ਆਪਣੇ ਸੇਵਾ ਮੁਕਤ ਮੈਂਬਰਾਂ ਨੂੰ ਪੈਨਸ਼ਨ ਦੇਵੇਗੀ CPM, 75 ਸਾਲ ਦੀ ਉਮਰ ’ਤੇ ਸੇਵਾਮੁਕਤੀ ਹੋਣ ’ਤੇ ਮਿਲੇਗੀ ਪੈਨਸ਼ਨ
ਜ਼ਿਕਰਯੋਗ ਹੈ ਕਿ ਬੰਗਾਲ ਵਿਧਾਨ ਸਭਾ ਚੋਣਾਂ ’ਚ ਖੱਬੀਆਂ ਪਾਰਟੀਆਂ ਦੀ ਕਰਾਰੀ ਹਾਰ ਤੋਂ ਬਾਅਦ ਸੀਪੀਐੱਮ ਦੀ ਸੂਬਾਈ ਲੀਡਰਸ਼ਿਪ ’ਤੇ ਸਵਾਲ ਉੱਠਣ ਲੱਗੇ ਸਨ।
Publish Date: Tue, 16 Nov 2021 10:11 AM (IST)
Updated Date: Tue, 16 Nov 2021 02:02 PM (IST)
ਜੇਐੱਨਐੱਨ, ਕੋਲਕਾਤਾ : ਮਾਰਕਸਵਾਦੀ ਕਮਿਊਨਿਸਟ ਪਾਰਟੀ (ਸੀਪੀਐੱਮ) ਆਪਣੇ ਸੇਵਾਮੁਕਤ ਮੈਂਬਰਾਂ ਨੂੰ ਪੈਨਸ਼ਨ ਦੇਵੇਗੀ। ਪਾਰਟੀ ਦੀ ਕੇਂਦਰੀ ਕਮੇਟੀ ਨੇ ਇਹ ਫ਼ੈਸਲਾ ਲਿਆ ਹੈ। ਪਾਰਟੀ ਦੇ ਨਿਯਮਾਂ ਮੁਤਾਬਕ 75 ਸਾਲ ਦੀ ਉਮਰ ’ਚ ਸੇਵਾਮੁਕਤ ਹੋਣ ਵਾਲੇ ਮੈਂਬਰਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਪਾਰਟੀ ਦੀ ਕੇਰਲ ਇਕਾਈ ਤਾਂ ਇਸ ਨੂੰ ਅਪਲਾਈ ਕਰਨ ’ਚ ਵੀ ਜੁਟ ਗਈ ਹੈ। ਬੰਗਾਲ ਸਮੇਤ ਹੋਰ ਸੂਬਿਆਂ ਤੋਂ ਇਸ ਬਾਰੇ ਵਿਚਾਰ-ਵਟਾਂਦਰਾ ਚੱਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਸੀਪੀਐੱਮ ਦੇ ਪੂਰਨਕਾਲੀ ਮੈਂਬਰਾਂ ਨੂੰ ਪਾਰਟੀ ਵੱਲੋਂ ਰੈਗੂਲਰ ਤੌਰ ’ਤੇ ਭੱਤਾ ਦਿੱਤਾ ਜਾਂਦਾ ਹੈ। ਹੁਣ ਉਨ੍ਹਾਂ ਨੂੰ ਪੈਨਸ਼ਨ ਦੀ ਸਹੂਲਤ ਵੀ ਮਿਲੇਗੀ। ਏਨਾ ਹੀ ਨਹੀਂ ਉਨ੍ਹਾਂ ਦੇ ਇਲਾਜ ਦੀ ਵੀ ਪਾਰਟੀ ਵੱਲੋਂ ਵਿਵਸਥਾ ਕੀਤੀ ਜਾਵੇਗੀ। ਕੇਰਲ ਦੀ ਹਰੇਕ ਜ਼ਿਲ੍ਹਾ ਕਮੇਟੀ ਨੂੰ ਇਸ ਬਾਰੇ ਫੰਡ ਤਿਆਰ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। ਪਾਰਟੀ ਦੇ ਸਾਬਕਾ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੂੰ ਇਸ ਦੇ ਘੇਰੇ ਤੋਂ ਬਾਹਰ ਰੱਖਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਬੰਗਾਲ ਵਿਧਾਨ ਸਭਾ ਚੋਣਾਂ ’ਚ ਖੱਬੀਆਂ ਪਾਰਟੀਆਂ ਦੀ ਕਰਾਰੀ ਹਾਰ ਤੋਂ ਬਾਅਦ ਸੀਪੀਐੱਮ ਦੀ ਸੂਬਾਈ ਲੀਡਰਸ਼ਿਪ ’ਤੇ ਸਵਾਲ ਉੱਠਣ ਲੱਗੇ ਸਨ। ਉਮਰ ਦਾ ਮਾਮਲਾ ਵੀ ਉਠਿਆ ਸੀ। ਉਸ ਤੋਂ ਬਾਅਦ ਸੂਬਾ, ਜ਼ਿਲੇ ਤੇ ਏਰੀਆ ਕਮੇਟੀ ਲਈ ਮੈਂਬਰਾਂ ਦੀ ਵੱਧ ਤੋਂ ਵੱਧ ਉਮਰ ਲੜੀਵਾਰ 72, 70 ਤੇ 65 ਕੀਤੀ ਗਈ ਸੀ। ਪਾਰਟੀ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੇਰਲ ਤੋਂ ਬਾਅਦ ਬੰਗਾਲ ਇਕਾਈ ਵੀ ਪੈਨਸ਼ਨ ’ਤੇ ਛੇਤੀ ਵਿਚਾਰ ਕਰ ਸਕਦੀ ਹੈ। ਬੰਗਾਲ ’ਚ ਕਮਜ਼ੋਰ ਹੋਣ ’ਤੇ ਵੀ ਸੀਪੀਐੱਮ ਦਾ ਚੰਗਾ ਵੱਡਾ ਸੰਗਠਨ ਹੈ। ਸੀਪੀਐੱਮ ’ਚ ਉਮਰਦਰਾਜ਼ ਨੇਤਾਵਾਂ, ਵਰਕਰਾਂ ਤੇ ਮੈਂਬਰਾਂ ਦੀ ਗਿਣਤੀ ਦੂਜੀਆਂ ਸਿਆਸੀ ਪਾਰਟੀਆਂ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ, ਜਿਨ੍ਹਾਂ ’ਚੋਂ ਕੀ ਦੀ ਮਾਲੀ ਹਾਲਤ ਬਹੁਤ ਖ਼ਰਾਬ ਹੈ। ਇਸੇ ਨੂੰ ਧਿਆਨ ’ਚ ਰੱਖ ਕੇ ਇਹ ਫ਼ੈਸਲਾ ਲਿਆ ਗਿਆ ਹੈ।