ਭਿਆਨਕ ਗਰਮੀ ਦਾ ਕਹਿਰ: PM Modi ਨੇ ਦੇਸ਼ਵਾਸੀਆਂ ਨੂੰ ਕੀਤੀ ਸਾਵਧਾਨੀ ਵਰਤਣ ਦੀ ਅਪੀਲ, ਕਿਹਾ-ਭਿਆਨਕ ਗਰਮੀ ’ਚ ਲੁੜੀਂਦੀ ਮਾਤਰਾ ’ਚ ਪਾਣੀ ਪੀਣਾ ਬੇਹੱਦ ਜ਼ਰੂਰੀ
ਮੋਦੀ ਨੇ ਵਿਸ਼ੇਸ਼ ਤੌਰ ’ਤੇ ਬੱਚਿਆਂ, ਬਜ਼ੁਰਗਾਂ ਤੇ ਤਪਦੀ ਧੁੱਪ ਵਿਚ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਪ੍ਰਤੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ, ‘ਇਹ ਭਿਆਨਕ ਗਰਮੀ ਸਾਡੇ ਲਈ ਇਕ ਵੱਡੀ ਚੁਣੌਤੀ ਹੈ। ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿਓ, ਜਦੋਂ ਵੀ ਬਾਹਰ ਨਿਕਲੋ, ਆਪਣੇ ਨਾਲ ਪਾਣੀ ਰੱਖੋ।’
Publish Date: Thu, 28 May 2026 08:43 AM (IST)
Updated Date: Thu, 28 May 2026 08:46 AM (IST)
ਨਵੀਂ ਦਿੱਲੀ (ਪੀਟੀਆਈ) : ਦੇਸ਼ ਭਰ ਵਿਚ ਸੂਰਜ ਦੀ ਤਪਿਸ਼ ਤੇ ਵਧਦਾ ਪਾਰਾ ਜ਼ਿੰਦਗੀਆਂ ਨੂੰ ਝੁਲਸਾ ਰਿਹਾ ਹੈ। ਭਿਆਨਕ ਗਰਮੀ ਦੇ ਇਸ ਸੰਕਟ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਜ਼ਰੀਏ ਦੇਸ਼ਵਾਸੀਆਂ ਤੋਂ ਬੇਹੱਦ ਆਤਮਿਕ ਤੇ ਭਾਵੁਕ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਮੌਸਮ ਸਾਡੇ ਸਾਰਿਆਂ ਲਈ ਇਕ ਕਠਿਨ ਇਮਤਿਹਾਨ ਹੈ, ਇਸ ਲਈ ਸਾਰੇ ਨਾਗਰਿਕ ਆਪਣੀ ਸੁਰੱਖਿਆ ਲਈ ਹਰ ਸੰਭਵ ਸਾਵਧਾਨੀ ਵਰਤਣ।
ਆਪਣਿਆਂ ਦੀ ਸਿਹਤ ਦਾ ਰੱਖੋ ਖ਼ਿਆਲ
