ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਮੈਨਿਊਫੈਕਚਰਿੰਗ ਤੇ ਸਰਵਿਸ ਸੈਕਟਰ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਵਿਕਾਸ ਦਰ ਨੂੰ ਅੱਠ ਫ਼ੀਸਦੀ ਦੇ ਪਾਰ ਪਹੁੰਚਣ ’ਚ ਮਦਦ ਮਿਲੀ। ਦੂਜੀ ਤਿਮਾਹੀ ’ਚ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਮੁਕਾਬਲੇ ਸੇਵਾ ਸੈਕਟਰ ’ਚ 9.2 ਫ਼ੀਸਦੀ ਤੇ ਮੈਨਿਊਫੈਕਚਰਿੰਗ ’ਚ 9.1 ਫ਼ੀਸਦੀ ਦਾ ਵਾਧਾ ਰਿਹਾ।

ਜਾਗਰਣ ਬਿਊਰੋ, ਨਵੀਂ ਦਿੱਲੀ : ਦੇਸ਼ ਵਿਦੇਸ਼ਾਂ ਦੀਆਂ ਤਮਾਮ ਏਜੰਸੀਆਂ ਦੇ ਅੰਦਾਜ਼ੇ ਨੂੰ ਗ਼ਲਤ ਸਾਬਿਤ ਕਰਦੇ ਹੋਏ ਚਾਲੂ ਵਿੱਤੀ ਸਾਲ 2025-26 ਦੀ ਦੂਜੀ ਤਿਮਾਹੀ (ਜੁਲਾਈ-ਸਤੰਬਰ) ’ਚ ਜੀਡੀਪੀ ਵਿਕਾਸ ਦਰ 8.2 ਫ਼ੀਸਦੀ ਦੇ ਪੱਧਰ ’ਤੇ ਪਹੁੰਚ ਗਈ। ਬੀਤੀਆਂ ਛੇ ਤਿਮਾਹੀਆਂ ’ਚ ਇਹ ਵਿਕਾਸ ਦਰ ਸਭ ਤੋਂ ਵੱਧ ਹੈ। ਇਕ ਸਾਲ ਪਹਿਲਾਂ ਦੀ ਬਰਾਬਰ ਮਿਆਦ ’ਚ ਵਿਕਾਸ ਦਰ 5.6 ਫ਼ੀਸਦੀ ਸੀ। ਪਿਛਲੀ ਵਾਰ ਸਭ ਤੋਂ ਵੱਧ 8.4% ਦੀ ਵਿਕਾਸ ਦਰ ਵਿੱਤੀ ਸਾਲ 2023-24 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ’ਚ ਦਰਜ ਕੀਤੀ ਗਈ ਸੀ।
ਖ਼ਾਸ ਗੱਲ ਇਹ ਹੈ ਕਿ ਇਸ ਸਾਲ ਜੁਲਾਈ-ਸਤੰਬਰ ਦੀ ਮਿਆਦ ’ਚ ਭਾਰਤੀ ਅਰਥਚਾਰੇ ਨੇ ਵਿਕਾਸ ਦਰ ਦੇ ਮਾਮਲੇ ’ਚ ਦੁਨੀਆ ਦੇ ਸਾਰੇ ਅਹਿਮ ਅਰਥਚਾਰਿਆਂ ਨੂੰ ਮੁੜ ਪਿੱਛੇ ਛੱਡ ਦਿੱਤਾ ਹੈ। ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ’ਚ ਜੀਡੀਪੀ ਵਿਕਾਸ ਦਰ 7.8 ਫ਼ੀਸਦੀ ਦਰਜ ਕੀਤੀ ਗਈ ਸੀ। ਇਸ ਤਰ੍ਹਾਂ ਚਾਲੂ ਵਿੱਤੀ ਸਾਲ ਦੀ ਪਹਿਲੀ ਛਿਮਾਹੀ (ਅਪ੍ਰੈਲ-ਸਤੰਬਰ) ’ਚ ਭਾਰਤ ਦੀ ਵਿਕਾਸ ਦਰ ਅੱਠ ਫ਼ੀਸਦੀ ਰਹੀ। ਪਿਛਲੀ ਤਿਮਾਹੀ ’ਚ ਇਸ ਮਜ਼ਬੂਤ ਵਿਕਾਸ ਦਰ ਤੇ ਅਰਥਚਾਰੇ ਦੇ ਵੱਖ ਵੱਖ ਸੂਚਕਅੰਕ ’ਚ ਮਜ਼ਬੂਤੀ ਨੂੰ ਦੇਖਦੇ ਹੋਏ ਸ਼ੁੱਕਰਵਾਰ ਨੂੰ ਦੇਸ਼ ਦੇ ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰ ਨੇ ਚਾਲੂ ਵਿੱਤੀ ਸਾਲ ’ਚ ਵਿਕਾਸ ਦਰ ਸੱਤ ਫ਼ੀਸਦੀ ਤੋਂ ਵੱਧ ਰਹਿਣ ਦਾ ਅੰਦਾਜ਼ਾ ਲਗਾਇਆ ਹੈ। ਅਰਥਚਾਰੇ ਲਈ ਚੰਗੀ ਖ਼ਬਰ ਇਹ ਵੀ ਹੈ ਕਿ ਚਾਲੂ ਵਿੱਤੀ ਸਾਲ ਦੀ ਸਮਾਪਤੀ ਤੱਕ ਦੇਸ਼ ਦਾ ਅਰਥਚਾਰਾ ਚਾਰ ਟ੍ਰਿਲੀਅਨ ਡਾਲਰ ਦੇ ਪਾਰ ਹੋ ਜਾਵੇਗਾ।
ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਮੈਨਿਊਫੈਕਚਰਿੰਗ ਤੇ ਸਰਵਿਸ ਸੈਕਟਰ ਦੇ ਸ਼ਾਨਦਾਰ ਪ੍ਰਦਰਸ਼ਨ ਕਾਰਨ ਵਿਕਾਸ ਦਰ ਨੂੰ ਅੱਠ ਫ਼ੀਸਦੀ ਦੇ ਪਾਰ ਪਹੁੰਚਣ ’ਚ ਮਦਦ ਮਿਲੀ। ਦੂਜੀ ਤਿਮਾਹੀ ’ਚ ਪਿਛਲੇ ਵਿੱਤੀ ਸਾਲ ਦੀ ਦੂਜੀ ਤਿਮਾਹੀ ਦੇ ਮੁਕਾਬਲੇ ਸੇਵਾ ਸੈਕਟਰ ’ਚ 9.2 ਫ਼ੀਸਦੀ ਤੇ ਮੈਨਿਊਫੈਕਚਰਿੰਗ ’ਚ 9.1 ਫ਼ੀਸਦੀ ਦਾ ਵਾਧਾ ਰਿਹਾ। ਸਰਕਾਰੀ ਅੰਕੜਿਆਂ ਅਨੁਸਾਰ, ਚਾਲੂ ਵਿੱਤੀ ਸਾਲ ਦੀ ਦੂਜੀ ਤਿਮਾਹੀ ’ਚ ਜੀਡੀਪੀ 48.63 ਲੱਖ ਕਰੋੜ ਰੁਪਏ ਰਹੀ, ਜਦਕਿ ਪਿਛਲੇ ਵਿੱਤੀ ਸਾਲ ਦੀ ਬਰਾਬਰ ਮਿਆਦ ’ਚ ਜੀਡੀਪੀ 44.94 ਲੱਖ ਕਰੋੜ ਰੁਪਏ ਸੀ। ਦੂਜੀ ਤਿਮਾਹੀ ’ਚ ਮਹਿੰਗਾਈ ਦਰ ਦੇ ਦੋ ਫ਼ੀਸਦੀ ਤੋਂ ਵੀ ਘੱਟ ਰਹਿਣ ਤੇ ਖ਼ੁਰਾਕੀ ਪਦਾਰਥਾਂ ਦੀਆਂ ਕੀਮਤਾਂ ’ਚ ਗਿਰਾਵਟ ਨਾਲ ਵੀ ਵਿਕਾਸ ਦਰ ਨੂੰ ਰਫ਼ਤਾਰ ਮਿਲੀ। ਇਸ ਸਾਲ ਜੁਲਾਈ-ਸਤੰਬਰ ’ਚ ਬਰਾਮਦ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਤੇ ਇਸ ਨਾਲ ਵੀ ਜੀਡੀਪੀ ਨੂੰ ਸਮਰਥਨ ਮਿਲਿਆ। ਭਾਰਤੀ ਵਸਤਾਂ ’ਤੇ ਅਮਰੀਕਾ ਵੱਲੋਂ ਲਗਾਏ ਗਏ 50 ਫ਼ੀਸਦੀ ਟੈਰਿਫ ’ਤੇ ਅਮਲ ਅਗਸਤ ਮਹੀਨੇ ਦੇ ਆਖ਼ਰੀ ਹਫਤੇ ’ਚ ਸ਼ੁਰੂ ਹੋਇਆ। ਇਸ ਲਈ ਬੀਤੇ ਜੁਲਾਈ-ਅਗਸਤ ’ਚ ਬਰਾਮਦ ਦਾ ਪ੍ਰਦਰਸ਼ਨ ਮਜ਼ਬੂਤ ਰਿਹਾ ਤੇ ਇਸ ਨਾਲ ਜੀਡੀਪੀ ਨੂੰ ਉੱਚੀ ਛਾਲ ਮਾਰਨ ’ਚ ਮਦਦ ਮਿਲੀ।
