ਆਤਿਸ਼ੀ ਦੀ ਮੈਂਬਰੀ ਰੱਦ ਕਰਨ ਦੀ ਮੰਗ, ਦਿੱਲੀ ਸਰਕਾਰ ਦੇ ਛੇ ਮੰਤਰੀਆਂ ਨੇ ਵਿਧਾਨ ਸਭਾ ਸਪੀਕਰ ਨੂੰ ਸੌਂਪਿਆ ਪੱਤਰ
ਆਪਣੀ ਮੰਗ ’ਤੇ ਜ਼ੋਰ ਦਿੰਦੇ ਹੋਏ ਕੈਬਨਿਟ ਮੰਤਰੀ ਕਪਿਲ ਮਿਸ਼ਰਾ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕੀਤੀ ਤੇ ਕਿਹਾ ਕਿ ਉਹ ਇਸ ਮਾਮਲੇ ਦੀ ਪੈਰਵੀ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦਾ ਅਪਮਾਨ ਕਰਨ ਦਾ ਆਤਿਸ਼ੀ ਦਾ ਅਪਰਾਧ ਮਾਫ਼ੀਯੋਗ ਨਹੀਂ ਹੈ।
Publish Date: Wed, 14 Jan 2026 08:20 AM (IST)
Updated Date: Wed, 14 Jan 2026 08:22 AM (IST)
ਸਟੇਟ ਬਿਊਰੋ, ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਛੇ ਮੰਤਰੀਆਂ ਨੇ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਦੀ ਵਿਧਾਨ ਸਭਾ ਮੈਂਬਰਸ਼ਿਪ ਖ਼ਤਮ ਕਰਨ ਦੀ ਮੰਗ ਕੀਤੀ ਹੈ ਤੇ ਇਸ ਸਬੰਧੀ ਵਿਧਾਨ ਸਭਾ ਸਪੀਕਰ ਨੂੰ ਇੱਕ ਪੱਤਰ ਸੌਂਪਿਆ ਹੈ। ਆਪਣੀ ਮੰਗ ’ਤੇ ਜ਼ੋਰ ਦਿੰਦੇ ਹੋਏ ਕੈਬਨਿਟ ਮੰਤਰੀ ਕਪਿਲ ਮਿਸ਼ਰਾ ਨੇ ਮੰਗਲਵਾਰ ਨੂੰ ਇੱਕ ਪ੍ਰੈੱਸ ਕਾਨਫਰੰਸ ਕੀਤੀ ਤੇ ਕਿਹਾ ਕਿ ਉਹ ਇਸ ਮਾਮਲੇ ਦੀ ਪੈਰਵੀ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖ ਗੁਰੂਆਂ ਦਾ ਅਪਮਾਨ ਕਰਨ ਦਾ ਆਤਿਸ਼ੀ ਦਾ ਅਪਰਾਧ ਮਾਫ਼ੀਯੋਗ ਨਹੀਂ ਹੈ।
ਕਪਿਲ ਮਿਸ਼ਰਾ ਨੇ ਕਿਹਾ ਕਿ ਇਹ ਮੁੱਦਾ 6 ਜਨਵਰੀ ਨੂੰ ਵਿਧਾਨ ਸਭਾ ਦੀ ਕਾਰਵਾਈ ਨਾਲ ਸਬੰਧਤ ਹੈ ਜਦੋਂ ਸਦਨ ਗੁਰੂ ਤੇਗ ਬਹਾਦਰ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀਆਂ ਕੁਰਬਾਨੀਆਂ ’ਤੇ ਚਰਚਾ ਕਰ ਰਿਹਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਦੀ ਨੇਤਾ ਨੇ ਚਰਚਾ ਦੌਰਾਨ ਇਤਰਾਜ਼ਯੋਗ ਭਾਸ਼ਾ ਦੀ ਵਰਤੋਂ ਕੀਤੀ ਜਿਸ ਨਾਲ ਧਾਰਮਿਕ ਭਾਵਨਾਵਾਂ ਤੇ ਸਦਨ ਦੀ ਸ਼ਾਨ ਨੂੰ ਠੇਸ ਪਹੁੰਚੀ। ਘਟਨਾ ਤੋਂ ਬਾਅਦ ਆਤਿਸ਼ੀ ਵਿਧਾਨ ਸਭਾ ਤੇ ਜਨਤਕ ਤੌਰ ’ਤੇ ਗੈਰ-ਹਾਜ਼ਰ ਰਹੀ ਹੈ। ਹਾਲਾਂਕਿ ਸਪੀਕਰ ਨੇ ਉਨ੍ਹਾਂ ਨੂੰ ਵਾਰ-ਵਾਰ ਸਦਨ ’ਚ ਆ ਕੇ ਆਪਣਾ ਪੱਖ ਸਪੱਸ਼ਟ ਕਰਨ ਲਈ ਕਿਹਾ।