ਮੋਦੀ ਨੇ ਵਿਸ਼ੇਸ਼ ਤੌਰ ’ਤੇ ਬੱਚਿਆਂ, ਬਜ਼ੁਰਗਾਂ ਤੇ ਤਪਦੀ ਧੁੱਪ ਵਿਚ ਬਾਹਰ ਕੰਮ ਕਰਨ ਵਾਲੇ ਮਜ਼ਦੂਰਾਂ ਪ੍ਰਤੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ, ‘ਇਹ ਭਿਆਨਕ ਗਰਮੀ ਸਾਡੇ ਲਈ ਇਕ ਵੱਡੀ ਚੁਣੌਤੀ ਹੈ। ਸਰੀਰ ਵਿਚ ਪਾਣੀ ਦੀ ਕਮੀ ਨਾ ਹੋਣ ਦਿਓ, ਜਦੋਂ ਵੀ ਬਾਹਰ ਨਿਕਲੋ, ਆਪਣੇ ਨਾਲ ਪਾਣੀ ਰੱਖੋ।’ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ-ਸਮੇਂ ’ਤੇ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਪਰਿਵਾਰਕ ਮੈਂਬਰਾਂ ਦਾ ਹਾਲ-ਚਾਲ ਪੁੱਛਦੇ ਰਹਿਣ। ਉਨ੍ਹਾਂ ਨੂੰ ਯਾਦ ਦਿਵਾਉਣ ਲਈ ਕਿਹਾ ਕਿ ਦੁਪਹਿਰ ਦੀ ਤੇਜ਼ ਧੁੱਪ ਵਿਚ ਬਾਹਰ ਨਾ ਨਿਕਲਣ ਤੇ ਢੁੱਕਵਾਂ ਆਰਾਮ ਕਰਨ।
ਚੱਕਰ ਜਾਂ ਕਮਜ਼ੋਰੀ ਨੂੰ ਨਾ ਕਰੋ ਨਜ਼ਰਅੰਦਾਜ਼
ਪ੍ਰਧਾਨ ਮੰਤਰੀ ਨੇ ਹੀਟ ਐਗਜ਼ਾਸ਼ਨ (ਗਰਮੀ ਨਾਲ ਹੋਣ ਵਾਲੀ ਥਕਾਵਟ) ਦੇ ਲੱਛਣਾਂ ਬਾਰੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਚੱਕਰ ਆਉਣਾ, ਦਿਲ ਘਬਰਾਉਣਾ ਜਾਂ ਕਾਫ਼ੀ ਜ਼ਿਆਦਾ ਥਕਾਵਟ ਵਰਗੇ ਸੰਕੇਤਾਂ ਨੂੰ ਬਿਲਕੁਲ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਹ ਲਾਪਰਵਾਹੀ ਹੀਟਸਟ੍ਰੋਕ (ਲੂਅ) ਦਾ ਰੂਪ ਧਾਰ ਸਕਦੀ ਹੈ। ਜੇਕਰ ਕੋਈ ਠੀਕ ਮਹਿਸੂਸ ਨਾ ਕਰੇ ਤਾਂ ਉਸ ਨੂੰ ਤੁਰੰਤ ਠੰਢੀ ਜਾਂ ਛਾਂਦਾਰ ਜਗ੍ਹਾ ’ਤੇ ਲੈ ਜਾਓ ਅਤੇ ਓਆਰਐੱਸ ਜਾਂ ਪਾਣੀ ਦੇ ਕੇ ਉਸ ਦੀ ਮਦਦ ਕਰੋ। ਇਸ ਦੇ ਨਾਲ ਹੀ ਉਨ੍ਹਾਂ ਨੇ ਮਨੁੱਖਤਾ ਅਤੇ ਕਰੁਣਾ ਦਾ ਸੁਨੇਹਾ ਦਿੰਦੇ ਹੋਏ ਕਿਹਾ ਕਿ ਘਰ, ਬਾਲਕੋਨੀ, ਦੁਕਾਨ ਜਾਂ ਦਫ਼ਤਰ ਦੇ ਬਾਹਰ ਬੇਜ਼ੁਬਾਨ ਪੰਛੀਆਂ ਤੇ ਜਾਨਵਰਾਂ ਲਈ ਪਾਣੀ ਦਾ ਇਕ ਕਟੋਰਾ ਜ਼ਰੂਰ ਰੱਖੋ। ਇਸ ਮੁਸ਼ਕਲ ਸਮੇਂ ਵਿਚ ਸਾਡੀ ਛੋਟੀ ਜਿਹੀ ਸੰਵੇਦਨਾ ਕਿਸੇ ਬੇਜ਼ੁਬਾਨ ਲਈ ਜੀਵਨਦਾਇਕ ਸਾਬਤ ਹੋ ਸਕਦੀ ਹੈ।