DSGMC ਦੇ ਜਨਰਲ ਹਾਊਸ ਨੇ ਲਿਆ ਵੱਡਾ ਫੈਸਲਾ, ਪਰਮਜੀਤ ਸਿੰਘ ਸਰਨਾ ਸਮੇਤ 3 ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਕੀਤੀ ਰੱਦ
SGPC ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਮੀਟਿੰਗ ਨੂੰ ਗੈਰ-ਕਾਨੂੰਨੀ ਸਬੰਧੀ ਕਾਲਕਾ ਨੇ ਕਿਹਾ ਕਿ ਧਾਮੀ ਮੈਂਬਰ ਸਨ। ਉਨ੍ਹਾਂ ਨੂੰ ਇਕੱਤਰਤਾ 'ਚ ਸ਼ਾਮਲ ਹੋ ਕੇ ਆਪਣੀ ਗੱਲ ਰੱਖਣੀ ਚਾਹੀਦੀ ਸੀ।
Publish Date: Sat, 25 Oct 2025 01:20 PM (IST)
Updated Date: Sat, 25 Oct 2025 01:33 PM (IST)
ਅੰਮ੍ਰਿਤਪਾਲ ਸਿੰਘ, ਅੰਮ੍ਰਿਤਸਰ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਜਨਰਲ ਹਾਊਸ ਵੱਲੋਂ 3 ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਉਪਰੋਕਤਾਂ ਦੇ ਖਿਲਾਫ਼ ਸ਼ਿਕਾਇਤਾ ਮਿਲੀਆਂ ਸਨ। ਇਨ੍ਹਾਂ ਨੇ ਦਿੱਲੀ ਕਮੇਟੀ ਦੇ ਖਜ਼ਾਨੇ 'ਚੋਂ ਆਪਣੇ ਰਿਸ਼ਤੇਦਾਰਾਂ ਤੇ ਆਪਣੀਆਂ ਫਰਮਾਂ ਦੇ ਨਾਂ ਚੈੱਕ ਲਏ ਸਨ।
ਸਾਰੀ ਰਿਪੋਰਟ ਆਉਂਣ ਤੋਂ ਬਾਅਦ ਦਿੱਲੀ ਕਮੇਟੀ ਮੈਂਬਰਾਂ ਦਾ ਵਿਸ਼ੇਸ਼ ਜਨਰਲ ਇਜਲਾਸ ਬੁਲਾਇਆ ਗਿਆ ਸੀ ਜਿਸ ਵਿਚ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਤੇ ਮਨਜੀਤ ਸਿੰਘ ਜੀਕੇ ਨੂੰ ਵੀ ਸੱਦਿਆ ਗਿਆ ਸੀ। ਇਹ ਗ਼ੈਰ-ਹਾਜ਼ਰ ਰਹੇ ਹਨ ਕਿਉਂਕਿ ਕਿਤੇ ਨਾ ਕਿਤੇ ਇਹ ਇਸ ਨੂੰ ਮੰਨਦੇ ਹਨ। ਅਸੀਂ ਹਮੇਸ਼ਾਂ ਗੁਰੂ ਦੀ ਗੋਲਕ ਤੇ ਪਹਿਰਾ ਦੇਵਾਂਗੇ ਤੇ ਚੋਰੀ ਨੂੰ ਰੋਕਾਂਗੇ, ਕਿਸੇ ਵੀ ਚੋਰੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Advocate Harjinder Singh Dhami) ਵੱਲੋਂ ਮੀਟਿੰਗ ਨੂੰ ਗੈਰ-ਕਾਨੂੰਨੀ ਦੱਸਣ ਸਬੰਧੀ ਕਾਲਕਾ ਨੇ ਕਿਹਾ ਕਿ ਧਾਮੀ ਮੈਂਬਰ ਸਨ। ਉਨ੍ਹਾਂ ਨੂੰ ਇਕੱਤਰਤਾ 'ਚ ਸ਼ਾਮਲ ਹੋ ਕੇ ਆਪਣੀ ਗੱਲ ਰੱਖਣੀ ਚਾਹੀਦੀ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਇਕੱਤਰਤਾ ਨਾ ਕਰਨ ਦੇ ਨਿਰਦੇਸ਼ 'ਤੇ ਕਾਲਕਾ ਨੇ ਕਿਹਾ ਕਿ ਪੰਜਾਬ ਦੇ ਬਹੁਤੇ ਧਾਰਮਿਕ ਮਸਲੇ ਬਾਕੀ ਹਨ ਜਿਸ 'ਤੇ ਜਥੇਦਾਰ ਨੂੰ ਕਾਰਵਾਈ ਕਰਨ ਦੀ ਲੋੜ ਹੈ, ਇਹ ਪ੍ਰਬੰਧਕੀ ਮਾਮਲਾ ਹੈ।