ਬੰਬ ਨਕਾਰਾ ਕਰਨ ਵਾਲੇ ਦਸਤਿਆਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਬਾਰੂਦ ਨਸ਼ਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ। ਸ਼ਹੀਦ ਹੋਏ ਡੀਆਰਜੀ ਦੇ ਜਵਾਨਾਂ ਨੇ ਸੁਰੱਖਿਆ ਕਵਚ ਨਹੀਂ ਪਹਿਨਿਆ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਜ਼ਮੀਨ ’ਚੋਂ ਬਾਹਰ ਕੱਢ ਕੇ ਖੁੱਲ੍ਹੇ ਵਿਚ ਰੱਖਣ ’ਤੇ ਵਾਤਾਵਰਣ ਵਿਚ ਹੋਏ ਬਦਲਾਅ ਕਾਰਨ ਕੈਮੀਕਲ ਰੀਐਕਸ਼ਨ ਨਾਲ ਧਮਾਕਾ ਹੋਇਆ।

ਨਈ ਦੁਨੀਆ ਨਿਊਜ਼, ਕਾਂਕੇਰ : ਛੱਤੀਸਗੜ੍ਹ ਦੇ ਨਾਰਾਇਣਪੁਰ ਜ਼ਿਲ੍ਹੇ ਦੀ ਹੱਦ ’ਤੇ ਸ਼ਨਿਚਰਵਾਰ ਦੁਪਹਿਰ ਡੰਪ ਕੀਤੇ ਗਏ ਬਾਰੂਦ ਨੂੰ ਨਸ਼ਟ ਕਰਨ ਦੌਰਾਨ ਹੋਏ ਭਿਆਨਕ ਧਮਾਕੇ ਵਿਚ ਇਕ ਇੰਸਪੈਕਟਰ ਸਣੇ ਚਾਰ ਜਵਾਨ ਸ਼ਹੀਦ ਹੋ ਗਏ। ਮੁੱਢਲੀ ਜਾਂਚ ਮੁਤਾਬਕ, ਡੰਪ ਤੋਂ 15-15 ਕਿੱਲੋ ਦੇ ਪੰਜ ਬੋਰਿਆਂ ਵਿਚ ਪਟਾਕਾ ਪਾਊਡਰ (ਗੰਨ ਪਾਊਡਰ-ਪੋਟਾਸ਼ੀਅਮ ਨਾਈਟ੍ਰੇਟ ਤੇ ਬੇਰੀਅਮ ਨਾਈਟ੍ਰੇਟ ਮਿਸ਼ਰਣ) ਬਰਾਮਦ ਕੀਤੇ ਗਏ ਸਨ। ਬੰਬ ਨਕਾਰਾ ਕਰਨ ਵਾਲੇ ਦਸਤਿਆਂ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਬਾਰੂਦ ਨਸ਼ਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਸੀ। ਸ਼ਹੀਦ ਹੋਏ ਡੀਆਰਜੀ ਦੇ ਜਵਾਨਾਂ ਨੇ ਸੁਰੱਖਿਆ ਕਵਚ ਨਹੀਂ ਪਹਿਨਿਆ ਹੋਇਆ ਸੀ। ਮੰਨਿਆ ਜਾ ਰਿਹਾ ਹੈ ਕਿ ਜ਼ਮੀਨ ’ਚੋਂ ਬਾਹਰ ਕੱਢ ਕੇ ਖੁੱਲ੍ਹੇ ਵਿਚ ਰੱਖਣ ’ਤੇ ਵਾਤਾਵਰਣ ਵਿਚ ਹੋਏ ਬਦਲਾਅ ਕਾਰਨ ਕੈਮੀਕਲ ਰੀਐਕਸ਼ਨ ਨਾਲ ਧਮਾਕਾ ਹੋਇਆ। ਅਧਿਕਾਰੀ ਇਸ ਘਟਨਾ ਨੂੰ ‘ਰੇਅਰ ਆਫ ਰੇਅਰੈਸਟ’ ਦੱਸ ਰਹੇ ਹਨ। ਬੀਤੀ 31 ਮਾਰਚ ਨੂੰ ਦੇਸ਼ ਨੂੰ ਮਾਓਵਾਦ ਮੁਕਤ ਐਲਾਨੇ ਜਾਣ ਤੋਂ ਬਾਅਦ ਸੁਰੱਖਿਆ ਬਲਾਂ ਦੀ ਸ਼ਹੀਦੀ ਦਾ ਇਹ ਪਹਿਲਾ ਮਾਮਲਾ ਹੈ।
ਅਧਿਕਾਰੀਆਂ ਮੁਤਾਬਕ, ਆਤਮ-ਸਮਰਪਿਤ ਮਾਓਵਾਦੀਆਂ ਦੀ ਜਾਣਕਾਰੀ ’ਤੇ ਤਲਾਸ਼ੀ ਮੁਹਿੰਮ ਦੌਰਾਨ ਪਹਿਲਾਂ ਇਕ ਡੰਪ ਤੋਂ ਕੰਪਿਊਟਰ, ਮਾਨੀਟਰ ਤੇ ਪ੍ਰਿੰਟਰ ਬਰਾਮਦ ਹੋਏ। ਇਸ ਤੋਂ ਬਾਅਦ ਇਕ ਹੋਰ ਡੰਪ ’ਚ ਮਾਓਵਾਦੀਆਂ ਵੱਲੋਂ ਲੁਕਾਇਆ ਗਿਆ ਬਾਰੂਦ ਮਿਲਿਆ। ਬੰਬ ਨਕਾਰਾ ਕਰਨ ਵਾਲੇ ਦਸਤਿਆਂ (ਬੀਡੀਐੱਸ) ਦੀ ਮਦਦ ਨਾਲ ਬਾਰੂਦ ਨੂੰ ਸੁਰੱਖਿਅਤ ਤਰੀਕੇ ਨਾਲ ਕੱਢ ਲਿਆ ਗਿਆ ਸੀ ਅਤੇ ਨਸ਼ਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਸੀ। ਆਮ ਤੌਰ ’ਤੇ ਬਾਰੂਦ ਨੂੰ ਨਸ਼ਟ ਕਰਨ ਤੋਂ ਬਾਅਦ ਹਾਦਸੇ ਦੀ ਸੰਭਾਵਨਾ ਨਹੀਂ ਰਹਿੰਦੀ। ਇਸੇ ਕਾਰਨ ਜਵਾਨਾਂ ਨੇ ਸੁਰੱਖਿਆ ਜੈਕਟਾਂ ਨਹੀਂ ਪਹਿਨੀਆਂ ਸਨ। ਅਣਕਿਆਸੇ ਤੌਰ ’ਤੇ ਹੋਏ ਧਮਾਕੇ ਵਿਚ ਮੌਕੇ ’ਤੇ ਹੀ ਤਿੰਨ ਜਵਾਨ ਸ਼ਹੀਦ ਹੋ ਗਏ। ਇਨ੍ਹਾਂ ਵਿਚ ਬੀਜਾਪੁਰ ਜ਼ਿਲ੍ਹੇ ਦੇ ਪਿੰਡ ਚਿਹਕਾ ਵਾਸੀ ਇੰਸਪੈਕਟਰ ਸੁਖਰਾਮ ਵੱਟੀ (40), ਕਾਂਕੇਰ ਜ਼ਿਲ੍ਹੇ ਦੇ ਲੋਹਤਰ ਵਾਸੀ ਕਾਂਸਟੇਬਲ ਕ੍ਰਿਸ਼ਨਾ ਕੁਮਾਰ ਕੋਮਰਾ (35) ਅਤੇ ਕਾਂਕੇਰ ਜ਼ਿਲ੍ਹੇ ਦੇ ਪਿੰਡ ਹਾਰਾਡੁਲਾ ਵਾਸੀ ਕਾਂਸਟੇਬਲ ਸੰਜੇ ਗੜਪਾਲੇ (29) ਸ਼ਾਮਲ ਹਨ। ਗੰਭੀਰ ਜ਼ਖ਼ਮੀ ਗ੍ਰਾਮ ਬਰੇਠਿਨਬਾਹਰਾ ਵਾਸੀ ਕਾਂਸਟੇਬਲ ਪਰਮਾਨੰਦ ਕੋਰਾਮ (29) ਨੂੰ ਹੈਲੀਕਾਪਟਰ ਰਾਹੀਂ ਰਾਏਪੁਰ ਭੇਜਿਆ ਗਿਆ ਪਰ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ।
ਬਸਤਰ ਰੇਂਜ ਦੇ ਆਈਜੀ ਸੁੰਦਰਰਾਜ ਪੀ. ਨੇ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਵਿਚ ਆਤਮ-ਸਮਰਪਿਤ ਮਾਓਵਾਦੀ ਕੈਡਰਾਂ ਦੀ ਮਿਲੀ ਜਾਣਕਾਰੀ ਦੇ ਆਧਾਰ ’ਤੇ ਵਿਸਫੋਟਕ ਨਸ਼ਟ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ। ਇਸ ਸਾਲ ਹੁਣ ਤੱਕ 300 ਤੋਂ ਵੱਧ ਆਈਈਡੀ ਅਤੇ ਲਗਪਗ 60 ਡੰਪਾਂ ਤੋਂ ਬਰਾਮਦ ਹੋਈ ਭਾਰੀ ਮਾਤਰਾ ਵਿਚ ਧਮਾਕਾਖੇਜ਼ ਸਮੱਗਰੀ ਨਸ਼ਟ ਕੀਤੀ ਜਾ ਚੁੱਕੀ ਹੈ। 15 ਕਰੋੜ ਰੁਪਏ ਤੋਂ ਵੱਧ ਨਕਦੀ ਅਤੇ ਕਰੋੜਾਂ ਰੁਪਏ ਦੇ ਸੋਨੇ ਦੇ ਬਿਸਕੁਟ ਵੀ ਬਰਾਮਦ ਕੀਤੇ ਗਏ ਹਨ। ਸ਼ਨਿਚਰਵਾਰ ਨੂੰ ਵੀ ਕਾਂਕੇਰ ਜ਼ਿਲ੍ਹਾ ਪੁਲਿਸ ਦਲ ਬਰਾਮਦ ਕੀਤੇ ਡੰਪ ਨੂੰ ਨਕਾਰਾ ਕਰ ਰਿਹਾ ਸੀ।