ਸੁਪਨੇ ਹੋਏ ਚਕਨਾਚੂਰ : ਇਟਲੀ 'ਚ 24 ਸਾਲਾ ਟਵਿੰਕਲ ਦੀ ਮੌਤ ਨਾਲ ਉੱਜੜਿਆ ਪਰਿਵਾਰ, ਪਿੰਡ 'ਚ ਪਸਰਿਆ ਸੋਗ
ਟਵਿੰਕਲ ਦੇ ਰਿਸ਼ਤੇਦਾਰ ਸਰਬਨ ਸਿੰਘ ਅਨੁਸਾਰ, ਜਦੋਂ ਉਸ ਦੇ ਦੋਸਤ ਤੋਂ ਪੁੱਛਿਆ ਗਿਆ ਤਾਂ ਉਹ ਕਦੇ ਕਹਿੰਦਾ ਕਿ ਟਵਿੰਕਲ ਸੌ ਰਿਹਾ ਹੈ ਅਤੇ ਕਦੇ ਕਹਿੰਦਾ ਕਿ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਹਰ ਵਾਰ ਨਵਾਂ ਬਹਾਨਾ ਬਣਾ ਕੇ ਫ਼ੋਨ ਕੱਟ ਦਿੰਦਾ ਸੀ
Publish Date: Mon, 19 Jan 2026 12:31 PM (IST)
Updated Date: Mon, 19 Jan 2026 12:39 PM (IST)
ਡਿਜੀਟਲ ਡੈਸਕ, ਨਵੀਂ ਦਿੱਲੀ : ਪਿਛਲੇ ਹਫ਼ਤੇ ਇਟਲੀ ਵਿੱਚ ਇੱਕ 24 ਸਾਲਾ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਸੀ। ਮ੍ਰਿਤਕ ਦੀ ਪਛਾਣ ਟਵਿੰਕਲ ਰੰਧਾਵਾ ਵਜੋਂ ਹੋਈ ਹੈ, ਜੋ ਪੰਜਾਬ ਦਾ ਰਹਿਣ ਵਾਲਾ ਸੀ। ਟਵਿੰਕਲ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਪਰਿਵਾਰ ਵਿੱਚ ਮਾਤਮ ਛਾ ਗਿਆ ਹੈ ਅਤੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਪਰਿਵਾਰ ਮੁਤਾਬਕ ਟਵਿੰਕਲ ਦੀ ਮੌਤ ਕਾਫ਼ੀ ਰਹਿਸਮਈ ਹਾਲਾਤ ਵਿੱਚ ਹੋਈ ਹੈ, ਜਿਸ ਦੀ ਉਹ ਉੱਚ ਪੱਧਰੀ ਜਾਂਚ ਦੀ ਮੰਗ ਕਰ ਰਹੇ ਹਨ। ਇਸ ਦੇ ਨਾਲ ਹੀ ਪਰਿਵਾਰ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਇਟਲੀ ਤੋਂ ਭਾਰਤ ਲਿਆਂਦੀ ਜਾਵੇ।
ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼
ਟਵਿੰਕਲ ਰੰਧਾਵਾ ਸੁਨੇਹਰੀ ਭਵਿੱਖ ਦੀ ਭਾਲ ਵਿੱਚ ਸਿਰਫ਼ ਚਾਰ ਮਹੀਨੇ ਪਹਿਲਾਂ ਹੀ ਇਟਲੀ ਗਿਆ ਸੀ। ਘਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਮਾਪਿਆਂ ਨੇ ਕਰਜ਼ਾ ਚੁੱਕ ਕੇ ਉਸ ਨੂੰ ਵਿਦੇਸ਼ ਭੇਜਿਆ ਸੀ। ਟਵਿੰਕਲ ਪਹਿਲਾਂ ਇੱਕ ਸਾਲ ਦੁਬਈ ਵਿੱਚ ਰਿਹਾ ਅਤੇ ਫਿਰ ਉੱਥੋਂ ਇਟਲੀ ਚਲਾ ਗਿਆ।
