ਇਬੋਲਾ ਦੇ ਖ਼ਤਰੇ ਨਾਲ ਨਜਿੱਠਣ ਤੇ ਤਿਆਰੀਆਂ ਦੀ ਸਮੀਖਿਆ ਲਈ ਏਪੀਐੱਚਓ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਕ ਵਿਸ਼ੇਸ਼ ਬੈਠਕ ਹਾਲ ਹੀ ਵਿਚ ਹੋਈ ਹੈ। ਇਸ ਬੈਠਕ ਵਿਚ ਡਾਇਲ, ਸੀਆਈਐੱਸਐੱਫ, ਬਿਊਰੋ ਆਫ ਇਮੀਗ੍ਰੇਸ਼ਨ, ਕਸਟਮ ਵਿਭਾਗ, ਏਅਰਲਾਈਨਜ਼ ਤੇ ਗਰਾਊਂਡ ਹੈਂਡਲਿੰਗ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ।

ਜਾਗਰਣ ਸੰਵਾਦਦਾਤਾ, ਨਵੀਂ ਦਿੱਲੀ : ਆਲਮੀ ਪੱਧਰ ’ਤੇ ਇਬੋਲਾ ਦੇ ਵਧਦੇ ਖ਼ਤਰੇ ਨੂੰ ਦੇਖਦਿਆਂ ਏਅਰਪੋਰਟ ਹੈਲਥ ਆਰਗਨਾਈਜ਼ੇਸ਼ਨ (ਏਪੀਐੱਚਓ) ਨੇ ਦੇਸ਼ ਦੇ ਸਾਰੇ ਕੌਮਾਂਤਰੀ ਹਵਾਈ ਅੱਡਿਆਂ ’ਤੇ ਸਿਹਤ ਜਾਂਚ ਲਈ ਅਲਰਟ ਜਾਰੀ ਕੀਤਾ ਹੈ। ਏਪੀਐੱਚਓ ਮੁਤਾਬਕ, ਹੁਣ ਵਿਦੇਸ਼ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੀ ਡੂੰਘਾਈ ਨਾਲ ਸਿਹਤ ਜਾਂਚ ਕੀਤੀ ਜਾ ਰਹੀ ਹੈ। ਪਹਿਲਾਂ ਇਹ ਜਾਂਚ ਸਿਰਫ਼ ਅਫਰੀਕਾ ਜਾਂ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੱਕ ਸੀਮਤ ਸੀ ਪਰ ਹੁਣ ਨਿਯਮਾਂ ਵਿਚ ਬਦਲਾਅ ਕਰਦਿਆਂ ਇਸ ਨੂੰ ਸਾਰੀਆਂ ਕੌਮਾਂਤਰੀ ਉਡਾਣਾਂ ਲਈ ਲਾਜ਼ਮੀ ਕੀਤਾ ਗਿਆ ਹੈ। ਨਵੇਂ ਪ੍ਰੋਟੋਕਾਲ ਤਹਿਤ, ਕੌਮਾਂਤਰੀ ਉਡਾਣਾਂ ਤੋਂ ਉਤਰਣ ਵਾਲੇ ਸਾਰੇ ਯਾਤਰੀਆਂ ਦੀ ਥਰਮਲ ਸਕ੍ਰੀਨਿੰਗ ਕੀਤੀ ਜਾ ਰਹੀ ਹੈ ਜੋ ਸਰੀਰ ਦੇ ਤਾਪਮਾਨ (ਬੁਖਾਰ) ਨੂੰ ਆਟੋਮੈਟਿਕ ਤੌਰ ’ਤੇ ਮਾਪਦੀ ਹੈ।
ਸੈਲਫ-ਡਿਕਲੇਰੇਸ਼ਨ ਫਾਰਮ ਭਰਨਾ ਜ਼ਰੂਰੀ
ਸਾਰੇ ਯਾਤਰੀਆਂ ਲਈ ਇਕ ਸੈਲਫ-ਡਿਕਲੇਰੇਸ਼ਨ ਫਾਰਮ ਭਰਨਾ ਜ਼ਰੂਰੀ ਕੀਤਾ ਗਿਆ ਹੈ। ਇਸ ਫਾਰਮ ਵਿਚ ਯਾਤਰੀਆਂ ਨੂੰ ਨਿੱਜੀ ਵੇਰਵੇ ਤੇ ਸੰਪਰਕ ਸੂਤਰ ਨਾਲ ਜੁੜੀ ਜਾਣਕਾਰੀ ਦੇਣ ਦੇ ਨਾਲ ਪਿਛਲੇ 21 ਦਿਨਾਂ ਦਾ ਵਿਸਥਾਰਤ ਯਾਤਰਾ ਇਤਿਹਾਸ ਦੇਣਾ ਹੁੰਦਾ ਹੈ। ਸਿਹਤ ਸੰਬੰਧੀ ਲੱਛਣਾਂ (ਜਿਵੇਂ ਬੁਖਾਰ, ਬਹੁਤ ਜ਼ਿਆਦਾ ਕਮਜ਼ੋਰੀ, ਉਲਟੀ ਜਾਂ ਸਰੀਰ ਦਰਦ) ਦੀ ਮੌਜੂਦਾ ਸਥਿਤੀ ਵੀ ਦੱਸਣੀ ਹੁੰਦੀ ਹੈ।
