ਅਨਮੋਲ 2022 ’ਚ ਦੇਸ਼ ਛੱਡ ਕੇ ਫ਼ਰਾਰ ਹੋ ਗਿਆ ਸੀ। ਕਈ ਦੇਸ਼ਾਂ ’ਚ ਰਹਿਣ ਤੋਂ ਬਾਅਦ ਉਹ ਕੁਝ ਸਮੇਂ ਤੋਂ ਅਮਰੀਕਾ ’ਚ ਸੀ। ਗੁਜਰਾਤ ਦੀ ਸਾਬਰਮਤੀ ਜੇਲ੍ਹ’ਚ ਬੰਦ ਲਾਰੈਂਸ ਬਿਸ਼ਨੋਈ ਦੇ ਅੱਤਵਾਦੀ ਸਿੰਡੀਕੇਟ ਨਾਲ ਗ੍ਰਿਫ਼ਤਾਰ ਉਹ 19ਵਾਂ ਬਦਮਾਸ਼ ਹੈ। 2020-2023 ਦੌਰਾਨ ਦੇਸ਼ ’ਚ ਵੱਖ-ਵੱਖ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗਰੁੱਪ ਦੀ ਉਹ ਸਰਗਰਮ ਰੂਪ ਨਾਲ ਮਦਦ ਕਰ ਰਿਹਾ ਸੀ।

ਜਾਗਰਣ ਟੀਮ, ਨਵੀਂ ਦਿੱਲੀ : ਅਮਰੀਕਾ ਤੋਂ ਹਵਾਲਗੀ ’ਤੇ ਭਾਰਤ ਲਿਆਂਦੇ ਗਏ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਗ੍ਰਿਫ਼ਤਾਰ ਕਰ ਲਿਆ। ਬੁੱਧਵਾਰ ਦੁਪਹਿਰ ਆਈਜੀਆਈ ਏਅਰਪੋਰਟ ’ਤੇ ਆਉਂਦੇ ਹੀ ਐੱਨਆਈਏ ਨੇ ਉਸਨੂੰ ਗ੍ਰਿਫ਼ਤਾਰ ਕਰ ਕੇ ਪਟਿਆਲਾ ਹਾਊਸ ਸਥਿਤ ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਦੀ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਸਨੂੰ 11 ਦਿਨਾਂ ਦੀ ਐੱਨਆਈਏ ਹਿਰਾਸਤ ’ਚ ਭੇਜ ਦਿੱਤਾ ਹੈ। ਮਾਮਲੇ ਦੀ ਸੁਣਵਾਈ ਬੰਦ ਕਮਰੇ ’ਚ ਹੋਈ। ਇਸ ਦੌਰਾਨ ਕੋਰਟ ਕੰਪਲੈਕਸ ’ਚ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗਏ ਸਨ। ਅਨਮੋਲ ’ਤੇ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੀ ਹੱਤਿਆ (ਮਈ 2022) ਤੇ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਸਮੇਤ 35 ਤੋਂ ਜ਼ਿਆਦਾ ਹੱਤਿਆ ਦੇ ਮਾਮਲਿਆਂ ਤੇ 20 ਤੋਂ ਜ਼ਿਆਦਾ ਅਗਵਾ, ਧਮਕੀ ਤੇ ਹਿੰਸਾ ਦੇ ਮਾਮਲੇ ਦਰਜ ਹਨ। ਐੱਨਆਈਏ ਨੇ ਦਲੀਲ ਦਿੱਤੀ ਕਿ ਅਨਮੋਲ ਬਿਸ਼ਨੋਈ ਸਿੰਡੀਕੇਟ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਜੁੜਿਆ ਹੈ, ਇਸ ਲਈ ਖਾਲਿਸਤਾਨੀ ਸਮਰਥਕ ਕੁਨੈਕਸ਼ਨ ਦੀ ਜਾਂਚ ਲਈ ਵੀ ਉਸ ਤੋਂ ਪੁੱਛਗਿੱਛ ਕੀਤੀ ਜਾਏਗੀ।