ਕੁਝ ਦਿਨ ਪਹਿਲਾਂ ਟਵਿੰਕਲ ਨੇ ਅਚਾਨਕ ਘਰ ਗੱਲ ਕਰਨੀ ਬੰਦ ਕਰ ਦਿੱਤੀ। ਜਦੋਂ ਸੰਪਰਕ ਨਾ ਹੋ ਸਕਿਆ ਤਾਂ ਪਰਿਵਾਰ ਨੇ ਉਸ ਦੇ ਨਾਲ ਰਹਿਣ ਵਾਲੇ ਸਾਥੀ ਨੂੰ ਫ਼ੋਨ ਕੀਤਾ, ਜੋ ਕਾਫ਼ੀ ਸਮੇਂ ਤੱਕ ਪਰਿਵਾਰ ਨੂੰ ਗੁੰਮਰਾਹ ਕਰਦਾ ਰਿਹਾ।
ਦੋਸਤ ਬਣਾਉਂਦਾ ਰਿਹਾ ਬਹਾਨੇ
ਟਵਿੰਕਲ ਦੇ ਰਿਸ਼ਤੇਦਾਰ ਸਰਬਨ ਸਿੰਘ ਅਨੁਸਾਰ, ਜਦੋਂ ਉਸ ਦੇ ਦੋਸਤ ਤੋਂ ਪੁੱਛਿਆ ਗਿਆ ਤਾਂ ਉਹ ਕਦੇ ਕਹਿੰਦਾ ਕਿ ਟਵਿੰਕਲ ਸੌ ਰਿਹਾ ਹੈ ਅਤੇ ਕਦੇ ਕਹਿੰਦਾ ਕਿ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਹ ਹਰ ਵਾਰ ਨਵਾਂ ਬਹਾਨਾ ਬਣਾ ਕੇ ਫ਼ੋਨ ਕੱਟ ਦਿੰਦਾ ਸੀ। ਟਵਿੰਕਲ ਦੇ ਪਿਤਾ ਪੇਸ਼ੇ ਤੋਂ ਡਰਾਈਵਰ ਹਨ ਅਤੇ ਬੜੀ ਮੁਸ਼ਕਲ ਨਾਲ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ।
ਪਿਤਾ ਨੇ ਸੁਣਾਈ ਦਰਦ ਭਰੀ ਕਹਾਣੀ
ਟਵਿੰਕਲ ਦੇ ਪਿਤਾ ਜਗੀਰ ਸਿੰਘ ਨੇ ਦੱਸਿਆ, "ਮੇਰੇ ਦੋ ਪੁੱਤਰ ਹਨ, ਟਵਿੰਕਲ ਛੋਟਾ ਸੀ। ਦੋ ਦਿਨ ਪਹਿਲਾਂ ਜਦੋਂ ਗੱਲ ਹੋਈ ਤਾਂ ਉਹ ਬਿਲਕੁਲ ਠੀਕ ਸੀ। ਸਾਨੂੰ ਨਹੀਂ ਪਤਾ ਉੱਥੇ ਕੀ ਹੋਇਆ। ਅਸੀਂ ਭਾਰਤ ਸਰਕਾਰ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਸਾਡੇ ਪੁੱਤ ਦੀ ਦੇਹ ਵਾਪਸ ਲਿਆਂਦੀ ਜਾਵੇ ਤਾਂ ਜੋ ਅਸੀਂ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਉਸ ਦਾ ਅੰਤਿਮ ਸੰਸਕਾਰ ਕਰ ਸਕੀਏ।"
ਮਾਂ ਦਾ ਛਲਕਿਆ ਦਰਦ
ਮਾਂ ਬਲਜੀਤ ਕੌਰ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ। ਉਨ੍ਹਾਂ ਕਿਹਾ, "ਟਵਿੰਕਲ ਅਕਸਰ ਕਹਿੰਦਾ ਸੀ ਕਿ ਮਾਂ, ਜਦੋਂ ਮੈਂ ਇੱਥੇ ਸੈੱਟ ਹੋ ਗਿਆ ਤਾਂ ਤੈਨੂੰ ਵੀ ਆਪਣੇ ਕੋਲ ਬੁਲਾ ਲਵਾਂਗਾ ਅਤੇ 2 ਸਾਲ ਬਾਅਦ ਵਾਪਸ ਆ ਜਾਵਾਂਗਾ। ਮੈਂ ਸਰਕਾਰ ਅੱਗੇ ਹੱਥ ਜੋੜਦੀ ਹਾਂ ਕਿ ਮੇਰੇ ਪੁੱਤ ਦੀ ਲਾਸ਼ ਵਤਨ ਵਾਪਸ ਲਿਆਉਣ ਵਿੱਚ ਮਦਦ ਕੀਤੀ ਜਾਵੇ।"