ਦਰਾਮਦ ਦੀ ਜ਼ਿੰਮੇਵਾਰੀ ਇੰਡੀਅਨ ਪੋਟਾਸ਼ ਲਿਮਟਿਡ (ਆਈਪੀਐੱਲ) ਨੂੰ ਦਿੱਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਹ ਯੂਰੀਆ ਸਿਰਫ ਦੋ ਮਹੀਨੇ ਪਹਿਲਾਂ ਦੇ ਮੁਕਾਬਲੇ ਲਗਪਗ ਦੁਗਣੀ ਕੀਮਤ ’ਤੇ ਖਰੀਦੀ ਜਾ ਰਹੀ ਹੈ ਪਰ ਇਸ ਦਾ ਬੋਝ ਕਿਸਾਨਾਂ ’ਤੇ ਨਹੀਂ ਪਾਇਆ ਜਾਵੇਗਾ।

ਅਰਵਿੰਦ ਸ਼ਰਮਾ, ਜਾਗਰਣ, ਨਵੀਂ ਦਿੱਲੀ : ਖਾੜੀ ਸੰਕਟ ਦੇ ਕਾਰਨ ਖਾਦਾਂ ਦੀਆਂ ਆਲਮੀ ਕੀਮਤਾਂ ’ਚ ਆਈ ਤੇਜ਼ੀ ਦੇ ਬਾਵਜੂਦ ਕਿਸਾਨਾਂ ਨੂੰ ਸਸਤੀ ਦਰਾਂ ’ਤੇ ਖਾਦ ਮੁਹੱਈਆ ਕਰਾਉਣ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਖ਼ਰੀਫ ਸੀਜ਼ਨ ਤੋਂ ਪਹਿਲਾਂ ਕੇਂਦਰ ਸਰਕਾਰ ਇਕੱਠਾ 25 ਲੱਖ ਟਨ ਯੂਰੀਆ ਦਰਾਮਦ ਕਰਨ ਜਾ ਰਹੀ ਹੈ, ਜੋ ਦੇਸ਼ ਦੀ ਕੁੱਲ ਸਾਲਾਨਾ ਦਰਾਮਦ ਦਾ ਲਗਪਗ ਇਕ ਚੌਥਾਈ ਹੈ। ਦਰਾਮਦ ਦੀ ਜ਼ਿੰਮੇਵਾਰੀ ਇੰਡੀਅਨ ਪੋਟਾਸ਼ ਲਿਮਟਿਡ (ਆਈਪੀਐੱਲ) ਨੂੰ ਦਿੱਤੀ ਗਈ ਹੈ। ਖ਼ਾਸ ਗੱਲ ਇਹ ਹੈ ਕਿ ਇਹ ਯੂਰੀਆ ਸਿਰਫ ਦੋ ਮਹੀਨੇ ਪਹਿਲਾਂ ਦੇ ਮੁਕਾਬਲੇ ਲਗਪਗ ਦੁਗਣੀ ਕੀਮਤ ’ਤੇ ਖਰੀਦੀ ਜਾ ਰਹੀ ਹੈ ਪਰ ਇਸ ਦਾ ਬੋਝ ਕਿਸਾਨਾਂ ’ਤੇ ਨਹੀਂ ਪਾਇਆ ਜਾਵੇਗਾ।
ਖਾੜੀ ਦੇਸ਼ਾਂ ’ਚ ਵਧਦੇ ਤਣਾਅ ਦੇ ਵਿਚਾਲੇ ਹੋਰਮੁਜ਼ ਜਲਡਮਰੂਮੱਧ ’ਚ ਰੁਕਾਵਟ ਦੇ ਕਾਰਨ ਆਲਮੀ ਸਪਲਾਈ ਚੇਨ ਪ੍ਰਭਾਵਿਤ ਹੈ। ਇਸ ਨਾਲ ਅਮੋਨੀਆ ਤੇ ਯੂਰੀਆ ਵਰਗੀਆਂ ਖਾਦਾਂ ਦੀ ਉਪਲਬਧਤਾ ਘਟਨ ਦੇ ਨਾਲ ਉਨ੍ਹਾਂ ਦੀਆਂ ਕੀਮਤਾਂ ’ਚ ਭਾਰੀ ਉਤਰਾਅ-ਚੜ੍ਹਾਅ ਦੇਖਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਭਾਰਤ ਨੂੰ ਇਸ ਵਾਰ ਯੂਰੀਆ 935 ਤੋਂ 959 ਡਾਲਰ ਪ੍ਰਤੀ ਟਨ ਦੀ ਦਰ ’ਤੇ ਖਰੀਦਣਾ ਪੈ ਰਿਹਾ ਹੈ ਜਦਕਿ ਦੋ ਮਹੀਨੇ ਪਹਿਲਾਂ ਇਸ ਦੀ ਕੀਮਤ ਲਗਪਗ ਪੰਜ ਸੌ ਡਾਲਰ ਪ੍ਰਤੀ ਟਨ ਸੀ। ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਸਬਸਿਡੀ ਰੇਟ ’ਤੇ ਮਿਲਨ ਵਾਲੀ ਖਾਦ ਦੀਆਂ ਕੀਮਤਾਂ ’ਚ ਕੋਈ ਬਦਲਾਅ ਨਹੀਂ ਹੋਵੇਗਾ। ਯੂਰੀਆ ਦਾ 45 ਕਿਲੋ ਦਾ ਬੈਗ 266.50 ਰੁਪਏ ਤੇ ਡੀਏਪੀ ਦਾ 50 ਕਿਲੋ ਦਾ ਬੈਗ 1350 ਰੁਪਏ ’ਚ ਹੀ ਮੁਹੱਈਆ ਰਹੇਗਾ। ਕੌਮਾਂਤਰੀ ਬਾਜ਼ਾਰ ’ਚ ਕੀਮਤਾਂ ਵਧਨ ਦੇ ਬਾਵਜੂਦ ਕਿਸਾਨਾਂ ਨੂੰ ਰਾਹਤ ਦੇਣ ਲਈ ਸਰਕਾਰ ਵੱਧ ਸਬਸਿਡੀ ਦਾ ਬੋਝ ਉਠਾਏਗੀ। ਇਸੇ ਲੜੀ ’ਚ ਕੇਂਦਰੀ ਕੈਬਨਿਟ ਨੇ ਇਸੇ ਮਹੀਨੇ ਖ਼ਰੀਫ ਸੀਜ਼ਨ ਲਈ 41,533.81 ਕਰੋੜ ਰੁਪਏ ਦੀ ਖਾਦ ਸਬਸਿਡੀ ਨੂੰ ਮਨਜ਼ੂਰੀ ਦਿੱਤੀ ਹੈ, ਜੋ ਪਿਛਲੇ ਸਾਲ ਤੋਂ ਚਾਰ ਹਜ਼ਾਰ ਕਰੋੜ ਵੱਧ ਹੈ। ਹਾਲਾਂਕਿ ਇਸ ਦਾ ਸਿੱਧਾ ਅਸਰ ਸਰਕਾਰੀ ਖਜ਼ਾਨੇ ’ਤੇ ਪਵੇਗਾ। ਜਦ ਕੌਮਾਂਤਰੀ ਕੀਮਤਾਂ ਵਧਦੀਆਂ ਹਨ ਤੇ ਘਰੇਲੂ ਕੀਮਤਾਂ ਸਥਿਰ ਰੱਖੀਆਂ ਜਾਂਦੀਆਂ ਹਨ ਤਾਂ ਦੋਨਾਂ ਦੇ ਵਿਚਾਲੇ ਦਾ ਫਰਕ ਸਰਕਾਰ ਨੂੰ ਸਬਸਿਡੀ ਦੇ ਰੂਪ ’ਚ ਦੇਣਾ ਪੈਂਦਾ ਹੈ।
ਦੇਸ਼ ’ਚ ਅਜੇ ਯੂਰੀਆ ਦਾ ਸੰਕਟ ਨਹੀਂ
ਦੇਸ਼ ’ਚ ਅਜੇ ਯੂਰੀਆ ਦਾ ਸੰਕਟ ਨਹੀਂ ਹੈ ਪਰ ਨਿਰੰਤਰਤਾ ਨੂੰ ਬਣਾਏ ਰੱਖਣ ਲਈ ਦਰਾਮਦ ਜ਼ਰੂਰੀ ਹੈ। ਸਰਕਾਰ ਨੇ ਦਰਾਮਦ ਪ੍ਰਕਿਰਿਆ ਨੂੰ ਕੇਂਦਰੀਕ੍ਰਿਤ ਰੱਖਦੇ ਹੋਏ ਇੰਡੀਅਨ ਪੋਟਾਸ਼ ਲਿਮਟਿਡ ਨੂੰ ਮੁੱਖ ਏਜੰਸੀ ਬਣਾਇਆ ਹੈ। ਵੱਡੇ ਪੱਧਰ ’ਤੇ ਇਕਮੁਸ਼ਤ ਖ਼ਰੀਦ ਦਾ ਫਾਇਦਾ ਇਹ ਵੀ ਮਿਲਿਆ ਕਿ ਟੈਂਡਰ ’ਚ ਲੋੜ ਤੋਂ ਵੱਧ ਸਪਲਾਈ ਦੇ ਪ੍ਰਸਤਾਵ ਆਏ ਤੇ ਮੁਕਾਬਲੇਬਾਜ਼ੀ ਦੇ ਚਲਦਿਆਂ ਸਪਲਾਇਰਾਂ ਨੇ ਘੱਟ ਦਰ ’ਤੇ ਸੌਦਾ ਕਰਨ ਨੂੰ ਸਹਿਮਤੀ ਦਿੱਤੀ।
ਸਪਲਾਈ ’ਚ ਨਿਰੰਤਰਤਾ ਲਈ ਰੂਸ, ਮਿਸਰ, ਨਾਈਜੀਰੀਆ, ਓਮਾਨ, ਇੰਡੋਨੇਸ਼ੀਆ ਤੇ ਮਲੇਸ਼ੀਆ ਆਦਿ ਤੋਂ ਯੂਰੀਆ ਖਰੀਦਿਆ ਜਾਵੇਗਾ। ਰਵਾਇਤੀ ਸਮੁੰਦਰੀ ਮਾਰਗਾਂ ’ਚ ਰੁਕਾਵਟ ਨੂੰ ਦੇਖਦੇ ਹੋਏ ਕੇਪ ਆਫ ਗੁਡ ਹੋਪ ਵਰਗੇ ਬਦਲਵੇਂ ਰਸਤਿਆਂ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ ਤਾਂਕਿ ਸਮੇਂ ’ਤੇ ਖੇਪ ਪਹੁੰਚ ਸਕੇ। ਇੰਨੀ ਵੱਡੀ ਖਰੀਦ ਦਾ ਅਸਰ ਆਲਮੀ ਬਾਜ਼ਾਰ ’ਤੇ ਪੈ ਸਕਦਾ ਹੈ। ਭਾਰਤ ਸਭ ਤੋਂ ਵੱਡਾ ਯੂਰੀਆ ਦਰਾਮਦਕਾਰ ਦੇਸ਼ ਹੈ ਤੇ ਇਕ ਵਾਰ ’ਚ ਇੰਨੀ ਵੱਡੀ ਮਿਕਦਾਰ ’ਚ ਯੂਰੀਆ ਖਰੀਦਨ ਨਾਲ ਕੌਮਾਂਤਰੀ ਕੀਮਤਾਂ ’ਚ ਹੋਰ ਤੇਜ਼ੀ ਆ ਸਕਦੀ ਹੈ। ਇਸ ਨਾਲ ਹੋਰ ਦੇਸ਼ਾਂ ਲਈ ਖਾਦ ਹਾਸਲ ਕਰਨਾ ਮਹਿੰਗਾ ਤੇ ਮੁਸ਼ਕਲ ਹੋ ਸਕਦਾ ਹੈ। ਦੇਸ਼ ’ਚ ਅਜੇ ਖਾਦਾਂ ਦਾ ਭੰਡਾਰ ਬੇਹਤਰ ਹੈ। ਪਿਛਲੇ ਸਾਲ ਮਾਰਚ ’ਚ 138.79 ਲੱਖ ਟਨ ਦਾ ਸਟਾਕ ਸੀ। ਇਸ ਵਾਰ ਹੁਣ ਤੱਕ 180.04 ਲੱਖ ਟਨ ਹੈ, ਜੋ 29.72 ਫੀਸਦ ਵੱਧ ਹੈ।
ਖਾਦ ਭੰਡਾਰ (ਲੱਖ ਟਨ ’ਚ) :
ਉਤਪਾਦ ਮਾਰਚ 2026 ਮਾਰਚ 2025
ਯੂਰੀਆ 61.14 55.22
ਡੀਏਪੀ 24.24 11.85
ਐੱਨਪੀਕੇ 57.21 34.44
ਐੱਸਐੱਸਪੀ 24.80 23.15
ਐੱਮਓਪੀ 12.65 14.13
ਸ੍ਰੋਤ-ਖਾਦ ਮੰਤਰਾਲਾ