ਅਨਮੋਲ 2022 ’ਚ ਦੇਸ਼ ਛੱਡ ਕੇ ਫ਼ਰਾਰ ਹੋ ਗਿਆ ਸੀ। ਕਈ ਦੇਸ਼ਾਂ ’ਚ ਰਹਿਣ ਤੋਂ ਬਾਅਦ ਉਹ ਕੁਝ ਸਮੇਂ ਤੋਂ ਅਮਰੀਕਾ ’ਚ ਸੀ। ਗੁਜਰਾਤ ਦੀ ਸਾਬਰਮਤੀ ਜੇਲ੍ਹ’ਚ ਬੰਦ ਲਾਰੈਂਸ ਬਿਸ਼ਨੋਈ ਦੇ ਅੱਤਵਾਦੀ ਸਿੰਡੀਕੇਟ ਨਾਲ ਗ੍ਰਿਫ਼ਤਾਰ ਉਹ 19ਵਾਂ ਬਦਮਾਸ਼ ਹੈ। 2020-2023 ਦੌਰਾਨ ਦੇਸ਼ ’ਚ ਵੱਖ-ਵੱਖ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਗਰੁੱਪ ਦੀ ਉਹ ਸਰਗਰਮ ਰੂਪ ਨਾਲ ਮਦਦ ਕਰ ਰਿਹਾ ਸੀ। ਐੱਨਆਈਏ ਸਮੇਤ ਦਿੱਲੀ, ਮੁੰਬਈ, ਹਰਿਆਣਾ, ਪੰਜਾਬ ਤੇ ਰਾਜਸਥਾਨ ਪੁਲਿਸ ਨੂੰ ਅਨਮੋਲ ਬਿਸ਼ਨੋਈ ਦੀ ਕਈ ਸਾਲਾਂ ਤੋਂ ਭਾਲ ਸੀ। ਐੱਨਆਈਏ ਨੇ ਮਾਰਚ 2023 ’ਚ ਅਨਮੋਲ ਖ਼ਿਲਾਫ਼ ਇਕ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕੀਤੀ ਸੀ।
ਐੱਨਆਈਏ ਮੁਤਾਬਕ ਅਨਮੋਲ ਅਮਰੀਕਾ ਤੋਂ ਭਰਾ ਦਾ ਅੱਤਵਾਦੀ ਸਿੰਡੀਕੇਟ ਚਲਾ ਰਿਹਾ ਸੀ। ਜਾਂਚ ਤੋਂ ਪਤਾ ਲੱਗਾ ਕਿ ਅਨਮੋਲ ਆਪਣੇ ਗਿਰੋਹ ਦੇ ਸ਼ੂਟਰਾਂ ਤੇ ਗੁਰਗਿਆਂ ਨੂੰ ਸ਼ਰਨ ਤੋਂ ਲੈ ਕੇ ਹਰ ਤਰ੍ਹਾਂ ਦੀ ਰਸਦ ਮਦਦ ਦਿੰਦਾ ਸੀ ਤੇ ਸਿੰਡੀਕੇਟ ਨਾਲ ਗੱਠਜੋੜ ਵਾਲੇ ਗੈਂਗਸਟਰਾਂ ਦੀ ਮਦਦ ਨਾਲ ਵਿਦੇਸ਼ ਤੋਂ ਭਾਰਤ ’ਚ ਜਬਰੀ ਵਸੂਲੀ ਦਾ ਰੈਕੇਟ ਚਲਾ ਰਿਹਾ ਸੀ।ਐੱਨਆਈਏ, ਅੱਤਵਾਦੀਆਂ, ਗੈਂਗਸਟਰਾਂ ਤੇ ਹਥਿਆਰ ਤਸਕਰਾਂ ਵਿਚਾਲੇ ਗੱਠਜੋੜ ਨੂੰ ਤਬਾਹ ਕਰਨ ਦੀਆਂ ਕੋਸ਼ਿਸ਼ਾਂ ਤਹਿਤ, ਉਨ੍ਹਾਂ ਦੇ ਬੁਨਿਆਦੀ ਢਾਂਚੇ ਤੇ ਵਿੱਤੀ ਸਹਾਇਤਾ ਪਹੁੰਚਾਉਣ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ।
