ਇਹ ਅਧਿਐਨ ਅਮਰੀਕਾ ਦੇ ਬੋਸਟਨ ਕਾਲਜ ਦੇ ਖੋਜੀਆਂ ਨੇ ਕੀਤਾ ਹੈ, ਜਿਸ ਨੂੰ ਨੇਚਰ ਫੂਡ ਜਰਨਲ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ’ਚ ਦੱਸਿਆ ਗਿਆ ਕਿ 2001 ਤੋਂ 2020 ਵਿਚਾਲੇ ਏਸ਼ੀਆ ’ਚ ਚੌਲ ਉਤਪਾਦਨ ਦਾ ਗ੍ਰੀਨਹਾਊਸ ਗੈਸਾਂ ਦੇ ਉਤਸਰਜਨ ’ਚ ਸਭ ਤੋਂ ਵੱਡਾ ਯੋਗਦਾਨ ਰਿਹਾ।

ਨਵੀਂ ਦਿੱਲੀ (ਪੀਟੀਆਈ) : ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਦੇ ਖਾਣੇ ਦਾ ਆਧਾਰ ਚੌਲ ਹੁਣ ਵਾਤਾਵਰਣ ਤਬਦੀਲੀ ਦੇ ਵੱਡੇ ਕਾਰਨਾਂ ’ਚ ਵੀ ਸ਼ਾਮਲ ਹੁੰਦਾ ਜਾ ਰਿਹਾ ਹੈ। ਇਕ ਨਵੇਂ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਝੋਨੇ ਦੀ ਖੇਤੀ ਨਾਲ ਨਿਕਲਣ ਵਾਲੀਆਂ ਗ੍ਰੀਨਹਾਊਸ ਗੈਸਾਂ ਦਾ ਉਤਸਰਜਨ ਪਿਛਲੇ 65 ਸਾਲਾਂ ’ਚ ਦੁੱਗਣਾ ਹੋ ਗਿਆ ਹੈ ਤੇ ਹੁਣ ਇਹ ਸਾਲਾਨਾ 1.1 ਅਰਬ ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਪਹੁੰਚ ਚੁੱਕਾ ਹੈ।
ਇਹ ਅਧਿਐਨ ਅਮਰੀਕਾ ਦੇ ਬੋਸਟਨ ਕਾਲਜ ਦੇ ਖੋਜੀਆਂ ਨੇ ਕੀਤਾ ਹੈ, ਜਿਸ ਨੂੰ ਨੇਚਰ ਫੂਡ ਜਰਨਲ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਅਧਿਐਨ ’ਚ ਦੱਸਿਆ ਗਿਆ ਕਿ 2001 ਤੋਂ 2020 ਵਿਚਾਲੇ ਏਸ਼ੀਆ ’ਚ ਚੌਲ ਉਤਪਾਦਨ ਦਾ ਗ੍ਰੀਨਹਾਊਸ ਗੈਸਾਂ ਦੇ ਉਤਸਰਜਨ ’ਚ ਸਭ ਤੋਂ ਵੱਡਾ ਯੋਗਦਾਨ ਰਿਹਾ। ਵਿਗਿਆਨੀਆਂ ਅਨੁਸਾਰ, ਝੋਨੇ ਦੇ ਪਾਣੀ ’ਚ ਡੁੱਬੇ ਖੇਤਾਂ ਤੋਂ ਵੱਡੀ ਮਾਤਰਾ ’ਚ ਮੀਥੇਨ ਤੇ ਨਾਈਟ੍ਰਸ ਆਕਸਾਈਡ ਗੈਸ ਨਿਕਲਦੀ ਹੈ। ਇਹ ਦੋਵੇਂ ਗੈਸਾਂ ਵਾਤਾਵਰਣ ’ਚ ਗਰਮੀ ਨੂੰ ਰੋਕਦੀਆਂ ਹਨ ਤੇ ਗਲੋਬਲ ਵਾਰਮਿੰਗ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।
