Darbhanga : ਏਅਰਪੋਰਟ ਦੇ ਯਾਤਰੀ ਸ਼ੈੱਡ ’ਤੇ ਦਬੰਗਾਂ ਦਾ ਕਬਜ਼ਾ, ਬਣਾ ਦਿੱਤਾ ਚਾਰਾ ਘਰ
ਬਿਹਾਰ ਵਿਚ ਦਰਭੰਗਾ ਏਅਰਪੋਰਟ ਦੇ ਯਾਤਰੀ ਸ਼ੈੱਡ ’ਤੇ ਦਬੰਗਾਂ ਨੇ ਕਬਜ਼ਾ ਕਰ ਲਿਆ ਹੈ। ਇਸ ਸ਼ੈੱਡ ਨੂੰ ਉਨ੍ਹਾਂ ਨੇ ਪਨਾਹਗਾਹ ਬਣਾ ਲਿਆ ਹੈ। ਇੱਥੇ ਆਪਣੇ ਜਿੰਦੇ ਲਟਕਾ ਕੇ ਇਸ ਦੀ ਨਿੱਜੀ ਵਰਤੋਂ ਕਰ ਰਹੇ ਹਨ। ਸ਼ੈੱਡ ਦੇ ਅੰਦਰ ਪਸ਼ੂਆਂ ਦਾ ਚਾਰਾ, ਤੂੜੀ ਤੇ ਪਰਾਲੀ ਦਾ ਢੇਰ ਲੱਗਾ ਹੋਇਆ ਹੈ।
Publish Date: Wed, 24 Dec 2025 08:17 PM (IST)
Updated Date: Wed, 24 Dec 2025 08:19 PM (IST)
ਜਾਸ, ਦਰਭੰਗਾ : ਬਿਹਾਰ ਵਿਚ ਦਰਭੰਗਾ ਏਅਰਪੋਰਟ ਦੇ ਯਾਤਰੀ ਸ਼ੈੱਡ ’ਤੇ ਦਬੰਗਾਂ ਨੇ ਕਬਜ਼ਾ ਕਰ ਲਿਆ ਹੈ। ਇਸ ਸ਼ੈੱਡ ਨੂੰ ਉਨ੍ਹਾਂ ਨੇ ਪਨਾਹਗਾਹ ਬਣਾ ਲਿਆ ਹੈ। ਇੱਥੇ ਆਪਣੇ ਜਿੰਦੇ ਲਟਕਾ ਕੇ ਇਸ ਦੀ ਨਿੱਜੀ ਵਰਤੋਂ ਕਰ ਰਹੇ ਹਨ। ਸ਼ੈੱਡ ਦੇ ਅੰਦਰ ਪਸ਼ੂਆਂ ਦਾ ਚਾਰਾ, ਤੂੜੀ ਤੇ ਪਰਾਲੀ ਦਾ ਢੇਰ ਲੱਗਾ ਹੋਇਆ ਹੈ। ਹੁਣ ਇਹ ਸ਼ੈੱਡ ਚਾਰਾ ਘਰ ਵਿਚ ਬਦਲ ਗਿਆ ਹੈ। ਏਅਰਪੋਰਟ ਦੇ ਮੁੱਖ ਦੁਆਰ ਦੇ ਬਾਹਰ ਦਰਭੰਗਾ-ਜਯਨਗਰ ਮੁੱਖ ਸੜਕ ਕਿਨਾਰੇ ਲਗਪਗ 14 ਲੱਖ ਰੁਪਏ ਦੀ ਲਾਗਤ ਨਾਲ ਇਸ ਦਾ ਨਿਰਮਾਣ ਕੀਤਾ ਗਿਆ ਸੀ। ਦਬੰਗਾਂ ਦੇ ਕਬਜ਼ੇ ਕਾਰਨ ਯਾਤਰੀ ਇਸ ਦੀ ਸਹੂਲਤ ਤੋਂ ਵਾਂਝੇ ਰਹਿ ਗਏ ਹਨ। ਸਾਲ 2022 ਵਿਚ ਤੱਤਕਾਲੀ ਜਲ ਸਰੋਤ ਅਤੇ ਸੂਚਨਾ ਜਨਸੰਪਰਕ ਮੰਤਰੀ ਸੰਜੇ ਕੁਮਾਰ ਝਾਅ ਦੇ ਫੰਡ ਨਾਲ ਸ਼ੈੱਡ ਦੀ ਉਸਾਰੀ ਹੋਈ ਸੀ।
ਟਾਈਲਜ਼, ਬਿਜਲੀ ਦੀ ਸਪਲਾਈ, ਮੋਬਾਈਲ ਫੋਨ ਚਾਰਜਿੰਗ ਲਈ ਬੋਰਡ, ਸਟੀਲ ਦੀ ਕੁਰਸੀ, ਪੇਂਟਿੰਗ, ਰੰਗ-ਰੋਗਨ ਕਰ ਕੇ ਸ਼ੈੱਡ ਨੂੰ ਤਿਆਰ ਕੀਤਾ ਗਿਆ। ਉਦਘਾਟਨ ਕਰ ਕੇ ਦਰਭੰਗਾ ਏਅਰਪੋਰਟ ਦੇ ਹਵਾਲੇ ਕੀਤਾ ਗਿਆ ਤਾਂ ਜੋ ਹਵਾਈ ਯਾਤਰਾ ਕਰਨ ਵਾਲੇ ਯਾਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਫਲਾਈਟ ਲੇਟ ਹੋਣ ’ਤੇ ਉੱਥੇ ਠਹਿਰ ਸਕਣ। ਸ਼ੁਰੂਆਤ ਦੇ ਪੰਜ ਤੋਂ ਛੇ ਮਹੀਨੇ ਤੱਕ ਯਾਤਰੀ ਅਤੇ ਉਨ੍ਹਾਂ ਦੇ ਪਰਿਵਾਰ ਵਾਲੇ ਇਸ ਦਾ ਲਾਭ ਲੈਂਦੇ ਰਹੇ। ਏਅਰਪੋਰਟ ਦੇ ਮੁੱਖ ਦੁਆਰ ਤੋਂ ਥੋੜ੍ਹੀ ਦੂਰੀ ’ਤੇ ਬਣੇ ਹੋਣ ਕਾਰਨ ਸ਼ੈੱਡ ’ਤੇ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਗਿਆ। ਹੌਲੀ-ਹੌਲੀ ਇਸ ’ਤੇ ਦਬੰਗਾਂ ਦਾ ਕਬਜ਼ਾ ਹੋ ਗਿਆ। ਇਸ ਵੇਲੇ ਇਮਾਰਤ ਦੇ ਅੰਦਰ ਸਥਾਨਕ ਵਿਅਕਤੀ ਭੋਜਨ ਆਦਿ ਬਣਾ ਕੇ ਦਬੰਗਾਂ ਨੂੰ ਦੇ ਰਹੇ ਹਨ। ਬਦਲੇ ਵਿਚ ਉਨ੍ਹਾਂ ਨੂੰ ਸ਼ੈੱਡ ਦੇ ਅੰਦਰ ਸਾਮਾਨ ਰੱਖਣ ਦਾ ਕਿਰਾਇਆ ਨਹੀਂ ਦੇਣਾ ਪੈਂਦਾ। ਸ਼ਾਮ ਸਮੇਂ ਸ਼ੈੱਡ ਅੰਦਰ ਨਸ਼ੇੜੀਆਂ ਦਾ ਜਮਾਵੜਾ ਹੋ ਜਾਂਦਾ ਹੈ। ਦਰਭੰਗਾ ਏਅਰਪੋਰਟ ਤੋਂ ਵੱਖ-ਵੱਖ ਸ਼ਹਿਰਾਂ ਦਰਮਿਆਨ ਹਵਾਈ ਯਾਤਰਾ ਕਰਨ ਵਾਲੇ ਯਾਤਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸ਼ੈੱਡ ਦੀ ਘਾਟ ਕਾਰਨ ਸੜਕਾਂ ’ਤੇ ਖੜ੍ਹੇ ਹੋਣ ਲਈ ਮਜਬੂਰ ਹੁੰਦੇ ਹਨ।