2025-26 ਦੀ ਦੂਜੀ ਤਿਮਾਹੀ ’ਚ 8.2 ਫ਼ੀਸਦੀ ਦੀ ਵਾਧਾ ਦਰ ਹੌਸਲਾ ਵਧਾਉਣ ਵਾਲੀ ਹੈ। ਇਹ ਸਾਡੀਆਂ ਵਾਧਆ ਸਮਰਥਕ ਨੀਤੀਆਂ ਤੇ ਸੁਧਾਰਾਂ ਦੇ ਅਸਰ ਨੂੰ ਦਿਖਾਉਂਦੀ ਹੈ। ਇਹ ਸਾਡੇ ਲੋਕਾਂ ਦੀ ਸਖ਼ਤ ਮਿਹਨਤ ਤੇ ਹਿੰਮਤ ਨੂੰ ਵੀ ਪੇਸ਼ ਕਰਦੀ ਹੈ। ਸਾਡੀ ਸਰਕਾਰ ਸੁਧਾਰਾਂ ਨੂੰ ਅੱਗੇ ਵਧਾਉਂਧੀ ਰਹੇਗੀ ਤੇ ਹਰ ਨਾਗਰਿਕ ਲਈ ਈਜ਼ ਆਫ ਲਿਵਿੰਗ ਨੂੰ ਮਜ਼ਬੂਤ ਕਰੇਗੀ।
-ਨਰਿੰਦਰ ਮੋਦੀ, ਪ੍ਰਧਾਨ ਮੰਤਰੀ
ਦੂਜੀ ਤਿਮਾਹੀ ’ਚ 8.2 ਫ਼ੀਸਦੀ ਦੀ ਵਾਧਾ ਦਰ ਦਿਖਾਉਂਦੀ ਹੈ ਕਿ ਸੁਧਾਰਾਂ ਤੇ ਵਿੱਤੀ ਇਕਜੁੱਟਤਾ ਨੇ ਭਾਰਤੀ ਇਕੋਨਾਮੀ ਦੀ ਰਫ਼ਤਾਰ ਨੂੰ ਅੱਗੇ ਵਧਾਇਆ ਹੈ। ਇਹ ਅੰਕੜੇ ਦੱਸਦੇ ਹਨ ਕਿ ਭਾਰਤ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਇਕੋਨਾਮੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਐੱਨਡੀਏ ਸਰਕਾਰ ਇਸ ਵਾਧਾ ਦਰ ਨੂੰ ਬਣਾਈ ਰੱਖਣ ਤੇ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ।
-ਨਿਰਮਲਾ ਸੀਤਾਰਮਨ, ਵਿੱਤ ਮੰਤਰੀ
ਇਸ ਸਾਲ ਜੁਲਾਈ-ਸਤੰਬਰ ’ਚ ਕਿਹੜੇ ਦੇਸ਼ਾਂ ਦੀ ਕਿੰਨੀ ਰਹੀ ਵਿਕਾਸ ਦਰ (% ’ਚ)
ਭਾਰਤ 8.2
ਇੰਡੋਨੇਸ਼ੀਆ 5.0
ਚੀਨ 4.8
ਬ੍ਰਿਟੇਨ 1.3
ਜਾਪਾਨ 1.1
ਫਰਾਂਸ 0.9
ਜਰਮਨੀ 0.3
ਮੈਕਸੀਕੋ (-0.1)
ਬੀਤੀਆਂ ਦਸ ਤਿਮਾਹੀਆਂ ’ਚ ਵਿਕਾਸ ਦਰ (% ’ਚ)
ਅਪ੍ਰੈਲ-ਜੂਨ 2023 9.7
ਜੁਲਾਈ-ਸਤੰਬਰ 2023 9.3
ਅਕਤੂਬਰ-ਦਸੰਬਰ 2023 9.5
ਜਨਵਰੀ-ਮਾਰਚ 2024 8.4
ਅਪ੍ਰੈਲ-ਜੂਨ 2024 6.5
ਜੁਲਾਈ-ਸਤੰਬਰ 2024 5.6
ਅਕਤੂਬਰ-ਦਸੰਬਰ 2024 6.4
ਜਨਵਰੀ-ਮਾਰਚ 2025 7.4
ਅਪ੍ਰੈਲ-ਜੂਨ 2025 7.8
ਜੁਲਾਈ-ਸਤੰਬਰ 2025 8.2