ਕੀ ਤੁਹਾਡੇ ਕੋਲ ਵੀ ਆਇਆ ਤੇਲ ਦੇ ਰੇਟ ਵਧਣ ਵਾਲਾ ਮੈਸੇਜ? ਪੜ੍ਹੋ ਪ੍ਰੈੱਸ ਇੰਫਰਮੇਸ਼ਨ ਬਿਊਰੋ ਨੇ ਕੀ ਦਿੱਤਾ ਸਪਸ਼ਟੀਕਰਨ
ਪੀਆਈਬੀ ਫੈਕਟ ਚੈੱਕ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇੰਟਰਨੈੱਟ ਮੀਡੀਆ ’ਤੇ ਇਕ ਆਦੇਸ਼ ਪ੍ਰਸਾਰਤ ਹੋ ਰਿਹਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਨੂੰ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਨੇ ਜਾਰੀ ਕੀਤਾ ਹੈ।
Publish Date: Thu, 30 Apr 2026 08:31 AM (IST)
Updated Date: Thu, 30 Apr 2026 08:33 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਪ੍ਰੈੱਸ ਇੰਫਰਮੇਸ਼ਨ ਬਿਊਰੋ (ਪੀਆਈਬੀ) ਨੇ ਇੰਟਰਨੈੱਟ ਮੀਡੀਆ ’ਤੇ ਪ੍ਰਸਾਰਤ ਹੋ ਰਹੀ ਉਸ ਪੋਸਟ ਨੂੰ ਗ਼ਲਤ ਦੱਸਿਆ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਬੁੱਧਵਾਰ ਨੂੰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ। ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲੇ ਦਾ ਅਧਿਕਾਰਤ ਆਦੇਸ਼ ਹੋਣ ਦਾ ਦਾਅਵਾ ਕਰਨ ਵਾਲੀ ਪੋਸਟ ਵਿਚ ਕਿਹਾ ਗਿਆ ਸੀ ਕਿ ਪੈਟਰੋਲ ਦੀ ਕੀਮਤ ਵਿਚ 10 ਰੁਪਏ ਪ੍ਰਤੀ ਲੀਟਰ ਤੇ ਡੀਜ਼ਲ ਦੀ ਕੀਮਤ ਵਿਚ 12.50 ਪੈਸੇ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਵੀ ਸਪੱਸ਼ਟ ਕੀਤਾ ਹੈ ਕਿ ਈਂਧਣ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।
ਪੀਆਈਬੀ ਫੈਕਟ ਚੈੱਕ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇੰਟਰਨੈੱਟ ਮੀਡੀਆ ’ਤੇ ਇਕ ਆਦੇਸ਼ ਪ੍ਰਸਾਰਤ ਹੋ ਰਿਹਾ ਹੈ, ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਨੂੰ ਪੈਟਰੋਲੀਅਮ ਤੇ ਕੁਦਰਤੀ ਗੈਸ ਮੰਤਰਾਲਾ ਨੇ ਜਾਰੀ ਕੀਤਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕ੍ਰਮਵਾਰ 10 ਰੁਪਏ ਤੇ 12 ਰੁਪਏ 50 ਪੈਸੇ ਦਾ ਵਾਧਾ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਅਜਿਹਾ ਕੋਈ ਆਦੇਸ਼ ਜਾਰੀ ਨਹੀਂ ਕੀਤਾ ਹੈ। ਅਜਿਹੀਆਂ ਖ਼ਬਰਾਂ ਦੀ ਪੁਸ਼ਟੀ ਹਮੇਸ਼ਾ ਸਿਰਫ਼ ਅਧਿਕਾਰਤ ਸਰਕਾਰੀ ਸਰੋਤਾਂ ਰਾਹੀਂ ਕੀਤੀ ਜਾਵੇ। ਇਸ ਵਿਚ ਨਾਗਰਿਕਾਂ ਨੂੰ ਇਹ ਵੀ ਸਲਾਹ ਦਿੱਤੀ ਗਈ ਹੈ ਕਿ ਅਜਿਹੀ ਅਪੁਸ਼ਟ ਸਮੱਗਰੀ ਨੂੰ ਸ਼ੇਅਰ ਕਰਨ ਤੋਂ ਬਚੋ, ਜਿਸ ਨਾਲ ਭਰਮ ਪੈਦਾ ਹੋ ਸਕਦਾ ਹੋਵੇ।
ਫਰਜ਼ੀ ਆਦੇਸ਼ ਵਿਚ ਕਿਹਾ ਗਿਆ ਸੀ ਕਿ ਹਾਲੀਆ ਮਹੀਨਿਆਂ ਵਿਚ ਆਲਮੀ ਕੱਚੇ ਤੇਲ ਦੀਆਂ ਕੀਮਤਾਂ ਵਿਚ 100 ਫ਼ੀਸਦ ਤੋਂ ਵੱਧ ਦਾ ਵਾਧਾ ਹੋਇਆ ਹੈ, ਜਿਸ ਕਾਰਨ ਪੈਟਰੋਲ ਤੇ ਡੀਜ਼ਲ ’ਤੇ ਭਾਰੀ ਨੁਕਸਾਨ (ਅੰਡਰ ਰਿਕਵਰੀ) ਹੋ ਰਹੀ ਹੈ। ਇਸ ਵਜ੍ਹਾ ਨਾਲ ਪ੍ਰਚੂਨ ਈਂਧਣ ਦੀਆਂ ਕੀਮਤਾਂ ਵਿਚ ਤੁਰੰਤ ਵਾਧੇ ਦੀ ਜ਼ਰੂਰਤ ਹੈ। ਇਸ ਫਰਜ਼ੀ ਪੱਤਰ ਨੂੰ ਵਿੱਤ ਮੰਤਰਾਲੇ ਦੀ ਨੋਟੀਫਿਕੇਸ਼ਨ ਦੇ ਰੂਪ ਵਿਚ ਪੇਸ਼ ਕੀਤਾ ਗਿਆ ਸੀ। ਇਸ ਵਿਚ ਕੇਂਦਰੀ ਉਤਪਾਦ ਟੈਕਸ ਕਾਨੂੰਨ 1944 ਤਹਿਤ ਕਥਿਤ ਮੁੱਲ ਵਾਧੇ ਲਈ ਕਾਨੂੰਨੀ ਅਧਾਰ ਦੇਣ ਦੀ ਕੋਸ਼ਿਸ਼ ਕੀਤੀ ਗਈ ਸੀ। ਦੱਸਣਯੋਗ ਹੈ ਕਿ ਅਹਿਮ ਸ਼ਹਿਰਾਂ ਵਿਚ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਅਸਥਿਰ ਹਨ। ਦਿੱਲੀ, ਮੁੰਬਈ ਤੇ ਹੋਰਨਾਂ ਸ਼ਹਿਰਾਂ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਫ਼ਰਕ ਹੈ।