ਅਮਰੀਕੀ ਏਜੰਸੀਆਂ ਨੇ 2024 ’ਚ ਲਿਆ ਸੀ ਹਿਰਾਸਤ ’ਚ
ਅਮਰੀਕੀ ਏਜੰਸੀਆਂ ਨੇ 2024 ’ਚ ਅਨਮੋਲ ਨੂੰ ਹਿਰਾਸਤ ’ਚ ਲਿਆ ਸੀ। ਉਦੋਂ ਤੋਂ ਭਾਰਤ ਦੀਆਂ ਸੁਰੱਖਿਆ ਏਜੰਸੀਆਂ ਉਸਦੀ ਹਵਾਲਗੀ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀਆਂ ਸਨ। ਹਿਰਾਸਤ ’ਚ ਰਹਿੰਦੇ ਹੋਏ ਵੀ ਉਹ ਗਿਰੋਹ ਦੇ ਕਈ ਆਪ੍ਰੇਸ਼ਨ ਫਰਜ਼ੀ ਆਈਡੀ ਤੇ ਡਿਜੀਟਲ ਤਰੀਕਿਆਂ ਨਾਲ ਵਿਦੇਸ਼ ਤੋਂ ਚਲਾਉਂਦਾ ਰਿਹਾ। ਵਿਦੇਸ਼ ’ਚ ਉਸਦੇ ਪੰਜਾਬੀ ਸਿੰਗਰ ਕਰਨ ਔਜਲਾ ਨਾਲ ਇਕ ਨਾਈਟ ਪਾਰਟੀ ’ਚ ਦਿਖਣ ਦਾ ਇਕ ਵੀਡੀਓ ਵੀ ਪ੍ਰਸਾਰਿਤ ਹੋਇਆ ਸੀ।
ਗਿਰੋਹ ’ਚ ਹਨ 700 ਤੋਂ ਜ਼ਿਆਦਾ ਗੁਰਗੇ
ਅਨਮੋਲ ਦੀ ਕਸਟਡੀ ਮੰਗਣ ਦੌਰਾਨ ਦਲੀਲ ਦਿੱਤੀ ਕਿ ਹਿਰਾਸਤ ’ਚ ਪੁੱਛਗਿੱਛ ਨਾਲ ਉਸਦੇ ਸਾਥੀਆਂ, ਗਿਹੋਰ ’ਚ ਉਸਦੀ ਭੂਮਿਕਾ, ਸਿੰਡੀਕੇਟ ਦਾ ਸੰਚਾਲਨ, ਫੰਡਿੰਗ ਵਸੀਲੇ, ਇੰਟਰਨੈੱਟ ਮੀਡੀਆ ਅਕਾਊਂਟਸ ਤੇ ਹੋਰ ਲੋਕਾਂ ਦੀ ਭਾਈਵਾਲੀ ਤੇ ਨੈੱਟਵਰਕ ਦੀਆਂ ਸਰਗਰਮੀਆਂ ਦਾ ਪਤਾ ਲਗਾਇਆ ਜਾਏਗਾ। ਵਿਸ਼ੇਸ਼ ਸਰਕਾਰੀ ਵਕੀਲ ਰਾਹੁਲ ਤਿਆਗੀ ਨੇ ਦਲੀਲ ਦਿੱਤੀ ਕਿ ਲਾਰੈਂਸ ਦਾ ਭਰਾ ਅਨਮੋਲ ਸਿੰਡੀਕੇਟ ਚਲਾਉਣ ਤੇ ਅੱਤਵਾਦੀ-ਗੈਂਗਸਟਰ ਨੈੱਟਵਰਕ ’ਚ ਅਹਿਮ ਜਾਣਕਾਰੀ ਰੱਖਣ ਵਾਲਾ ਮੈਂਬਰ ਹੈ। ਐੱਨਆਈਏ ਨੇ ਦਲੀਲ ਦਿੱਤੀ ਕਿ ਲਾਰੈਂਸ ਬਿਸ਼ਨੋਈ ਗਿਰੋਹ ਨੇ ਗੋਲਡੀ ਬਰਾੜ, ਸਚਿਨ ਥਾਪਨ, ਵਿਕਰਮ ਬਰਾੜ ਤੇ ਅਨਮੋਲ ਵਰਗੇ ਸਹਿਯੋਗੀਆਂ ਦੇ ਜ਼ਰੀਏ ਨੈੱਟਵਰਕ ਦਾ ਵਿਸਥਾਰ ਕੀਤਾ। ਸਾਲ 2020 ਤੱਕ ਇਸ ਗਿਰੋਹ ਦੇ 700 ਤੋਂ ਜ਼ਿਆਦਾ ਗੁਰਗੇ ਸਨ ਤੇ ਇਹ ਕਰੋੜਾਂ ਦੀ ਸਾਲਾਨਾ ਕਮਾਈ ਕਰ ਰਿਹਾ ਸੀ। ਏਜੰਸੀ ਨੇ ਦਾਊਦ ਇਬਰਾਹੀਮ ਦੀ ਡੀ ਕੰਪਨੀ ਨਾਲ ਇਸਦੀ ਤੁਲਨਾ ਕਰਦੇ ਹੋਏ ਕਿਹਾ ਕਿ ਅਨਮੋਲ ਦਾ ਨੈੱਟਵਰਕ ਉੱਤਰ ਭਾਰਤ ’ਚ ਕਾਨੂੰਨ ਵਿਵਸਥਾ ਨੂੰ ਕਮਜ਼ੋਰ ਕਰਨ ਲਈ ਦਹਿਸ਼ਤ, ਹੱਤਿਆ ਤੇ ਵਸੂਲੀ ’ਚ ਸਰਗਰਮ ਸੀ।
