ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਮੁਤਾਬਕ, ਦਿੱਲੀ ’ਚ ਸੀਤ ਲਹਿਰ ਸ਼ੁਰੂ ਹੋ ਗਈ ਹੈ। ਘੱਟ ਤੋਂ ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਹੜਾ ਸਾਧਾਰਨ ਤੋਂ ਦੋ ਡਿਗਰੀ ਘੱਟ ਸੀ। ਸਾਧਾਰਨ ਵੱਧ ਤੋਂ ਵੱਧ ਤਾਪਮਾਨ ਤੋਂ ਨੈਗੇਟਿਵ ਡੇਵੀਏਸ਼ਨ 4.5 ਤੋਂ 6.4 ਡਿਗਰੀ ਸੈਲਸੀਅਸ ਤੱਕ ਹੋਣ ’ਤੇ ਸੀਤ ਲਹਿਰ ਐਲਾਨੀ ਜਾਂਦੀ ਹੈ।

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪੂਰਾ ਉੱਤਰ ਭਾਰਤ ਧੁੰਦ ਤੇ ਸੀਤ ਲਹਿਰ ਦੀ ਲਪੇਟ ’ਚ ਹੈ। ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ’ਚ ਬਾਰਿਸ਼ ਕਾਰਨ ਠੰਢ ਵਧ ਗਈ ਹੈ ਤੇ ਪੰਜਾਬ ਤੋਂ ਲੈ ਕੇ ਬਿਹਾਰ ਤੇ ਝਾਰਖੰਡ ਤੱਕ ਧੁੰਦ ਨੇ ਆਮ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਕੜਾਕੇ ਦੀ ਠੰਢ ਕਾਰਨ ਉੱਤਰ ਪ੍ਰਦੇਸ਼ ’ਚ ਠੰਢ ਦਾ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਦਿੱਲੀ ’ਚ ਸ਼ਨਿਚਰਵਾਰ ਇਸ ਮੌਸਮ ਦਾ ਸਭ ਤੋਂ ਠੰਢਾ ਦਿਨ ਰਿਹਾ। ਸੰਘਣੀ ਧੁੰਦ ਕਾਰਨ ਦਿੱਲੀ ਦੇ ਆਈਜੀਆਈ ਏਅਰਪੋਰਟ ’ਤੇ ਘੱਟੋ ਘੱਟ 129 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਵੱਡੀ ਗਿਣਤੀ ’ਚ ਟ੍ਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਮੌਸਮ ਵਿਭਾਗ ਨੇ ਐਤਵਾਰ ਨੂੰ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਛਾਏ ਰਹਿਣ ਦਾ ਅਨੁਮਾਨ ਲਗਾਉਂਦੇ ਹੋਏ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਦੇ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਹਿਮਾਚਲ ਪ੍ਰਦੇਸ਼ ਦੌਰਾ ਰੱਦ ਕਰ ਦਿੱਤਾ ਗਿਆ। ਸ਼ਾਹ ਨੇ ਸ਼ਨਿਚਰਵਾਰ ਨੂੰ ਕਾਂਗੜਾ ਜ਼ਿਲ੍ਹੇ ’ਚ ਜਵਾਲਾਮੁਖੀ ਦੇ ਨਜ਼ਦੀਕ ਸਪੜੀ ’ਚ ਐੱਸਐੱਸਬੀ (ਹਥਿਆਰਬੰਦ ਸੀਮਾ ਬਲ) ਦੇ ਸਥਾਪਨਾ ਸਮਾਗਮ ’ਚ ਹਿੱਸਾ ਲੈਣਾ ਸੀ। ਦਿੱਲੀ ਤੋਂ ਹਵਾਈ ਉਡਾਣ ਸੰਭਵ ਨਾ ਹੋਣ ਕਾਰਨ ਦੌਰਾ ਰੱਦ ਹੋ ਗਿਆ।
ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਮੁਤਾਬਕ, ਦਿੱਲੀ ’ਚ ਸੀਤ ਲਹਿਰ ਸ਼ੁਰੂ ਹੋ ਗਈ ਹੈ। ਘੱਟ ਤੋਂ ਘੱਟ ਤਾਪਮਾਨ 6.1 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ, ਜਿਹੜਾ ਸਾਧਾਰਨ ਤੋਂ ਦੋ ਡਿਗਰੀ ਘੱਟ ਸੀ। ਸਾਧਾਰਨ ਵੱਧ ਤੋਂ ਵੱਧ ਤਾਪਮਾਨ ਤੋਂ ਨੈਗੇਟਿਵ ਡੇਵੀਏਸ਼ਨ 4.5 ਤੋਂ 6.4 ਡਿਗਰੀ ਸੈਲਸੀਅਸ ਤੱਕ ਹੋਣ ’ਤੇ ਸੀਤ ਲਹਿਰ ਐਲਾਨੀ ਜਾਂਦੀ ਹੈ। ਪੱਛਮੀ ਉੱਤਰ ਪ੍ਰਦੇਸ਼ ਤੋਂ ਲੈ ਕੇ ਪੂਰਵਾਂਚਲ ਤੱਕ ਕਈ ਜ਼ਿਲ੍ਹਿਆਂ ’ਚ ਸ਼ੁੱਕਰਵਾਰ ਰਾਤ ਤੋਂ ਸ਼ਨਿਚਰਵਾਰ ਸਵੇਰ ਤੱਕ ਸੰਘਣੀ ਧੁੰਦ ਛਾਈ ਰਹੀ। ਕਾਨਪੁਰ, ਬਰੇਲੀ ਸਮੇਤ ਕਈ ਜ਼ਿਲ੍ਹਿਆਂ ’ਚ ਸਕੂਲ ਬੰਦ ਰਹੇ। ਬੁੰਦੇਲਖੰਡ ਦੇ ਜ਼ਿਲ੍ਹਿਆਂ ’ਚ ਸਮਾਂ ਬਦਲਿਆ ਗਿਆ ਹੈ। ਸੂਬੇ ’ਚ ਬੁਲੰਦਸ਼ਹਿਰ ਸਭ ਤੋਂ ਠੰਢਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ ਸੱਤ ਡਿਗਰੀ ਸੈਲਸੀਅਸ ਤੱਕ ਗਿਆ। ਲਖੀਮਪੁਰ ਖੀਰੀ ’ਚ ਅੱਠ, ਬਾਰਾਬੰਕੀ ’ਚ 8.5 ਡਿਗਰੀ ਸੈਲਸੀਅਸ ਘੱਟ ਤੋਂ ਘੱਟ ਤਾਪਮਾਨ ਰਿਹਾ। ਵਾਰਾਨਸੀ ’ਚ ਦਿਨ ਤੇ ਰਾਤ ਦੇ ਤਾਪਮਾਨ ’ਚ ਫ਼ਰਕ ਸਭ ਤੋਂ ਘੱਟ 3.3 ਡਿਗਰੀ ਸੈਲਸੀਅਸ ਰਿਹਾ। ਹਿਮਾਚਲ ’ਚ ਪੱਛਮੀ ਗੜਬੜੀ ਦੇ ਕਮਜ਼ੋਰ ਹੋਣ ਕਾਰਨ ਉੱਚੀਆਂ ਪਹਾੜੀਆਂ ਬਾਰਾਲਾਚਾ, ਕੁੰਜੁਮ ਤੇ ਸ਼ਿੰਕੁਲਾ ’ਚ ਸ਼ਨਿਚਰਵਾਰ ਨੂੰ ਹਲਕੀ ਬਰਫ਼ਬਾਰੀ ਹੋਈ ਹੈ, ਜਦਕਿ ਹੋਰਨਾਂ ਥਾਵਾਂ ’ਤੇ ਬੱਦਲ ਛਾਏ ਰਹਿਣ ਕਾਰਨ ਤਾਪਮਾਨ ’ਚ ਗਿਰਾਵਟ ਆਈ ਹੈ। ਸੂਬੇ ’ਚ ਐਤਵਾਰ ਨੂੰ ਬਾਰਿਸ਼ ਤੇ ਬਰਫ਼ਬਾਰੀ ਦਾ ਅਨੁਮਾਨ ਹੈ।
ਆਈਜੀਆਈ ਏਅਰਪੋਰਟ ’ਤੇ 129 ਉਡਾਣਾਂ ਰੱਦ
ਪੀਟੀਆਈ ਮੁਤਾਬਕ, ਦਿਸਣ ਹੱਦ ਘੱਟ ਹੋਣ ਕਾਰਨ ਸ਼ਨਿਚਰਵਾਰ ਨੂੰ ਆਈਜੀਆਈ ਏਅਰਪੋਰਟ ’ਤੇ ਘੱਟੋ-ਘੱਟ 129 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਇਨ੍ਹਾਂ ’ਚ 66 ਆਉਣ ਵਾਲੀਆਂ ਤੇ 63 ਜਾਣ ਵਾਲੀਆਂ ਫਲਾਈਟਾਂ ਹਨ। ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ ਐਕਸ ’ਤੇ ਇਕ ਪੋਸਟ ’ਚ ਕਿਹਾ ਕਿ ਦਿੱਲੀ ਏਅਰਪੋਰਟ ’ਤੇ ਫ਼ਿਲਹਾਲ ਲੋਅ ਵਿਜ਼ੀਬਿਲਿਟੀ ਪ੍ਰੋਸੀਜਰ ਨੂੰ ਲਾਗੂ ਕੀਤਾ ਗਿਆ ਹੈ। ਉੱਥੇ ਉੱਤਰਾਖੰਡ ’ਚ ਧੁੰਦ ਕਾਰਨ ਦਿੱਲੀ ਤੋਂ ਦੇਹਰਾਦੂਨ ਆਉਣ ਵਾਲੀ ਉਡਾਣ ਰੱਦ ਕਰ ਦਿੱਤੀ ਗਈ। ਭੁਬਨੇਸ਼ਵਰ ਤੋਂ ਦੇਹਰਾਦੂਨ ਆਉਣ ਵਾਲੀ ਉਡਾਣ ਨੂੰ ਜੈਪੁਰ ਡਾਇਵਰਟ ਕੀਤਾ ਗਿਆ। ਅੱਠ ਉਡਾਣਾਂ ਤੈਅ ਸਮੇਂ ਤੋਂ ਇਕ ਤੋਂ ਤਿੰਨ ਘੰਟੇ ਦੇਰੀ ਨਾਲ ਦੇਹਰਾਦੂਨ ਏਅਰਪੋਰਟ ਪਹੁੰਚੀਆਂ। ਪਟਨਾ ਏਅਰਪੋਰਟ ’ਤੇ ਨੌਂ ਆਉਣ ਵਾਲੀਆਂ ਤੇ 15 ਜਾਣ ਵਾਲੀਆਂ ਫਲਾਈਟਾਂ 30 ਮਿੰਟ ਤੋਂ ਲੈ ਕੇ ਤਿੰਨ ਘੰਟੇ ਤੱਕ ਦੇਰੀ ਨਾਲ ਚੱਲੀਆਂ। ਝਾਰਖੰਡ ’ਚ ਰਾਂਚੀ ਦੇ ਬਿਰਸਾ ਮੁੰਡਾ ਏਅਰਪੋਰਟ ’ਤੇ ਦੁਪਹਿਰ 12 ਵਜੇ ਤੋਂ ਬਾਅਦ ਹਵਾਈ ਜਹਾਜ਼ ਨੇ ਲੈਂਡ ਕਰਨਾ ਸ਼ੁਰੂ ਕੀਤਾ। ਇਸ ਦੌਰਾਨ ਤਿੰਨ ਫਲਾਈਟਾਂ ਰੱਦ ਕਰ ਦਿੱਤੀਆਂ ਗਈਆਂ, ਉੱਥੇ ਕੋਲਕਾਤਾ ਲਈ ਦੋ ਤੇ ਦਿੱਲੀ ਲਈ ਇਕ ਜਹਾਜ਼ ਉਡਾਣ ਨਹੀਂ ਭਰ ਸਕਿਆ। ਵੱਖ-ਵੱਖ ਸ਼ਹਿਰਾਂ ਤੋਂ ਰਾਂਚੀ ਆਉਣ ਵਾਲੀਆਂ ਕਈ ਉਡਾਣਾਂ ਆਪਣੇ ਤੈਅ ਸਮੇਂ ਤੋਂ ਕਾਫ਼ੀ ਦੇਰੀ ਨਾਲ ਪਹੁੰਚੀਆਂ।
70 ਤੋਂ ਜ਼ਿਆਦਾ ਟ੍ਰੇਨਾਂ ਦੇਰੀ ਨਾਲ ਪਹੁੰਚੀਆਂ ਦਿੱਲੀ
ਦਿੱਲੀ ਆਉਣ ਵਾਲੀਆਂ 70 ਤੋਂ ਜ਼ਿਆਦਾ ਟ੍ਰੇਨਾਂ ਸ਼ਨਿਚਰਵਾਰ ਨੂੰ ਦੋ ਘੰਟੇ ਤੋਂ ਜ਼ਿਆਦਾ ਦੇਰੀ ਨਾਲ ਪਹੁੰਚੀਆਂ। ਲੰਬੀ ਦੂਰੀ ਦੀਆਂ ਰਾਜਧਾਨੀ, ਸ਼ਤਾਬਦੀ, ਵੰਦੇ ਭਾਰਤ, ਦੁਰੰਤੋ ਤੇ ਹਮਸਫ਼ਰ ਵਰਗੀਆਂ ਪ੍ਰਮੁੱਖ ਟ੍ਰੇਨਾਂ ਵੀ ਸਮੇਂ ’ਤੇ ਨਹੀਂ ਚੱਲ ਸਕੀਆਂ। ਸੂਤਰਾਂ ਮੁਤਾਬਕ, ਨਵੀਂ ਦਿੱਲੀ-ਲਖਨਊ ਤੇਜਸ ਐਕਸਪ੍ਰੈੱਸ ਢਾਈ ਘੰਟੇ, ਨਵੀਂ ਦਿੱਲੀ-ਕਾਲਕਾ ਸ਼ਤਾਬਦੀ ਦੋ ਘੰਟੇ ਤੇ ਨਵੀਂ ਦਿੱਲੀ-ਰਾਜੇਂਦਰ ਨਗਰ ਰਾਜਧਾਨੀ ਐਕਸਪ੍ਰੈੱਸ ਦੋ ਘੰਟੇ ਦੀ ਦੇਰੀ ਨਾਲ ਪਹੁੰਚੀਆਂ। ਉੱਥੇ, ਨਵੀਂ ਦਿੱਲੀ-ਹਾਵੜਾ ਦੁਰੰਤੋ ਐਕਸਪ੍ਰੈੱਸ ਸਾਢੇ ਛੇ ਘੰਟੇ ਤੇ ਨਵੀਂ ਦਿੱਲੀ-ਸ੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਵੰਦੇ ਭਾਰਤ ਐਕਸਪ੍ਰੈੱਸ ਸਾਢੇ ਚਾਰ ਘੰਟੇ ਲੇਟ ਰਹੀ। ਨਵੀਂ ਦਿੱਲੀ-ਕੋਲਕਾਤਾ ਰਾਜਧਾਨੀ ਪੌਣੇ ਚਾਰ ਘੰਟੇ, ਨਵੀਂ ਦਿੱਲੀ-ਸਿਆਲਦਾ ਰਾਜਧਾਨੀ ਸਵਾ ਚਾਰ ਘੰਟੇ ਤੇ ਨਵੀਂ ਦਿੱਲੀ-ਜੰਮੂ ਤਵੀ ਰਾਜਧਾਨੀ ਸਵਾ ਦੋ ਘੰਟੇ ਦੇਰੀ ਨਾਲ ਚੱਲੀਆਂ। ਆਨੰਦ ਵਿਹਾਰ ਟਰਮੀਨਲ ਤੋਂ ਚੱਲਣ ਵਾਲੀ ਜੈਨਗਰ ਗ਼ਰੀਬ ਰੱਥ ਸਵਾ ਚਾਰ ਘੰਟੇ, ਭਾਗਲਪੁਰ ਵਿਕਰਮਸ਼ਿਲਾ ਸਵਾ ਦੋ ਘੰਟੇ ਤੇ ਗਯਾ ਗ਼ਰੀਬ ਰੱਥ ਦੋ ਘੰਟੇ ਲੇਟ ਰਹੀਆਂ।