ਖੋਜੀਆਂ ਦੀ ਟੀਮ ਦੇ ਮੁਖੀ ਤੇ ਬੋਸਟਨ ਕਾਲਜ ਦੇ ਪ੍ਰੋਫੈਸਰ ਹਾਨਕਵਿਨ ਤਿਆਨ ਨੇ ਕਿਹਾ ਕਿ ਉਨ੍ਹਾਂ ਦਾ ਮੰਤਵ ਇਹ ਸਮਝਣਾ ਸੀ ਕਿ ਝੋਨੇ ਦੀ ਖੇਤੀ ਦਾ ਵਾਤਾਵਰਣ ’ਤੇ ਕੁੱਲ ਅਸਰ ਕਿੰਨਾ ਹੈ ਤੇ ਇਸ ਨੂੰ ਘੱਟ ਕਰਨ ਦੇ ਵਿਹਾਰਕ ਤਰੀਕੇ ਕੀ ਹੋ ਸਕਦੇ ਹਨ। ਅਧਿਐਨ ’ਚ 21 ਹਜ਼ਾਰ ਤੋਂ ਵੱਧ ਖੇਤਰੀ ਅੰਕੜਿਆਂ, ਮਸ਼ੀਨ ਲਰਨਿੰਗ ਤਕਨੀਕ ਤੇ ਆਲਮੀ ਵਿਸ਼ਲੇਸ਼ਣ ਦੀ ਵਰਤੋਂ ਕੀਤੀ ਗਈ। ਇਸ ਵਿਚ ਪਾਇਆ ਗਿਆ ਕਿ ਪੂਰਬੀ ਏਸ਼ੀਆ ’ਚ ਮੀਥੇਨ ਉਤਸਰਜਨ ਸਭ ਤੋਂ ਵੱਧ ਹੈ, ਜਦਕਿ ਅਫਰੀਕਾ ਝੋਨੇ ਦੀ ਖੇਤੀ ਵਧਣ ਕਾਰਨ ਨਵਾਂ ਹੌਟਸਪੌਟ ਬਣ ਕੇ ਉੱਭਰ ਰਿਹਾ ਹੈ।
ਰਿਪੋਰਟ ਅਨੁਸਾਰ, 2001-2020 ਦੌਰਾਨ ਦੁਨੀਆ ਭਰ ’ਚ ਝੋਨੇ ਦੀ ਖੇਤੀ ਨਾਲ ਹੋਣ ਵਾਲੇ ਕੁੱਲ ਗ੍ਰੀਨਹਾਊਸ ਗੈਸ ਉਤਸਰਜਨ ’ਚ ਏਸ਼ੀਆ ਦੀ ਹਿੱਸੇਦਾਰੀ 90 ਫ਼ੀਸਦੀ ਤੋਂ ਵੱਧ ਰਹੀ। ਦੱਖਣੀ-ਪੂਰਬੀ ਏਸ਼ੀਆ ਦਾ ਯੋਗਦਾਨ ਸਭ ਤੋਂ ਵੱਧ ਪਾਇਆ ਗਿਆ। ਖੋਜੀਆਂ ਨੇ ਦੱਸਿਆ ਕਿ ਚੌਲਾਂ ਦੀ ਖੇਤੀ ਦਾ ਖੇਤਰ ਲਗਾਤਾਰ ਵਧ ਰਿਹ ਹੈ। ਅੰਦਾਜ਼ਾ ਹੈ ਕਿ 2015 ’ਚ 39.7 ਕਰੋੜ ਏਕੜ ਰਹੀ ਖੇਤੀ 2024 ਤੱਕ ਵਧ ਕੇ 42.6 ਕਰੋੜ ਏਕੜ ਤੱਕ ਪਹੁੰਚ ਜਾਵੇਗੀ। ਅਧਿਐਨ ’ਚ ਉਤਸਰਜਨ ਵਧਣ ਦੇ ਦੋ ਵੱਡੇ ਕਾਰਨ ਦੱਸੇ ਗਏ ਹਨ। ਪਹਿਲਾ, ਵਿਕਾਸਸ਼ੀਲ ਦੇਸ਼ਾਂ ’ਚ ਝੋਨੇ ਦੀ ਖੇਤੀ ਦਾ ਤੇਜ਼ੀ ਨਾਲ ਵਿਸਥਾਰ। ਦੂਜਾ, ਫਸਲ ਦੀ ਰਹਿੰਦ-ਖੂੰਹਦ ਨੂੰ ਪਾਣੀ ਨਾਲ ਭਰੇ ਖੇਤਾਂ ’ਚ ਵਾਪਸ ਮਿਲਾਉਣ ਦਾ ਵਧਦਾ ਰੁਝਾਨ, ਜਿਸ ਨਾਲ ਮੀਥੇਨ ਜ਼ਿਆਦਾ ਬਣਦੀ ਹੈ।
ਹਾਲਾਂਕਿ, ਵਿਗਿਆਨੀਆਂ ਦਾ ਕਹਿਣਾ ਹੈ ਕਿ ਖੇਤੀ ਦੇ ਬਿਹਤਰ ਤਰੀਕਿਆਂ ਦੇ ਬਿਨਾਂ ਉਤਪਾਦਨ ਘਟਾਏ ਉਤਸਰਜਨ ’ਚ ਕਰੀਬ 10 ਫ਼ੀਸਦੀ ਤੱਕ ਕਮੀ ਲਿਆਂਦੀ ਜਾ ਸਕਦੀ ਹੈ•। ਇਸਦੇ ਲਈ ਖੇਤਾਂ ’ਚ ਪਾਣੀ ਦਾ ਬਿਹਤਰ ਪ੍ਰਬੰਧ, ਫ਼ਸਲੀ ਰਹਿੰਦ-ਖੂੰਹਦ ਦੀ ਸੰਤੁਲਿਤ ਵਰਤੋਂ ਤੇ ਖਾਦਾਂ ਦੀ ਵੱਧ ਪ੍ਰਭਾਵਸ਼ਾਲੀ ਵਰਤੋਂ ਵਰਗੇ ਉਪਾਅ ਅਪਣਾਉਣੇ ਹੋਣਗੇ। ਖੋਜ ਦੀ ਸਹਿ-ਲੇਖਕਾ ਤੇ ਇੰਜੀਨੀਅਰਿੰਗ ਪ੍ਰੋਫੈਸਰ ਸੁਸਾਨ ਪੈਨ ਨੇ ਕਿਹਾ ਕਿ ਇਹ ਅਜਿਹੇ ਵਿਹਾਰਕ ਉਪਾਅ ਹਨ, ਜਿਨ੍ਹਾਂ ਨੂੰ ਕਿਸਾਨ ਹੁਣ ਵੀ ਅਪਣਾ ਸਕਦੇ ਹਨ ਤੇ ਇਸ ਨਾਲ ਵਾਤਾਵਰਣ ਟੀਚਿਆਂ ਨੂੰ ਹਾਸਲ ਕਰਨ ’ਚ ਮਦਦ ਮਿਲੇਗੀ।