1984 Anti-Sikh Riots: ਸਿੱਖ ਵਿਰੋਧੀ ਦੰਗਿਆਂ ਦੇ ਇੱਕ ਕੇਸ 'ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਬਰੀ
ਦਿੱਲੀ ਦੀ ਰਾਊਜ਼ ਐਵੀਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਉਸ ਕੇਸ ਵਿੱਚ ਬਰੀ ਕਰ ਦਿੱਤਾ ਹੈ, ਜਿਸ ਵਿੱਚ ਉਨ੍ਹਾਂ 'ਤੇ ਜਨਕਪੁਰੀ ਅਤੇ ਵਿਕਾਸਪੁਰੀ ਵਿੱਚ ਭੀੜ ਨੂੰ ਹਿੰਸਾ ਲਈ ਭੜਕਾਉਣ ਦਾ ਦੋਸ਼ ਸੀ।
Publish Date: Thu, 22 Jan 2026 10:27 AM (IST)
Updated Date: Thu, 22 Jan 2026 11:06 AM (IST)
ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ: 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਜੁੜੇ ਜਨਕਪੁਰੀ ਅਤੇ ਵਿਕਾਸਪੁਰੀ ਹਿੰਸਾ ਮਾਮਲੇ ਵਿੱਚ ਦਿੱਲੀ ਦੀ ਰਾਊਜ਼ ਐਵੇਨਿਊ ਅਦਾਲਤ ਨੇ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਹੈ। ਇਸ ਹਿੰਸਾ ਦੌਰਾਨ ਦੋ ਲੋਕਾਂ ਦੀ ਮੌਤ ਹੋਈ ਸੀ।
ਦੱਸਿਆ ਗਿਆ ਹੈ ਕਿ ਮੁਲਜ਼ਮ ਅਤੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੇ ਆਪਣੇ ਬਚਾਅ ਵਿੱਚ ਕਿਹਾ ਸੀ ਕਿ ਉਹ ਬੇਗੁਨਾਹ ਹੈ ਅਤੇ ਉਹ ਕਦੇ ਵੀ ਇਸ ਹਿੰਸਾ ਵਿੱਚ ਸ਼ਾਮਲ ਨਹੀਂ ਸੀ, ਇੱਥੋਂ ਤੱਕ ਕਿ ਉਹ ਸੁਪਨੇ ਵਿੱਚ ਵੀ ਅਜਿਹਾ ਨਹੀਂ ਸੋਚ ਸਕਦਾ। ਸੱਜਣ ਕੁਮਾਰ ਨੇ ਕਿਹਾ ਕਿ ਮੇਰੇ ਖ਼ਿਲਾਫ਼ ਇੱਕ ਵੀ ਸਬੂਤ ਮੌਜੂਦ ਨਹੀਂ ਹੈ।
ਰਾਊਜ਼ ਐਵੇਨਿਊ ਅਦਾਲਤ ਨੇ ਮੰਨਿਆ ਹੈ ਕਿ ਇਸਤਗਾਸਾ ਪੱਖ (Prosecution) ਹਿੰਸਾ ਵਿੱਚ ਉਸਦੀ ਭੂਮਿਕਾ ਸਾਬਤ ਕਰਨ ਵਿੱਚ ਅਸਫ਼ਲ ਰਿਹਾ ਹੈ। ਦੂਜੇ ਪਾਸੇ, ਇਨਸਾਫ਼ ਲਈ ਲੜ ਰਹੇ ਪੀੜਤ ਪਰਿਵਾਰ ਦਾ ਇੱਕ ਮੈਂਬਰ ਫੈਸਲਾ ਸੁਣ ਕੇ ਰੋ ਪਿਆ। ਉਨ੍ਹਾਂ ਨੇ ਭਾਵੁਕ ਹੁੰਦਿਆਂ ਕਿਹਾ, "ਸਾਨੂੰ ਇਨਸਾਫ਼ ਕਿਉਂ ਨਹੀਂ ਮਿਲ ਰਿਹਾ? ਅਦਾਲਤ ਨੇ ਉਸ ਨੂੰ ਬਰੀ ਕਿਉਂ ਕਰ ਦਿੱਤਾ? ਸਾਡੇ 11 ਜੀਅ ਮਾਰੇ ਗਏ ਸਨ।"
ਜ਼ਿਕਰਯੋਗ ਹੈ ਕਿ ਵਿਸ਼ੇਸ਼ ਜੱਜ ਦਿਗ ਵਿਨੇ ਸਿੰਘ ਨੇ ਪਿਛਲੇ ਸਾਲ ਦਸੰਬਰ ’ਚ ਮਾਮਲੇ ਵਿਚ ਆਖਰੀ ਦਲੀਲਾਂ ਦੇ ਪੂਰੇ ਹੋਣ ਤੋਂ ਬਾਅਦ 22 ਜਨਵਰੀ ਲਈ ਫ਼ੈਸਲਾ ਰਾਖਵਾਂ ਰੱਖਿਆ ਸੀ। ਫਰਵਰੀ 2015 ’ਚ, ਇਕ ਵਿਸ਼ੇਸ਼ ਜਾਂਚ ਟੀਮ ਨੇ ਦੰਗਿਆਂ ਦੌਰਾਨ ਦਿੱਲੀ ਦੇ ਜਨਕਪੁਰੀ ਅਤੇ ਵਿਕਾਸਪੁਰੀ ਵਿਚ ਹੋਈ ਹਿੰਸਾ ਦੇ ਆਧਾਰ ’ਤੇ ਸੱਜਣ ਕੁਮਾਰ ਖ਼ਿਲਾਫ਼ ਦੋ ਐੱਫਆਈਆਰ ਦਰਜ ਕੀਤੀਆਂ ਸਨ। ਪਹਿਲੀ ਐੱਫਆਈਆਰ ਜਨਕਪੁਰੀ ਵਿਚ 1 ਨਵੰਬਰ 1984 ਨੂੰ ਸੋਹਣ ਸਿੰਘ ਤੇ ਉਸ ਦੇ ਜਵਾਈ ਅਵਤਾਰ ਸਿੰਘ ਦੀ ਹੱਤਿਆ ਨਾਲ ਸਬੰਧਤ ਸੀ। ਦੂਜੀ ਐੱਫਆਈਆਰ ਗੁਰਚਰਨ ਸਿੰਘ ਦੇ ਮਾਮਲੇ ਵਿਚ ਦਰਜ ਕੀਤੀ ਗਈ ਸੀ, ਜਿਸ ਨੂੰ 2 ਨਵੰਬਰ 1984 ਨੂੰ ਵਿਕਾਸਪੁਰੀ ਵਿਚ ਅੱਗ ਲਗਾਈ ਗਈ ਸੀ।