ਜਲਵਾਯੂ ਪਰਿਵਰਤਨ ਸੰਕਟ: ਲੂ ਐਲਾਨਣ ਦੇ ਮਾਪਦੰਡਾਂ 'ਚ ਬਦਲਾਅ ਕਰੇਗਾ IMD, ਮੌਜੂਦਾ ਵਿਵਸਥਾ ਅਨੁਕੂਲ ਨਹੀਂ
ਮੌਜੂਦਾ ਮਾਪਦੰਡ ਭਾਰਤ ਦੀਆਂ ਵੱਖ-ਵੱਖ ਭੂਗੋਲਿਕ ਸਥਿਤੀਆਂ, ਖਾਸ ਕਰ ਕੇ ਤੱਟਵਰਤੀ ਇਲਾਕਿਆਂ ਦੇ ਅਨੁਕੂਲ ਨਹੀਂ ਹਨ ਜਿਸ ਕਾਰਨ ਸਹੀ ਸਮੇਂ ’ਤੇ ਚਿਤਾਵਨੀ ਜਾਰੀ ਕਰਨ ਵਿਚ ਮੁਸ਼ਕਲ ਆ ਰਹੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਲੂ ਦਾ ਐਲਾਨ ਕਰਨ ਦੇ ਮਾਪਦੰਡਾਂ ’ਤੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਬਦਲਾਅ ਜਲਦੀ ਹੀ ਲਾਗੂ ਕੀਤੇ ਜਾਣਗੇ।
Publish Date: Sun, 17 May 2026 08:43 AM (IST)
Updated Date: Sun, 17 May 2026 08:45 AM (IST)

ਤਿਰੁਵਨੰਤਪੁਰਮ (ਪੀਟੀਆਈ) : ਬਦਲਦੇ ਮੌਸਮ ਦੇ ਮਿਜ਼ਾਜ ਤੇ ਭਿਆਨਕ ਗਰਮੀ ਦਰਮਿਆਨ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਇਕ ਵੱਡਾ ਅਤੇ ਸੰਵੇਦਨਸ਼ੀਲ ਫ਼ੈਸਲਾ ਲਿਆ ਹੈ। ਹੁਣ ਦੇਸ਼ ਵਿਚ ਲੂ (ਹੀਟਵੇਵ) ਐਲਾਨਣ ਦੇ ਪੁਰਾਣੇ ਪੈਮਾਨਿਆਂ ਨੂੰ ਬਦਲਿਆ ਜਾਵੇਗਾ। ਮੌਜੂਦਾ ਮਾਪਦੰਡ ਭਾਰਤ ਦੀਆਂ ਵੱਖ-ਵੱਖ ਭੂਗੋਲਿਕ ਸਥਿਤੀਆਂ, ਖਾਸ ਕਰ ਕੇ ਤੱਟਵਰਤੀ ਇਲਾਕਿਆਂ ਦੇ ਅਨੁਕੂਲ ਨਹੀਂ ਹਨ ਜਿਸ ਕਾਰਨ ਸਹੀ ਸਮੇਂ ’ਤੇ ਚਿਤਾਵਨੀ ਜਾਰੀ ਕਰਨ ਵਿਚ ਮੁਸ਼ਕਲ ਆ ਰਹੀ ਹੈ। ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਲੂ ਦਾ ਐਲਾਨ ਕਰਨ ਦੇ ਮਾਪਦੰਡਾਂ ’ਤੇ ਮੁੜ ਵਿਚਾਰ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਹ ਬਦਲਾਅ ਜਲਦੀ ਹੀ ਲਾਗੂ ਕੀਤੇ ਜਾਣਗੇ। ਮਾਪਦੰਡਾਂ ਨੂੰ ਅੰਤਮ ਰੂਪ ਦੇਣ ਤੋਂ ਪਹਿਲਾਂ ਆਫਤ ਮੈਨੇਜਮੈਂਟ ਅਥਾਰਟੀ ਨਾਲ ਵੀ ਸਲਾਹ-ਮਸ਼ਵਰਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਕੇਰਲਮ ਨੇ ਭਿਆਨਕ ਗਰਮੀ ਅਤੇ ਹੁੰਮਸ ਦਾ ਇਕ ਅਜਿਹਾ ਦੌਰ ਦੇਖਿਆ ਜਿਸ ਨੇ ਵਿਗਿਆਨੀਆਂ ਨੂੰ ਵੀ ਚਿੰਤਾ ਵਿਚ ਪਾ ਦਿੱਤਾ। ਪਹਿਲੀ ਵਾਰ ਦੱਖਣੀ ਭਾਰਤ (ਕਰਨਾਟਕ-ਮਹਾਰਾਸ਼ਟਰ ਤੱਟ) ਨੇੜੇ ਇਕ ‘ਐਂਟੀ-ਸਾਈਕਲੋਨ ਸਿਸਟਮ ਬਣਿਆ। ਆਮ ਤੌਰ ’ਤੇ ਉੱਤਰੀ-ਪੱਛਮੀ ਭਾਰਤ ਵਿਚ ਦਿਖਾਈ ਦੇਣ ਵਾਲਾ ਇਹ ਸਿਸਟਮ ਹਵਾ ਨੂੰ ਹੇਠਾਂ ਧਕਦਾ ਹੈ, ਜਿਸ ਨਾਲ ਗਰਮ ਹਵਾ ਸਤ੍ਹਾ ’ਤੇ ਹੀ ਫਸ ਜਾਂਦੀ ਹੈ। ਨਤੀਜਾ ਇਹ ਹੋਇਆ ਕਿ ਕੇਰਲਮ ਵਿਚ ਰਾਤਾਂ ਵੀ ਤਪਦੀਆਂ ਰਹੀਆਂ ਅਤੇ ਰਾਤ ਦਾ ਤਾਪਮਾਨ ਆਮ ਨਾਲੋਂ ਤਿੰਨ ਤੋਂ ਚਾਰ ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।