Chamoli Glacier Burst : ਚਮੋਲੀ 'ਚ ਗਲੇਸ਼ੀਅਰ ਟੁੱਟਣ ਨਾਲ ਲਪੇਟ 'ਚ ਆਇਆ BRO ਕੈਂਪ, ਫ਼ੌਜ ਨੇ ਹੁਣ ਤਕ 384 ਲੋਕਾਂ ਨੂੰ ਬਚਾਇਆ, 8 ਲਾਸ਼ਾਂ ਬਰਾਮਦ
ਬਰਫ਼ ਹੇਠਾਂ ਫਸੇ ਬਾਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਬਚਾਅ ਮੁਹਿੰਮ ਜਾਰੀ ਹੈ। ਦੱਸਿਆ ਗਿਆ ਕਿ ਬਰਫ਼ਬਾਰੀ ਦੌਰਾਨ ਵੀ ਫ਼ੌਜ ਨੇ ਰੈਸਕਿਊ ਜਾਰੀ ਰੱਖਿਆ। ਰਾਤ ਨੂੰ ਰੈਸਕਿਊ ਆਪ੍ਰੇਸ਼ਨ ਰੋਕਣ ਤੋਂ ਬਾਅਦ ਅੱਜ ਸਵੇਰੇ ਮੁੜ ਰੈਸਕਿਊ ਸ਼ੁਰੂ ਕੀਤਾ ਗਿਆ।
Publish Date: Sat, 24 Apr 2021 08:34 AM (IST)
Updated Date: Sun, 25 Apr 2021 12:29 AM (IST)
ਜੇਐੱਨਐੱਨ, ਚਮੋਲੀ : Chamoli Glacier Burst : ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਜੋਸ਼ੀਮਠ ਸੈਕਟਰ ਦੇ ਸੁਮਨਾ ਖੇਤਰ 'ਚ ਬਰਫ਼ ਦਾ ਪਹਾੜ ਟੁੱਟਣ ਤੋਂ ਬਾਅਦ ਇਸ ਦੀ ਜੱਦ ਵਿਚ ਆਏ ਸੜਕ ਨਿਰਮਾਣ ਕਾਰਜ 'ਚ ਜੁਟੇ ਵਿਅਕਤੀਆਂ ਨੂੰ ਬਚਾਉਣ 'ਚ ਫ਼ੌਜ ਦੀ ਮੁਹਿੰਮ ਜਾਰੀ ਹੈ। ਫ਼ੌਜ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਰਾਹਤ ਬਚਾਅ ਕਾਰਜ ਦੌਰਾਨ 384 ਵਿਅਕੀਤਆਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ। ਇਨ੍ਹਾਂ ਵਿਚੋਂ 6 ਦੀ ਹਾਲਤ ਗੰਭੀਰ ਬਣੀ ਹੋਈ ਹੈ। ਉੱਥੇ ਹੀ ਫ਼ੌਜ ਨੇ 8 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਬਰਫ਼ ਹੇਠਾਂ ