ਹਾਈ ਕੋਰਟ ਦੀ ਤਿੱਖੀ ਟਿੱਪਣੀ: ਹਰ ਵਾਰ ਸਹੁਰਾ ਪਰਿਵਾਰ ਗਲਤ ਨਹੀਂ ਹੁੰਦਾ, ਕਾਨੂੰਨ ਦੀ ਦੁਰਵਰਤੋਂ ਕਰਕੇ ਪੈਸਾ ਵਸੂਲਣ ਵਾਲੀਆਂ ਔਰਤਾਂ ਨੂੰ ਪਾਈ ਝਾੜ
ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿਚ ਪਰਿਵਾਰਕ ਵਿਵਾਦਾਂ ਅਤੇ ਦਾਜ ਲਈ ਸ਼ੋਸ਼ਣ ਦੇ ਮਾਮਲਿਆਂ 'ਤੇ ਮਹੱਤਵਪੂਰਨ ਟਿੱਪਣੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਹਰ ਵਾਰ ਸਹੁਰਾ ਪੱਖ ਦੋਸ਼ੀ ਨਹੀਂ ਹੁੰਦਾ ਅਤੇ ਔਰਤਾਂ ਵੀ ਕਾਨੂੰਨ ਦਾ ਗਲਤ ਫਾਇਦਾ ਚੁੱਕ ਸਕਦੀਆਂ ਹਨ। ਅਦਾਲਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਾਨੂੰਨ ਦੀ ਦੁਰਵਰਤੋਂ ਨਾ ਸਿਰਫ਼ ਸਿਸਟਮ 'ਤੇ ਬੋਝ ਪਾਉਂਦਾ ਹੈ, ਸਗੋਂ ਵਾਸਤਵਿਕ ਨਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।
Publish Date: Sun, 18 Jan 2026 01:35 PM (IST)
Updated Date: Sun, 18 Jan 2026 01:36 PM (IST)

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਦਿੱਲੀ ਹਾਈ ਕੋਰਟ ਨੇ ਹਾਲ ਹੀ ਵਿਚ ਪਰਿਵਾਰਕ ਵਿਵਾਦਾਂ ਅਤੇ ਦਾਜ ਲਈ ਸ਼ੋਸ਼ਣ ਦੇ ਮਾਮਲਿਆਂ 'ਤੇ ਮਹੱਤਵਪੂਰਨ ਟਿੱਪਣੀ ਕੀਤੀ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਹਰ ਵਾਰ ਸਹੁਰਾ ਪੱਖ ਦੋਸ਼ੀ ਨਹੀਂ ਹੁੰਦਾ ਅਤੇ ਔਰਤਾਂ ਵੀ ਕਾਨੂੰਨ ਦਾ ਗਲਤ ਫਾਇਦਾ ਚੁੱਕ ਸਕਦੀਆਂ ਹਨ। ਅਦਾਲਤ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਕਾਨੂੰਨ ਦੀ ਦੁਰਵਰਤੋਂ ਨਾ ਸਿਰਫ਼ ਸਿਸਟਮ 'ਤੇ ਬੋਝ ਪਾਉਂਦਾ ਹੈ, ਸਗੋਂ ਵਾਸਤਵਿਕ ਨਿਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ।
ਜੱਜ ਨੀਨਾ ਬੰਸਲ ਕ੍ਰਿਸ਼ਨਾ ਦੀ ਬੈਂਚ ਨੇ ਮਾਮਲੇ ਵਿਚ ਪਤਨੀ ਵੱਲੋਂ ਦਰਜ ਕੀਤੀ ਗਈ ਦਾਜ ਲਈ ਤੰਗ ਕਰਨ ਦੀ ਸ਼ਿਕਾਇਤ ਨੂੰ ਖ਼ਾਰਜ ਕਰ ਦਿੱਤਾ। ਬੈਂਚ ਨੇ ਕਿਹਾ ਕਿ ਔਰਤ ਨੇ ਇਸ ਮੁਕੱਦਮੇ ਦਾ ਮਕਸਦ ਮੁਲਜ਼ਮ ਪਤੀ ਅਤੇ ਸਹੁਰੇ ਤੋਂ ਵੱਧ ਤੋਂ ਵੱਧ ਪੈਸਾ ਪ੍ਰਾਪਤ ਕਰਨ ਦਾ ਲਾਲਚ ਸੀ। ਬੈਂਚ ਨੇ ਇਹ ਵੀ ਨੋਟ ਕੀਤਾ ਕਿ ਔਰਤ ਨੇ ਵਿਆਹ ਦੇ ਦੋ ਸਾਲ ਬਾਅਦ, ਭਾਵ 2011 ਵਿਚ ਹੀ ਸਹੁਰਾ ਘਰ ਛੱਡ ਦਿੱਤਾ ਸੀ ਅਤੇ ਉਸ ਤੋਂ ਬਾਅਦ ਕਈ ਸਾਲਾਂ ਤੱਕ ਉੱਥੇ ਨਹੀਂ ਗਈ। 2016 ਵਿਚ ਉਸਨੇ ਪਤੀ ਅਤੇ ਸਹੁਰੇ ਖ਼ਿਲਾਫ਼ ਦਾਜ ਲਈ ਤੰਗ ਕਰਨ ਸਮੇਤ ਹੋਰ ਕਈ ਗੰਭੀਰ ਦੋਸ਼ਾਂ ਨਾਲ ਐੱਫਆਈਆਰ ਦਰਜ ਕਰਵਾਈ ਸੀ।
ਦਾਜ ਲਈ ਤੰਗ ਕਰਨ ਦੇ ਕਾਨੂੰਨ ਦੀ ਹੋ ਰਹੀ ਹੈ ਦੁਰਵਰਤੋਂ
ਅਦਾਲਤ ਨੇ ਔਰਤ ਦੇ ਰਵੱਈਏ ਨੂੰ ਲਾਲਚੀ ਦੱਸਦੇ ਹੋਏ ਕਿਹਾ ਕਿ ਵਿਚੋਲਗੀ ਰਿਕਾਰਡ ਤੋਂ ਇਹ ਵੀ ਸਾਫ਼ ਹੁੰਦਾ ਹੈ ਕਿ ਔਰਤ ਨੇ ਹਰ ਵਾਰ ਨਵੀਆਂ ਮੰਗਾਂ ਰੱਖੀਆਂ, ਕਦੇ 50 ਲੱਖ ਰੁਪਏ, ਕਦੇ ਦੱਖਣੀ ਦਿੱਲੀ ਵਿਚ ਫਲੈਟ। ਕੋਰਟ ਨੇ ਸਾਫ਼ ਕੀਤਾ ਕਿ ਇਸ ਤਰ੍ਹਾਂ ਦੇ ਮਾਮਲੇ ਨਾ ਸਿਰਫ਼ ਪੁਲਿਸ ਅਤੇ ਅਦਾਲਤਾਂ ਦਾ ਸਮਾਂ ਬਰਬਾਦ ਕਰਦੇ ਹਨ, ਸਗੋਂ ਪਰਿਵਾਰਾਂ ਦੀ ਸ਼ਾਂਤੀ ਅਤੇ ਨਿਆਂਕਾਰੀ ਪ੍ਰਕਿਰਿਆ 'ਤੇ ਵੀ ਅਸਰ ਪਾਉਂਦੇ ਹਨ। ਬੈਂਚ ਨੇ ਮਾਮਲੇ ਵਿਚ ਆਰੋਪਿਤ ਪਤੀ ਅਤੇ ਸਹੁਰੇ ਨੂੰ ਸਾਰੇ ਦੋਸ਼ਾਂ ਤੋਂ ਛੁਟਕਾਰਾ ਦੇ ਦਿੱਤਾ। ਬੈਂਚ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਦੌਰਾਨ ਇਹ ਸਾਫ਼ ਹੋ ਗਿਆ ਹੈ ਕਿ ਇੱਥੇ ਦਾਜ ਲਈ ਤੰਗ ਕਰਨ ਵਿਰੁੱਧ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ। ਇਕ ਪਰਿਵਾਰ ਦਾਜ ਲਈ ਤੰਗ ਕਰਨ ਮੁਕਦਮੇ ਕਾਰਨ ਸਾਲਾਂ ਤੋਂ ਪੁਲਿਸ ਅਤੇ ਅਦਾਲਤ ਦੇ ਚੱਕਰ ਲਾ ਰਿਹਾ ਹੈ।