ਸੋਚੋ...400 ਮੀਟਰ ਦਾ ਸਫ਼ਰ। ਜਿੰਨੀ ਦੂਰੀ ’ਚ ਆਮ ਇਨਸਾਨ ਦੋ ਵਾਰ ਸੜਕ ਪਾਰ ਕਰ ਲਵੇ। ਓਨੇ ਰਸਤੇ ਲਈ ਤੁਸੀਂ ਕਿੰਨਾ ਕਿਰਾਇਆ ਦੇਵੋਗੇ? 50 ਰੁਪਏ? 80 ਰੁਪਏ ਜਾਂ 100 ਰੁਪਏ? ਪਰ ਅਮਰੀਕਾ ਤੋਂ ਆਈ ਇਕ ਮਹਿਲਾ ਸੈਲਾਨੀ ਲਈ ਇਹ ਮਾਮੂਲੀ ਦੂਰੀ ਦੁਨੀਆ ਦੀ ਸਭ ਤੋਂ ਮਹਿੰਗੀ ਟੈਕਸੀ ਰਾਈਡ ਪੂਰੇ 18000 ਰੁਪਏ ’ਚ ਪਈ

ਮੁੰਬਈ (ਏਜੰਸੀ) : ਭਾਰਤ ਅਤਿਥੀ ਦੇਵੇ ਭਵ ਦੀ ਪਰੰਪਰਾ ਲਈ ਪੂਰੀ ਦੁਨੀਆ ’ਚ ਜਾਣਿਆ ਜਾਂਦਾ ਹੈ। ਵਿਦੇਸ਼ੀ ਸੈਲਾਨੀਆਂ ਦੇ ਸਵਾਗਤ-ਸਤਿਕਾਰ ਤੋਂ ਲੈਕੇ ਦੇਸ਼ ਦੀ ਸਕਾਰਾਤਮਕ ਅਕਸ ਬਣਾਉਣ ਲਈ ਸਰਕਾਰ ਲਗਾਤਾਰ ਇਨਕ੍ਰੈਡੀਬਲ ਇੰਡੀਆ ਤੇ ਗਲੋਬਲ ਟੂਰਿਜ਼ਮ ਪ੍ਰਮੋਸ਼ਨ ਵਰਗੀਆਂ ਮੁਹਿੰਮਾਂ ’ਤੇ ਕਰੋੜਾਂ ਰੁਪਏ ਖ਼ਰਚ ਕਰ ਰਹੀ ਹੈ ਪਰ ਇਸੇ ਦੌਰਾਨ ਮਾਇਆਨਗਰੀ ਮੁੰਬਈ ਤੋਂ ਸਾਹਮਣੇ ਆਈ ਸ਼ਰਮਨਾਕ ਘਟਨਾ ਨੇ ਇਨ੍ਹਾਂ ਸਾਰੇ ਯਤਨਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇੱਥੇ ਇੱਕ ਅਮਰੀਕੀ ਮਹਿਲਾ ਸੈਲਾਨੀ ਨਾਲ ਟੈਕਸੀ ਚਾਲਕ ਨੇ ਅਜਿਹਾ ਧੋਖਾ ਕੀਤਾ ਕਿ 400 ਮੀਟਰ ਦਾ ਸਫਰ ਸਿੱਧਾ 18000 ਰੁਪਏ ’ਚ ਤਬਦੀਲ ਹੋ ਗਿਆ। ਹਾਲਾਂਕਿ ਮਾਮਲਾ ਸਾਹਮਣੇ ਆਉਂਦੇ ਹੀ ਮੁੰਬਈ ਪੁਲਿਸ ਨੇ ਫ਼ੌਰੀ ਕਾਰਵਾਈ ਕਰਦੇ ਹੋਏ ਸਿਰਫ਼ ਤਿੰਨ ਘੰਟੇ ਦੇ ਅੰਦਰ ਮੁਲਜ਼ਮ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨਾਲ ਇਹ ਸਾਫ਼ ਹੋ ਗਿਆ ਕਿ ਵਿਦੇਸ਼ੀ ਮਹਿਮਾਨਾਂ ਦੀ ਸੁਰੱਖਿਆ ਤੇ ਸਨਮਾਨ ਨਾਲ ਸਮਝੌਤਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਸੋਚੋ...400 ਮੀਟਰ ਦਾ ਸਫ਼ਰ। ਜਿੰਨੀ ਦੂਰੀ ’ਚ ਆਮ ਇਨਸਾਨ ਦੋ ਵਾਰ ਸੜਕ ਪਾਰ ਕਰ ਲਵੇ। ਓਨੇ ਰਸਤੇ ਲਈ ਤੁਸੀਂ ਕਿੰਨਾ ਕਿਰਾਇਆ ਦੇਵੋਗੇ? 50 ਰੁਪਏ? 80 ਰੁਪਏ ਜਾਂ 100 ਰੁਪਏ? ਪਰ ਅਮਰੀਕਾ ਤੋਂ ਆਈ ਇਕ ਮਹਿਲਾ ਸੈਲਾਨੀ ਲਈ ਇਹ ਮਾਮੂਲੀ ਦੂਰੀ ਦੁਨੀਆ ਦੀ ਸਭ ਤੋਂ ਮਹਿੰਗੀ ਟੈਕਸੀ ਰਾਈਡ ਪੂਰੇ 18000 ਰੁਪਏ ’ਚ ਪਈ। ਘਟਨਾ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਹੈ। ਅਮਰੀਕੀ ਸੈਲਾਨੀ ਮਹਿਲਾ ਨੇ ਨੇੜੇ ਹੀ ਪੰਜ ਤਾਰਾ ਹੋਟਲ ਜਾਣਾ ਸੀ, ਜਿਸ ਦੀ ਦੂਰੀ ਸਿਰਫ਼ 400 ਮੀਟਰ ਸੀ ਪਰ ਟੈਕਸੀ ਚਾਲਕ ਦੇਸ਼ ਰਾਜ ਯਾਦਵ ਨੇ ਸਿੱਧਾ ਹੋਟਲ ਪਹੁੰਚਾਉਣ ਦੀ ਬਜਾਏ ਪਹਿਲਾਂ 20 ਮਿੰਟਾਂ ਤੱਕ ਪੂਰਬੀ ਅੰਧੇਰੀ ਦੀਆਂ ਗਲੀਆਂ ’ਚ ਘੁਮਾਇਆ। ਕਦੀ ਸੱਜੇ ਮੋੜਿਆ, ਕਦੀ ਖੱਬੇ...ਫਿਰ ਉਸੇ ਇਲਾਕੇ ’ਚ ਵਾਪਸ ਲਿਆ ਕੇ ਹੋਟਲ ਛੱਡਿਆ ਤੇ ਫੜਾ ਦਿੱਤਾ ਕਰੀਬ 200 ਡਾਲਰ ਯਾਨੀ ਪੂਰੇ 18 ਹਜ਼ਾਰ ਰੁਪਏ ਦਾ ਬਿੱਲ।
ਪੀੜਤਾ ਨੇ ਐਕਸ ’ਤੇ ਸਾਂਝਾ ਕੀਤਾ ਦਰਦ
ਠੱਗੀ ਦਾ ਸ਼ਿਕਾਰ ਹੋਈ ਮਹਿਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਆਪਣਾ ਦਰਦ ਸਾਂਝਾ ਕੀਤਾ, ਉਸਨੇ ਲਿਖਿਆ ਮੈਂ ਮੁੰਬਈ ਪਹੁੰਚੀ, ਉੱਥੇ ਮੈਂ ਟੈਕਸੀ ਲਈ ਡਰਾਈਵਰ ਤੇ ਇਕ ਹੋਰ ਵਿਅਕਤੀ ਸਾਨੂੰ ਪਹਿਲਾਂ ਕਿਸੇ ਅਣਪਛਾਤੀ ਥਾਂ ਲੈ ਗਏ ਫਿਰ 200 ਡਾਲਰ ਵਸੂਲੇ ਤੇ ਆਖਰ ’ਚ ਹੋਟਲ ਛੱਡਿਆ... ਜੋ ਸਿਰਫ਼ 400 ਮੀਟਰ ਦੂਰ ਸੀ। ਪੋਸਟ ਵਾਇਰਲ ਹੁੰਦੇ ਹੀ ਮੁੰਬਈ ਪੁਲਿਸ ਹਰਕਤ ’ਚ ਆਈ। ਪੁਲਿਸ ਨੇ ਖੁਦ ਨੋਟਿਸ ਲੈਂਦੇ ਹੋਏ ਐੱਫਆਈਆਰ ਦਰਜ ਕੀਤੀ ਤੇ ਸਿਰਫ਼ ਤਿੰਨ ਘੰਟਿਆਂ ਦੇ ਅੰਦਰ ਮੁਲਜ਼ਮ ਟੈਕਸੀ ਚਾਲਕ ਨੂੰ ਫੜ ਲਿਆ। ਫਿਲਹਾਲ ਉਸਦੇ ਸਾਥੀ ਦੀ ਭਾਲ ਜਾਰੀ ਹੈ ਤੇ ਡਰਾਈਵਰ ਦਾ ਡਰਾਈਵਿੰਗ ਲਾਇਸੈਂਸ ਰੱਦ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।