ਪਖਾਨਿਆਂ ਤੇ ਸੈਨੇਟਰੀ ਨੈਪਕਿਨ ਦੀ ਕਮੀ ਕਾਰਨ ਬੰਦ ਨਹੀਂ ਹੋਣੀ ਚਾਹੀਦੀ ਧੀਆਂ ਦੀ ਪੜ੍ਹਾਈ : ਸੁਪਰੀਮ ਕੋਰਟ
ਇਹ ਦੇਸ਼ ਦੀਆਂ ਔਰਤਾਂ ਤੇ ਲੜਕੀਆਂ ਲਈ ਚੰਗਾ ਹੈ। ਲੜਕੀਆਂ ਨੂੰ ਸਿਰਫ ਇਸ ਕਾਰਨ ਪੜ੍ਹਾਈ ਨਹੀਂ ਛੱਡਣੀ ਚਾਹੀਦੀ ਤੇ ਘਰ ਬੈਠ ਕੇ ਸਿਰਫ ਘਰੇਲੂ ਕੰਮ ਨਹੀਂ ਕਰਨਾ ਚਾਹੀਦਾ।
Publish Date: Tue, 26 May 2026 12:51 PM (IST)
Updated Date: Tue, 26 May 2026 12:53 PM (IST)
ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਸਕੂਲਾਂ ’ਚ ਸੈਨੇਟਰੀ ਨੈਪਕਿਨ ਤੇ ਪਖਾਨਿਆਂ ਦੀ ਕਮੀ ਕਾਰਨ ਧੀਆਂ ਦੀ ਪੜ੍ਹਾਈ ਬੰਦ ਹੋਣ ’ਤੇ ਖ਼ਾਸ ਟਿੱਪਣੀ ਕੀਤੀ ਹੈ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਲੜਕੀਆਂ ਦੇ ਸਾਹਮਣੇ ਸਿਰਫ ਇਸ ਕਾਰਨ ਪੜ੍ਹਾਈ ਛੱਡਣ ਦੀ ਸਥਿਤੀ ਨਹੀਂ ਆਉਣੀ ਚਾਹੀਦੀ ਕਿ ਸਕੂਲਾਂ ’ਚ ਸੈਨੇਟਰੀ ਨੈਪਕਿਨ ਤੇ ਉਨ੍ਹਾਂ ਲਈ ਵੱਖਰਾ ਪਖਾਨਾ ਨਹੀਂ ਹੈ। ਕੋਰਟ ਨੇ ਕੇਂਦਰ ਨੂੰ ਇਸ ਬਾਰੇ ਉਸ ਦੇ ਨਿਰਦੇਸ਼ਾਂ ਦਾ ਪੂਰੀ ਤਰ੍ਹਾਂ ਪਾਲਣ ਯਕੀਨੀ ਕਰਨ ਲਈ ਕਿਹਾ ਹੈ।
ਅਦਾਲਤ ਦੀ ਇਹ ਟਿੱਪਣੀ ਉਦੋਂ ਆਈ ਹੈ, ਜਦ ਕੇਂਦਰ ਨੇ ਕਿਹਾ ਕਿ 30 ਜਨਵਰੀ ਨੂੰ ਦਿੱਤੇ ਗਏ ਉਸ ਦੇ ਫੈਸਲੇ ਨਾਲ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਿਤ ਸੂਬਿਆਂ ’ਚ ਕੋਸ਼ਿਸ਼ਾਂ ’ਚ ਤੇਜ਼ੀ ਆਈ ਹੈ। ਉਸ ਫੈਸਲੇ ’ਚ ਅਧਿਕਾਰੀਆਂ ਨੂੰ ਲੜਕੀਆਂ ਨੂੰ ਮੁਫਤ ਸੈਨੇਟਰੀ ਨੈਪਕਿਨ ਤੇ ਉਨ੍ਹਾਂ ਲਈ ਵੱਖਰੇ ਪਖਾਨੇ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਜਸਟਿਸ ਜੇਬੀ ਪਾਰਦੀਵਾਲਾ ਤੇ ਜਸਟਿਸ ਆਰ ਮਹਾਦੇਵਨ ਦੀ ਬੈਂਚ ਨੇ ਕਿਹਾ,‘ਇਸ ਦੀ ਸਹੀ ਵਰਤੋਂ ਕਰੋ। ਇਹ ਦੇਸ਼ ਦੀਆਂ ਔਰਤਾਂ ਤੇ ਲੜਕੀਆਂ ਲਈ ਚੰਗਾ ਹੈ। ਲੜਕੀਆਂ ਨੂੰ ਸਿਰਫ ਇਸ ਕਾਰਨ ਪੜ੍ਹਾਈ ਨਹੀਂ ਛੱਡਣੀ ਚਾਹੀਦੀ ਤੇ ਘਰ ਬੈਠ ਕੇ ਸਿਰਫ ਘਰੇਲੂ ਕੰਮ ਨਹੀਂ ਕਰਨਾ ਚਾਹੀਦਾ।
ਹਰ ਤਿੰਨ ਮਹੀਨੇ ’ਚ ਤਰੱਕੀ ਰਿਪੋਰਟ ਦੇਣ ਲਈ ਕਿਹਾ
ਸੋਮਵਾਰ ਨੂੰ ਸੁਣਵਾਈ ’ਚ ਸੁਪਰੀਮ ਕੋਰਟ ਨੇ ਕਿਹਾ ਕਿ ਕੇਂਦਰ ਨੂੰ ਇਸ ਸਬੰਧ ’ਚ ਸਾਰੇ ਸੂਬਿਆਂ ਦਾ ਮਾਰਗਦਰਸ਼ਨ ਕਰਨਾ ਚਾਹੀਦਾ। ਉਸ ਦੇ ਨਿਰਦੇਸ਼ਾਂ ਦੇ ਪਾਲਣ ਦੇ ਸਬੰਧ ’ਚ ਡਾਟਾ ਇਕੱਠਾ ਕਰਨਾ ਚਾਹੀਦਾ। ਕੇਂਦਰ ਨੂੰ ਮਾਮਲੇ ’ਚ ਹਰ ਤਿੰਨ ਮਹੀਨਿਆਂ ’ਚ ਤਰੱਕੀ ਰਿਪੋਰਟ ਪੇਸ਼ ਕਰਨ ਨੂੰ ਕਿਹਾ ਗਿਆ ਹੈ।