ਦੋ ਪਾਸਪੋਰਟ ਹਨ ਅਨਮੋਲ ਕੋਲ
ਅਨਮੋਲ ਬਿਸ਼ਨੋਈ ਨੇ ਅਮਰੀਕਾ ’ਚ ਸ਼ਰਨ ਦੀ ਮੰਗ ਕੀਤੀ ਸੀ ਤਾਂ ਜੋ ਹਵਾਲਗੀ ਤੋਂ ਬਚਿਆ ਜਾ ਸਕੇ, ਪਰ 18 ਨਵੰਬਰ 2025 ਨੂੰ ਅਮਰੀਕੀ ਹੋਮਲੈਂਡ ਸਕਿਓਰਿਟੀ ਵਿਭਾਗ ਨੇ ਉਸਨੂੰ ਰਸਮੀ ’ਤੇ ਭਾਰਤ ਦੇ ਹਵਾਲੇ ਕੀਤਾ। ਅਨਮੋਲ ਕੋਲ ਦੋ ਭਾਰਤੀ ਪਾਸਪੋਰਟ ਹਨ, ਜਿਨ੍ਹਾਂ ’ਚੋਂ ਇਕ ਫਰਜ਼ੀ ਹੈ। ਅਨਮੋਲ ਸਾਲ 2022 ’ਚ ਫਰਜ਼ੀ ਪਾਸਪੋਰਟ ਦਾ ਇਸਤੇਮਾਲ ਕਰ ਕੇ ਭਾਰਤ ਤੋਂ ਭੱਜ ਗਿਆ ਸੀ। ਨਵੰਬਰ, 2024 ’ਚ, ਅਮਰੀਕਾ ਦੇ ਇਮੀਗਰੇਸ਼ਨ ਤੇ ਕਸਟਮਸ ਇਨਫੋਰਸਮੈਂਟ (ਆਈਸੀਈ) ਵਿਭਾਗ ਨੇ ਉਸਨੂੰ ਫਰਜ਼ੀ ਦਸਤਾਵੇਜ਼ਾਂ ਦੇ ਕਾਰਨ ਗ੍ਰਿਫ਼ਤਾਰ ਕੀਤਾ। ਉਹ ਆਈਵਾ ਕਾਊਂਟੀ ਜੇਲ੍ਹ ’ਚ ਬੰਦ ਸੀ।
ਕੈਲੀਫੋਰਨੀਆ ’ਚ ਵਿਆਹ ’ਚ ਡਾਂਸ ਦੇ ਵੀਡੀਓ ਨਾਲ ਕੀਤਾ ਟ੍ਰੇਸ
ਚੰਡੀਗੜ੍ਹ ਬਿਊਰੋ ਮੁਤਾਬਕ ਅਪ੍ਰੈਲ, 2023 ’ਚ ਕੈਲੀਫੋਰਨੀਆ ਦੇ ਇਕ ਵਿਆਹ ’ਚ ਅਨਮੋਲ ਬਿਸ਼ਨੋਈ ਦਾ ਡਾਂਸ ਵੀਡੀਓ ਵਾਇਰਲ ਹੋਇਆ, ਜਿਹੜਾ ਉਸਦੇ ਟ੍ਰੇਸ ਹੋਣ ਦਾ ਟਰਨਿੰਗ ਪੁਆਇੰਟ ਬਣਿਆ। ਇਸ ਤੋਂ ਬਾਅਦ ਪੁਲਿਸ ਨੇ ਉਸਦੇ ਨੈੱਟਵਰਕ ਨੂੰ ਫਰਜ਼ੀ ਪਾਸਪੋਰਟ ਰੈਕੇਟ ਨਾਲ ਵੀ ਜੋੜਿਆ। ਅਨਮੋਲ ਦੇ ਫਰਜ਼ੀ ਪਾਸਪੋਰਟ ਦੇ ਤਾਰ ਲੁਧਿਆਣਾ ਦੇ ਪਾਸਪੋਰਟ ਫਰਜ਼ੀ ਗੈਂਗ ਨਾਲ ਵੀ ਜੁੜੇ ਹਨ। ਹੁਣ ਉਸਦੀ ਹਵਾਲਗੀ ਤੋਂ ਬਾਅਦ ਪੰਜਾਬ ਪੁਲਿਸ ਉਸਨੂੰ ਟਰਾਂਜ਼ਿਟ ਪ੍ਰੋਡਕਸ਼ਨ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕਰੇਗੀ।