ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਕਾਰਵਾਈ ਲਈ ਐੱਨਸੀਬੀ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਮੋਦੀ ਸਰਕਾਰ ਦੀ ਨਸ਼ੀਲੇ ਪਦਾਰਥਾਂ ਖ਼ਿਲਾਫ਼ ‘ਜ਼ੀਰੋ ਟਾਲਰੈਂਸ’ ਦੀ ਨੀਤੀ ਦੀ ਮਜ਼ਬੂਤ ਮਿਸਾਲ ਦੱਸਿਆ।

ਜਾਗਰਣ ਬਿਊਰੋ, ਨਵੀਂ ਦਿੱਲੀ : ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਦੇਸ਼ ’ਚ ਪਹਿਲੀ ਵਾਰ ‘ਜਿਹਾਦੀ ਡਰੱਗ’ ਦੇ ਨਾਂ ਨਾਲ ਚਰਚਿਤ ਕੈਪਟਾਗਨ ਦੀ ਵੱਡੀ ਖੇਪ ਬਰਾਮਦ ਕਰਦੇ ਹੋਏ ਕਿ ਅੰਤਰਰਾਸ਼ਟਰੀ ਸਿੰਥੈਟਿਕ ਡਰੱਗ ਤਸਕਰੀ ਨੈੱਟਵਰਕ ਦਾ ਖੁਲਾਸਾ ਕੀਤਾ ਹੈ। ਏਜੰਸੀ ਨੇ ‘ਆਪ੍ਰੇਸ਼ਨ ਰੇਜਪਿਲ’ ਦੇ ਤਹਿਤ 182 ਕਰੋੜ ਰੁਪਏ ਕੀਮਤ ਦੇ ਕਰੀਬ 227.7 ਕਿਲੋਗ੍ਰਾਮ ਕੈਪਟਾਗਨ ਟੈਬਲੇਟ ਤੇ ਪਾਊਡਰ ਜ਼ਬਤ ਕੀਤਾ ਹੈ। ਇਸ ਮਾਮਲੇ ’ਚ ਗ਼ੈਰਕਾਨੂੰਨੀ ਰੂਪ ਨਾਲ ਭਾਰਤ ’ਚ ਰਹਿ ਰਹੇ ਇਕ ਸੀਰੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਕੇਂਦਰੀ ਗ੍ਰਹਿ ਅਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਕਾਰਵਾਈ ਲਈ ਐੱਨਸੀਬੀ ਦੀ ਸ਼ਲਾਘਾ ਕਰਦੇ ਹੋਏ ਇਸ ਨੂੰ ਮੋਦੀ ਸਰਕਾਰ ਦੀ ਨਸ਼ੀਲੇ ਪਦਾਰਥਾਂ ਖ਼ਿਲਾਫ਼ ‘ਜ਼ੀਰੋ ਟਾਲਰੈਂਸ’ ਦੀ ਨੀਤੀ ਦੀ ਮਜ਼ਬੂਤ ਮਿਸਾਲ ਦੱਸਿਆ।
ਐੱਨਸੀਬੀ ਨੂੰ ਇਕ ਵਿਦੇਸ਼ੀ ਡਰੱਗ ਕਾਨੂੰਨੀ ਇਨਫੋਰਸਮੈਂਟ ਏਜੰਸੀ ਤੋਂ ਸੂਚਨਾ ਮਿਲੀ ਸੀ ਕਿ ਭਾਰਤ ਨੂੰ ਟਰਾਂਜਿਟ ਪੁਆਇੰਟ ਬਣਾ ਕੇ ਪੱਛਮੀ ਏਸ਼ਿਆਈ ਦੇਸ਼ਾਂ ’ਚ ਕੈਪਟਾਗਨ ਦੀ ਤਸਕਰੀ ਕਰਨ ਵਾਲਾ ਇਕ ਅੰਤਰਰਾਸ਼ਟਰੀ ਗਿਰੋਹ ਸਰਗਰਮ ਹੈ। ਸੂਚਨਾ ਦੇ ਆਧਾਰ ’ਤੇ ਏਜੰਸੀ ਨੇ ਦਿੱਲੀ ਦੇ ਨੇਬ ਸਰਾਏ ਇਲਾਕੇ ’ਚ ਇਕ ਮਕਾਨ ਦੀ ਪਛਾਣ ਕੀਤੀ।
11 ਮਈ 2026 ਨੂੰ ਮਕਾਨ ਦੀ ਭਾਲ ਦੌਰਾਨ ਰੋਟੀ ਕੱਟਣ ਦੀ ਮਸ਼ੀਨ ’ਚ ਲੁਕੋ ਕੇ ਰੱਖੀ ਗਈ ਕਰੀਬ 31.5 ਕਿਲੋਗ੍ਰਾਮ ਕੈਪਟਾਗਨ ਟੈਬਲੇਟ ਬਰਾਮਦ ਕੀਤੀ ਗਈ। ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਕਿ ਇਸ ਨੂੰ ਸਾਊਦੀ ਅਰਬ ਦੇ ਜੇਦਾਹ ਭੇਜਿਆ ਜਾਣਾ ਸੀ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਮਕਾਨ ’ਚ ਰਹਿ ਰਿਹਾ ਸੀਰੀਆਈ ਨਾਗਰਿਕ 15 ਨਵੰਬਰ 2024 ਨੂੰ ਸੈਲਾਨੀ ਵੀਜ਼ਾ ’ਤੇ ਭਾਰਤ ਆਇਆ ਸੀ, ਪਰ 12 ਜਨਵਰੀ 2025 ਨੂੰ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਗ਼ੈਰਕਾਨੂੰਨੀ ਰੂਪ ਨਾਲ ਇੱਥੇ ਰਹਿ ਰਿਹਾ ਸੀ।
ਪੁੱਛਗਿੱਛ ਦੇ ਆਧਾਰ’ਤੇ ਐੱਨਸੀਬੀ ਨੇ 14 ਮਈ ਨੂੰ ਗੁਜਰਾਤ ਦੇ ਮੁੰਦਰਾ ਸਥਿਤ ਕੰਟੇਨਰ ਫੈਸੀਲਿਟੇਸ਼ਨ ਸਟੇਸ਼ਨ ’ਚ ਇਕ ਕੰਟੇਨਰ ਤੋਂ ਲਗਪਗ 196.2 ਕਿਲੋਗ੍ਰਾਮ ਕੈਪਟਾਗਨ ਪਾਊਡਰ ਬਰਾਮਦ ਕੀਤਾ। ਇਹ ਕੰਟੇਨਰ ਭੇਡਾਂ ਦੀ ਉੱਨ ਦੇ ਨਾਂ ’ਤੇ ਸੀਰੀਆ ਤੋਂ ਦਰਾਮਦ ਕੀਤਾ ਗਿਆ ਸੀ। ਜਾਂਚ ਏਜੰਸੀਆਂ ਮੁਤਾਬਕ, ਖੇਪ ਨੂੰ ਸਾਊਦੀ ਅਰਬ ਸਮੇਤ ਹੋਰ ਪੱਛਮੀ ਏਸ਼ਿਆਈ ਦੇਸ਼ਾਂ ’ਚ ਭੇਜਣ ਦੀ ਤਿਆਰੀ ਸੀ, ਜਿੱਥੇ ਕੈਪਟਾਗਨ ਦੀ ਦੁਰਵਰਤੋਂ ਗੰਭੀਰ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ।
ਕੈਪਟਾਗਨ ’ਚ ਮੁੱਖ ਰੂਪ ਨਾਲ ਫੇਨੇਟਾਈਲੀਨ ਤੇ ਏਮਫੇਟਾਮਾਈਨ ਵਰਗੇ ਪਾਬੰਦੀਸ਼ੁਦਾ ਨਸ਼ੀਲੇ ਤੱਤ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਇਸ ’ਚ ਕੈਫੀਨ, ਮੈਥਾਮਫੇਟਾਮਾਈਨ ਤੇ ਹੋਰ ਸਿੰਥੈਟਿਕ ਸਟਿਮੁਲੈਂਟ ਵੀ ਮਿਲਾਏ ਜਾਂਦੇ ਹਨ। ਇਹ ਸਾਰੇ ਪਦਾਰਥ ਐੱਨਡੀਪੀਐੱਸ ਐਕਟ ਦੇ ਤਹਿਤ ਪਾਬੰਦੀਸ਼ੁਦਾ ਹਨ।
2025 ’ਚ 1980 ਕਰੋੜ ਦੇ ਡਰੱਗ ਜ਼ਬਤ
ਐੱਨਸੀਬੀ ਨੇ ਇਸ ਮਹੀਨੇ ਮੁੰਬਈ ਤੋਂ 349 ਕਿਲੋਗ੍ਰਾਮ ਹਾਈ ਗ੍ਰੇਡ ਕੋਕੀਨ ਜ਼ਬਤ ਕੀਤੀ ਸੀ, ਜਿਸ ਦੀ ਕੀਮਤ ਲਗਪਗ 1745 ਕਰੋੜ ਰੁਪਏ ਸੀ। ਇਕ ਹੋਰ ਮੁਹਿੰਮ ’ਚ ਏਜੰਸੀ ਨੇ 200 ਕਰੋੜ ਰੁਪਏ ਕੀਮਤ ਦੀ ਕੋਕੀਨ, ਗਾਂਜਾ ਤੇ ਹੋਰ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਸਨ। ਏਜੰਸੀ ਮੁਤਾਬਕ, ਸਾਲ 2025 ’ਚ ਚਲਾਈਆਂ ਗਈਆਂ 447 ਮੁਹਿੰਮਾਂ ’ਚ 1980 ਕਰੋੜ ਰੁਪਏ ਕੀਮਤ ਦੀ 1.33 ਲੱਖ ਕਿਲੋਗ੍ਰਾਮ ਡਰੱਗਸ ਜ਼ਬਤ ਕੀਤੀ ਗਈ। ਇਨ੍ਹਾਂ ਮਾਮਲਿਆਂ ’ਚ 994 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ’ਚ 25 ਵਿਦੇਸ਼ੀ ਨਾਗਰਿਕ ਸ਼ਾਮਲ ਸਨ।
ਕੈਪਟਾਗਨ ਨੂੰ ਇਸ ਲਈ ਕਿਹਾ ਜਾਂਦਾ ਹੈ ‘ਜਿਹਾਦੀ ਡਰੱਗ’
ਕੈਪਟਾਗਨ ਇਕ ਸਿੰਥੈਟਿਕ ਉੱਤੇਜਕ ਦਵਾ ਹੈ, ਜਿਸ ਨੂੰ 1960 ਦੇ ਦਹਾਕੇ ’ਚ ਮਾਨਸਿਕ ਵਿਕਾਰਾਂ ਤੇ ਨਾਰਕੋਲੇਪਸੀ ਦੇ ਇਲਾਜ ਲਈ ਵਿਕਸਿਤ ਕੀਤਾ ਗਿਆ ਸੀ। ਬਾਅਦ ’ਚ ਇਸ ਦੀ ਲਤ ਲਾਉਣ ਵਾਲੀ ਬਿਰਤੀ ਤੇ ਦੁਰਵਰਤੋਂ ਦੇ ਸ਼ੱਕ ਕਾਰਨ ਇਸ ’ਤੇ ਅੰਤਰਰਾਸ਼ਟਰੀ ਪੱਧਰ ’ਤੇ ਪਾਬੰਦੀ ਲਗਾ ਦਿੱਤੀ ਗਈ। ਇਹ ਡਰੱਗ ਲੰਬੇ ਸਮੇਂ ਤੱਕ ਜਾਗਦੇ ਰਹਿਣ, ਡਰ ਤੇ ਥਕਾਵਟ ਨੂੰ ਦੱਬਣ, ਹਮਲਾਵਰਤਾ ਵਧਾਉਣ ਤੇ ਜੋਖ਼ਮ ਚੁੱਕਣ ਦੀ ਬਿਰਤੀ ਨੂੰ ਉਤਸ਼ਾਹ ਦਿੰਦਾ ਹੈ। ਇਸੇ ਕਾਰਨ ਪੱਛਮੀ ਏਸ਼ੀਆ ਦੇ ਸੰਘਰਸ਼ਸ਼ੀਲ ਇਲਾਕਿਆਂ ’ਚ ਲੜਾਕਿਆਂ, ਕੱਟੜਪੰਥੀਆਂ ਤੇ ਅੱਤਵਾਦੀਆਂ ਵਿਚਾਲੇ ਇਸ ਦੀ ਵੱਡੇ ਪੱਧਰ ’ਤੇ ਵਰਤੋਂ ਹੋਣ ਲੱਗੀ। ਜਿਹਾਦੀ ਹਿੰਸਾ ’ਚ ਸ਼ਾਮਲ ਅੱਤਵਾਦੀਆਂ ਵਿਚਾਲੇ ਪ੍ਰਚਲੱਤ ਹੋਣ ਕਾਰਨ ਇਸ ਨੂੰ ‘ਜਿਹਾਦੀ ਡਰੱਗ’ ਕਿਹਾ ਜਾਂਦਾ ਹੈ। 1980 ’ਚ ਇਸ ਦਾ ਉਤਪਾਦਨ ਬੰਦ ਕਰ ਦਿੱਤਾ ਗਿਆ, ਪਰ ਗੁਪਤ ਰੂਪ ਨਾਲ ਇਸ ਦਾ ਗ਼ੈਰਕਾਨੂੰਨੀ ਕਾਰੋਬਾਰ ਹੁਣ ਵੀ ਜਾਰੀ ਹੈ ਤੇ ਇਸ ਨੂੰ ਗੋਲ਼ੀਆਂ ਦੇ ਰੂਪ ’ਚ ਸਪਲਾਈ ਕੀਤਾ ਜਾਂਦਾ ਹੈ। ਘੱਟ ਉਤਪਾਦਨ ਲਾਗਤ ਤੇ ਵੱਧ ਮੰਗ ਕਾਰਨ ਕੁਝ ਖੇਤਰਾਂ ’ਚ ਇਸ ਨੂੰ ‘ਗ਼ਰੀਬਾਂ ਦੀ ਕੋਕੀਨ’ ਵੀ ਕਿਹਾ ਜਾਂਦਾ ਹੈ।