ਸ਼ੱਕੀ ਮਿਲਣ ’ਤੇ ਆਰਐੱਮਐੱਲ ਹਸਪਤਾਲ ’ਚ ਕੀਤਾ ਜਾਵੇਗਾ ਆਈਸੋਲੇਟ
ਏਪੀਐੱਚਓ ਦੇ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਥਰਮਲ ਸਕ੍ਰੀਨਿੰਗ ਦੌਰਾਨ ਕਿਸੇ ਯਾਤਰੀ ਦਾ ਤਾਪਮਾਨ ਵੱਧ ਪਾਇਆ ਜਾਂਦਾ ਹੈ ਜਾਂ ਉਹ ਡਿਕਲੇਰੇਸ਼ਨ ਫਾਰਮ ਵਿਚ ਕਿਸੇ ਵੀ ਲੱਛਣ ਦੀ ਪੁਸ਼ਟੀ ਕਰਦਾ ਹੈ ਤਾਂ ਉਸ ਨੂੰ ਤੁਰੰਤ ਏਅਰਪੋਰਟ ’ਤੇ ਹੀ ਆਈਸੋਲੇਟ ਕਰ ਦਿੱਤਾ ਜਾਵੇਗਾ। ਅਜਿਹੇ ਸ਼ੱਕੀ ਯਾਤਰੀਆਂ ਨੂੰ ਵਿਸ਼ੇਸ਼ ਮੈਡੀਕਲ ਪ੍ਰੋਟੋਕਾਲ ਤਹਿਤ ਆਰਐੱਮਐੱਲ ਹਸਪਤਾਲ ਵਿਚ ਸਥਿਤ ਵਿਸ਼ੇਸ਼ ਆਈਸੋਲੇਸ਼ਨ ਸੈਂਟਰ ਵਿਚ ਭੇਜਿਆ ਜਾਵੇਗਾ। ਉੱਧਰ, ਮਰੀਜ਼ਾਂ ਦੀ ਵਿਸਥਾਰਤ ਜਾਂਚ ਅਤੇ ਸੈਂਪਲ ਟੈਸਟਿੰਗ ਕੀਤੀ ਜਾਵੇਗੀ ਤਾਂ ਜੋ ਦੇਸ਼ ’ਚ ਕਿਸੇ ਵੀ ਸੰਭਾਵਿਤ ਇਨਫੈਕਸ਼ਨ ਦੇ ਫੈਲਾਅ ਨੂੰ ਸਮੇਂ ’ਤੇ ਪੂਰੀ ਤਰ੍ਹਾਂ ਰੋਕਿਆ ਜਾ ਸਕੇ।
ਹਵਾਈ ਅੱਡਿਆਂ ’ਤੇ ਜਾਂਚ ਲਈ ਖ਼ਾਸ ਪ੍ਰਬੰਧ
ਇਬੋਲਾ ਦੇ ਖ਼ਤਰੇ ਨਾਲ ਨਜਿੱਠਣ ਤੇ ਤਿਆਰੀਆਂ ਦੀ ਸਮੀਖਿਆ ਲਈ ਏਪੀਐੱਚਓ ਅਧਿਕਾਰੀਆਂ ਦੀ ਮੌਜੂਦਗੀ ਵਿਚ ਇਕ ਵਿਸ਼ੇਸ਼ ਬੈਠਕ ਹਾਲ ਹੀ ਵਿਚ ਹੋਈ ਹੈ। ਇਸ ਬੈਠਕ ਵਿਚ ਡਾਇਲ, ਸੀਆਈਐੱਸਐੱਫ, ਬਿਊਰੋ ਆਫ ਇਮੀਗ੍ਰੇਸ਼ਨ, ਕਸਟਮ ਵਿਭਾਗ, ਏਅਰਲਾਈਨਜ਼ ਤੇ ਗਰਾਊਂਡ ਹੈਂਡਲਿੰਗ ਏਜੰਸੀਆਂ ਦੇ ਨੁਮਾਇੰਦਿਆਂ ਨੂੰ ਸ਼ਾਮਲ ਕੀਤਾ ਗਿਆ। ਬੈਠਕ ਵਿਚ ਸਿਹਤ ਮੰਤਰਾਲੇ ਦੇ ਨਿਰਦੇਸ਼ਾਂ ਮੁਤਾਬਕ ਸਾਰਿਆਂ ਨੂੰ ਮੁਸਤੈਦ ਰਹਿਣ ਲਈ ਕਿਹਾ ਗਿਆ। ਯਾਤਰੀਆਂ ਦੀ ਸਹੀ ਜਾਂਚ ਲਈ ਹਵਾਈ ਅੱਡਿਆਂ ਦੇ ਇੰਟਰਨੈਸ਼ਨਲ ਅਰਾਈਵਲ ਵਿਚ ਖ਼ਾਸ ਇੰਤਜ਼ਾਮ ਕੀਤੇ ਗਏ ਹਨ। ਵਿਸ਼ੇਸ਼ ਬੈਰੀਅਰ ਲਗਾਏ ਗਏ ਹਨ ਤਾਂ ਜੋ ਕੋਈ ਵੀ ਯਾਤਰੀ ਬਿਨਾਂ ਜਾਂਚ ਦੇ ਬਾਹਰ ਨਾ ਨਿਕਲ ਸਕੇ। ਜਿਨ੍ਹਾਂ ਯਾਤਰੀਆਂ ਵਿਚ ਲੱਛਣ ਦਿਖਾਈ ਦੇਣਗੇ, ਉਨ੍ਹਾਂ ਨੂੰ ਸੁਰੱਖਿਅਤ ਤਰੀਕੇ ਨਾਲ ਬਾਹਰ ਕੱਢਣ ਅਤੇ ਹਸਪਤਾਲ ਪਹੁੰਚਾਉਣ ਲਈ ਇਕ ਵੱਖਰਾ ਤੇ ਵਿਸ਼ੇਸ਼ ਰਸਤਾ ਵੀ ਤੈਅ ਕੀਤਾ ਗਿਆ ਹੈ।