ। ਹਿੰਦੂਤਵ ਨੂੰ ਇਕ ਧਾਰਮਿਕ ਸ਼੍ਰੇਣੀ ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ। ਉਸ ਤੋਂ ਬਾਅਦ 1966 ਵਿਚ ਇਹ ਮੰਨਿਆ ਗਿਆ ਕਿ ਹਿੰਦੂ ਉਹ ਹੈ ਜੋ ਧਰਮ ਤੇ ਦਰਸ਼ਨ ਦੇ ਮਾਮਲਿਆਂ ਵਿਚ ਵੇਦਾਂ ਨੂੰ ਸਰਬਉੱਚ ਮੰਨਦਾ ਹੈ। ਮੈਨੂੰ ਵੇਦਾਂ ਪ੍ਰਤੀ ਸਰਬਉੱਚ ਆਦਰ ਅਤੇ ਡੂੰਘਾ ਸਨਮਾਨ ਹੈ। ਪਰ ਕੀ ਇਹ ਸੱਚ ਹੈ ਕਿ ਅੱਜ ਹਿੰਦੂ ਅਖਵਾਉਣ ਵਾਲਾ ਹਰ ਵਿਅਕਤੀ ਅਧਿਆਤਮਕ ਤੇ ਦਰਸ਼ਨਿਕ ਮਾਮਲਿਆਂ ਵਿਚ ਵੇਦਾਂ ਨੂੰ ਸਰਬਉੱਚ ਮੰਨਦਾ ਹੈ? ਇਸ ’ਤੇ ਸੰਵਿਧਾਨਕ ਬੈਂਚ ਵਿਚ ਸ਼ਾਮਲ ਜਸਟਿਸ ਬੀਵੀ ਨਾਗਰਤਨਾ ਨੇ ਕਿਹਾ, ਇਸੇ ਲਈ ਹਿੰਦੂਤਵ ਨੂੰ ਜੀਵਨ ਸ਼ੈਲੀ ਕਿਹਾ ਜਾਂਦਾ ਹੈ। ਹਿੰਦੂ ਬਣੇ ਰਹਿਣ ਲਈ ਕਿਸੇ ਦਾ ਮੰਦਰ ਜਾਣਾ ਜਾਂ ਧਾਰਮਿਕ ਰਸਮਾਂ ਕਰਨੀਆਂ ਲਾਜ਼ਮੀ ਨਹੀਂ ਹਨ। ਕਿਸੇ ਨੂੰ ਵੀ ਕਰਮਕਾਂਡੀ ਹੋਣ ਦੀ ਜ਼ਰੂਰਤ ਨਹੀਂ ਹੈ ਅਤੇ ਕਿਸੇ ਨੂੰ ਵੀ ਆਪਣੇ ਧਰਮ ਦੀ ਪਾਲਣਾ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ।
ਚੀਫ ਜਸਟਿਸ ਨੇ ਟਿੱਪਣੀ ਕੀਤੀ ਕਿ ਜੇ ਕੋਈ ਵਿਅਕਤੀ ਆਪਣੀ ਝੌਪੜੀ ਵਿਚ ਦੀਵਾ ਬਾਲਦਾ ਹੈ ਤਾਂ ਇਹ ਵੀ ਉਸ ਦੇ ਧਰਮ ਨੂੰ ਸਾਬਤ ਕਰਨ ਲਈ ਕਾਫ਼ੀ ਹੈ। ਮਾਮਲੇ ਦੀ ਸੁਣਵਾਈ ਜਾਰੀ ਹੈ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਜੇਕਰ ਲੋਕ ਸੰਵਿਧਾਨਕ ਅਦਾਲਤ ਸਾਹਮਣੇ ਹਰ ਧਾਰਮਿਕ ਪ੍ਰਥਾ ਜਾਂ ਧਰਮ ਨਾਲ ਸੰਬੰਧਿਤ ਮਾਮਲਿਆਂ ’ਤੇ ਸਵਾਲ ਉਠਾਉਣ ਲੱਗ ਪੈਂਦੇ ਹਨ ਤਾਂ ਸੈਂਕੜੇ ਪਟੀਸ਼ਨਾਂ ਦਰਜ ਹੋਣਗੀਆਂ ਅਤੇ ਇਸ ਨਾਲ ਧਰਮ ਨੂੰ ਨੁਕਸਾਨ ਹੋਵੇਗਾ।