ਆਪਣੇ ਹਾਲੀਆ ਬੰਗਾਲ ਦੌਰੇ ਵਿਚ ਝਾੜਗ੍ਰਾਮ ਵਿਚ ਇਕ ਦੁਕਾਨ ਤੋਂ ਝਾਲਮੁੜੀ ਖਾਣ ’ਤੇ ਹੋਏ ਸਿਆਸੀ ਵਿਵਾਦ ’ਤੇ ਟੀਐੱਮਸੀ ਉੱਪਰ ਤਿੱਖਾ ਤਨਜ਼ ਕੱਸਦਿਆਂ ਪੀਐੱਮ ਨੇ ਕਿਹਾ ਕਿ ਝਾਲਮੁੜੀ ਨੇ ਵੀ ਕੁਝ ਲੋਕਾਂ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਝਾਲਮੁੜੀ ਮੈਂ ਖਾਧੀ ਪਰ ਮਿਰਚੀ ਟੀਐੱਮਸੀ ਨੂੰ ਲੱਗੀ।

ਰਾਜੀਵ ਕੁਮਾਰ ਝਾਅ, ਜਾਗਰਣ ਕੋਲਕਾਤਾ : ਬੰਗਾਲ ਵਿਧਾਨ ਸਭਾ ਚੋਣਾਂ ਦੀ ਪਹਿਲੇ ਗੇੜ ਦੀ ਵੋਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵੱਡਾ ਦਾਅਵਾ ਕੀਤਾ ਕਿ ਜਦੋਂ ਤੋਂ ਉਹ ਸਿਆਸਤ ਵਿਚ ਆਏ ਹਨ, ਪਿਛਲੇ 50 ਸਾਲਾਂ ਵਿਚ ਇਹ ਪਹਿਲੀ ਚੋਣ ਹੈ ਜਿਸ ਵਿਚ ਇੱਥੇ ਸਭ ਤੋਂ ਘੱਟ ਹਿੰਸਾ ਹੋਈ ਹੈ। ਪ੍ਰਧਾਨ ਮੰਤਰੀ ਨੇ ਇਸ ਦਾ ਸਿਹਰਾ ਚੋਣ ਕਮਿਸ਼ਨ ਨੂੰ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੇ ਦੁਬਾਰਾ ਬੰਗਾਲ ਦੀ ਧਰਤੀ ’ਤੇ ਲੋਕਤੰਤਰ ਦਾ ਸਨਮਾਨ ਸਥਾਪਿਤ ਕੀਤਾ ਹੈ। ਨਦੀਆ ਜ਼ਿਲ੍ਹੇ ਦੇ ਕ੍ਰਿਸ਼ਨਾਨਗਰ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਕਿਹਾ ਕਿ ਚੋਣਾਂ ਵਿਚ ਘੱਟੋ-ਘੱਟ ਹਿੰਸਾ ਅਤੇ ਵੋਟਿੰਗ ਦੇ ਅੰਕ ਇਹ ਸਾਬਤ ਕਰਦੇ ਹਨ ਕਿ ਬੰਗਾਲ ਤੋਂ ਹੁਣ ਡਰ ਦੂਰ ਹੋ ਰਿਹਾ ਹੈ ਅਤੇ ਭਰੋਸਾ ਆ ਰਿਹਾ ਹੈ। ਬੰਗਾਲ ਵਿਚ ਵੋਟਿੰਗ ਪੁਰਾਣੇ ਸਾਰੇ ਰਿਕਾਰਡ ਤੋੜ ਰਹੀ ਹੈ। ਪ੍ਰਧਾਨ ਮੰਤਰੀ ਨੇ ਭਾਜਪਾ ਉਮੀਦਵਾਰਾਂ ਦੇ ਸਮਰਥਨ ਵਿਚ ਸ਼ਾਮ ਨੂੰ ਹਾਵੜਾ ਸ਼ਹਿਰ ਵਿਚ ਤਿੰਨ ਕਿਲੋਮੀਟਰ ਲੰਬਾ ਰੋਡ ਸ਼ੋਅ ਵੀ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪ੍ਰਧਾਨ ਮੰਤਰੀ ਨੇ ਹਾਵੜਾ ਵਿਚ ਰੋਡ ਸ਼ੋਅ ਕੀਤਾ।
ਪ੍ਰਧਾਨ ਮੰਤਰੀ ਨੇ ਬੰਗਾਲ ਵਿਚ ਚੋਣ ਹਿੰਸਾ ਦੇ ਇਤਿਹਾਸ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਪਹਿਲੀਆਂ ਚੋਣਾਂ ਦੌਰਾਨ ਹਰ ਹਫ਼ਤੇ ਇੱਥੇ ਕਿਸੇ ਨਾ ਕਿਸੇ ਨੂੰ ਫਾਂਸੀ ’ਤੇ ਲਟਕਾ ਦਿੱਤਾ ਜਾਂਦਾ ਸੀ ਅਤੇ ਕਹਿ ਦਿੰਦੇ ਸਨ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ। ਇਕ ਤਰ੍ਹਾਂ ਦਾ ਗੁੰਡਾਰਾਜ ਚੱਲਦਾ ਸੀ। ਭਾਜਪਾ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੰਗਾਲ ਵਿਚ ਬਦਲਾਅ ਦੀ ਹਨੇਰੀ ਚੱਲ ਰਹੀ ਹੈ। 4 ਮਈ ਨੂੰ ਕਮਲ ਖਿੜਨਾ ਤੈਅ ਹੈ। ਆਪਣੇ ਹਾਲੀਆ ਬੰਗਾਲ ਦੌਰੇ ਵਿਚ ਝਾੜਗ੍ਰਾਮ ਵਿਚ ਇਕ ਦੁਕਾਨ ਤੋਂ ਝਾਲਮੁੜੀ ਖਾਣ ’ਤੇ ਹੋਏ ਸਿਆਸੀ ਵਿਵਾਦ ’ਤੇ ਟੀਐੱਮਸੀ ਉੱਪਰ ਤਿੱਖਾ ਤਨਜ਼ ਕੱਸਦਿਆਂ ਪੀਐੱਮ ਨੇ ਕਿਹਾ ਕਿ ਝਾਲਮੁੜੀ ਨੇ ਵੀ ਕੁਝ ਲੋਕਾਂ ਨੂੰ ਜ਼ਬਰਦਸਤ ਝਟਕਾ ਦਿੱਤਾ ਹੈ। ਝਾਲਮੁੜੀ ਮੈਂ ਖਾਧੀ ਪਰ ਮਿਰਚੀ ਟੀਐੱਮਸੀ ਨੂੰ ਲੱਗੀ।
ਮਿਠਾਈ ਦੇ ਨਾਲ ਝਾਲਮੁੜੀ ਵੀ ਵੰਡੀ ਜਾਵੇਗੀ
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਾਲ ਵਿਚ 4 ਮਈ ਨੂੰ ਭਾਜਪਾ ਦੀ ਜਿੱਤ ਦਾ ਜਸ਼ਨ ਮਨਾਇਆ ਜਾਵੇਗਾ, ਉਸ ਦਿਨ ਮਿਠਾਈ ਦੇ ਨਾਲ ਝਾਲਮੁੜੀ ਵੀ ਵੰਡੀ ਜਾਵੇਗੀ। ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਦੇ ਝਾਲਮੁੜੀ ਖਾਣ ਨੂੰ ਚੋਣ ਨਾਟਕ ਦੱਸਿਆ ਸੀ ਜਿਸ ’ਤੇ ਮੋਦੀ ਨੇ ਜਵਾਬ ਦਿੱਤਾ। ਮੋਦੀ ਨੇ ਦੱਖਣ 24 ਪਰਗਨਾ ਜ਼ਿਲ੍ਹੇ ਦੇ ਕਾਕਦੀਪ ਵਿਚ ਵੀ ਰੈਲੀ ਨੂੰ ਸੰਬੋਧਨ ਕੀਤਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਬੰਗਾਲ ਵਿਚ ਇਸ ਵਾਰ ਟੀਐੱਮਸੀ ਖ਼ਿਲਾਫ਼ ਇੰਨਾ ਗੁੱਸਾ ਹੈ ਕਿ ਕਈ ਜ਼ਿਲ੍ਹਿਆਂ ਵਿਚ ਸੱਤਾਧਾਰੀ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹੇਗਾ। ਤ੍ਰਿਣਮੂਲ ਦੀ ਘੁਸਪੈਠੀਆਂ ਨੂੰ ਸਮਰਥਨ ਦੇਣ ਦੀ ਨੀਤੀ ਨੂੰ ਖਤਮ ਕਰਨਾ ਜ਼ਰੂਰੀ ਹੈ ਕਿਉਂਕਿ ਇਹ ਸਾਡੀ ਜ਼ਮੀਨ ਲਈ ਖ਼ਤਰਾ ਪੈਦਾ ਕਰਦੀ ਹੈ। ਟੀਐੱਮਸੀ ਦੀ ਹਰ ਦੁਕਾਨ ਬੰਦ ਕਰਾਂਗੇ। 15 ਸਾਲ ਪਹਿਲਾਂ ਖੱਬੇ ਮੋਰਚੇ ਖ਼ਿਲਾਫ਼ ਜਨਤਾ ਨੇ ਬਿਗਲ ਫੂਕਿਆ ਸੀ। ਅੱਜ ਟੀਐੱਮਸੀ ਦੇ ਜੰਗਲਰਾਜ ਖ਼ਿਲਾਫ਼ ਜਨਤਾ ਹਰ ਗਲੀ-ਮੁਹੱਲੇ ਵਿਚ ਸ਼ੰਖ ਫੂਕ ਰਹੀ ਹੈ। ਇਹ ਚੋਣ ਨਾ ਮੋਦੀ ਲੜ ਰਿਹਾ ਹੈ ਅਤੇ ਨਾ ਹੀ ਮੇਰੇ ਸਾਥੀ। ਚੋਣ ਜਨਤਾ ਜਨਾਰਦਨ ਲੜ ਰਹੀ ਹੈ।
4 ਮਈ ਨੂੰ ਸਿਰਫ਼ ਨਤੀਜੇ ਨਹੀਂ, ਬਦਲਾਅ ਆਏਗਾ
ਕਾਕਦੀਪ ਦੀ ਰੈਲੀ ਵਿਚ ਪ੍ਰਧਾਨ ਮੰਤਰੀ ਨੇ ਕਿਹਾ ਕਿ 4 ਮਈ ਨੂੰ ਬੰਗਾਲ ਵਿਚ ਸਿਰਫ਼ ਨਤੀਜੇ ਨਹੀਂ, ਬਦਲਾਅ ਆਏਗਾ। ਬੰਪਰ ਵੋਟਿੰਗ ਦਰਸਾ ਰਹੀ ਹੈ ਕਿ ਡਰ ਹਾਰ ਰਿਹਾ ਹੈ ਅਤੇ ਭਰੋਸੇ ਦੀ ਜਿੱਤ ਪੱਕੀ ਹੈ। ਟੀਐੱਮਸੀ ਦੇ 15 ਸਾਲਾਂ ਦੇ ਸਿੰਡੀਕੇਟ ਸਿਸਟਮ ਅਤੇ ਮਹਾਜੰਗਲਰਾਜ ਦੀ ਐਕਸਪਾਇਰੀ ਡੇਟ ਹੁਣ ਆ ਗਈ ਹੈ। ਟੀਐੱਮਸੀ ਨੇ 15 ਸਾਲਾਂ ਵਿਚ ਬੰਗਾਲ ਨੂੰ ਸਿਰਫ਼ ਝੂਠੇ ਵਾਅਦੇ ਅਤੇ ਧੋਖਾ ਦਿੱਤਾ। ਸੂਬੇ ਲਈ ਆਪਣੀਆਂ ਪਿਛਲੀਆਂ ਛੇ ਚੋਣ ਗਾਰੰਟੀਆਂ ਦੇ ਵਾਅਦਿਆਂ ’ਤੇ ਅੱਗੇ ਵਧਦੇ ਹੋਏ ਪ੍ਰਧਾਨ ਮੰਤਰੀ ਨੇ ਬੰਗਾਲ ਦੀਆਂ ਔਰਤਾਂ ਦੀ ਭਲਾਈ ਦੇ ਮਕਸਦ ਨਾਲ 10 ਨਵੀਆਂ ਮੋਦੀ ਦੀਆਂ ਗਾਰੰਟੀਆਂ ਦਾ ਵੀ ਐਲਾਨ ਕੀਤਾ।
ਔਰਤਾਂ ਲਈ ਮੋਦੀ ਦੀਆਂ 10 ਗਾਰੰਟੀਆਂ
ਔਰਤਾਂ ’ਤੇ ਜ਼ੁਲਮ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਮਿਲੇਗੀ। ਹਰ ਬਲਾਕ ’ਚ ਮਹਿਲਾ ਥਾਣੇ ਬਣਨਗੇ।
ਪੁਲਿਸ ਬਲ ਤੇ ਹੋਰ ਸਰਕਾਰੀ ਨੌਕਰੀਆਂ ਵਿਚ ਧੀਆਂ ਦੀ ਭਰਤੀ ਹੋਵੇਗੀ।
ਹਰ ਸਾਲ 36,000 ਰੁਪਏ ਸਿੱਧੇ ਔਰਤਾਂ ਦੇ ਖਾਤਿਆਂ ਵਿਚ ਜਾਣਗੇ।
ਧੀਆਂ ਨੂੰ ਗ੍ਰੈਜੂਏਸ਼ਨ ਲਈ 50,000 ਰੁਪਏ ਦਿੱਤੇ ਜਾਣਗੇ।
ਗਰਭਵਤੀ ਮਾਵਾਂ ਨੂੰ 21,000 ਰੁਪਏ ਦੀ ਸਹਾਇਤਾ।
ਬੱਚਿਆਂ ਦੇ ਪੋਸ਼ਣ ਲਈ 36,000 ਰੁਪਏ ਦੀ ਵਾਧੂ ਸਹਾਇਤਾ।
ਸੁਕੰਨਿਆ ਸਮ੍ਰਿਧੀ ਯੋਜਨਾ ਰਾਹੀਂ ਧੀਆਂ ਦਾ ਭਵਿੱਖ ਸੁਰੱਖਿਅਤ ਕਰਨਾ।
ਸਵੈ-ਰੁਜ਼ਗਾਰ ਲਈ 20 ਲੱਖ ਰੁਪਏ ਤੱਕ ਦਾ ਮੁਦਰਾ ਲੋਨ ਤੇ ਲਖਪਤੀ ਦੀਦੀ ਯੋਜਨਾ ਦਾ ਵਿਸਥਾਰ।
ਆਯੁਸ਼ਮਾਨ ਯੋਜਨਾ ਤਹਿਤ ਪੰਜ ਲੱਖ ਰੁਪਏ ਤੱਕ ਦਾ ਮੁਫਤ ਇਲਾਜ। ਸਰਵਾਈਕਲ ਕੈਂਸਰ ਦਾ ਮੁਫਤ ਟੀਕਾ।
ਘਰ ਦੀ ਰਜਿਸਟਰੀ ਔਰਤਾਂ ਦੇ ਨਾਂ ’ਤੇ ਹੋਵੇਗੀ।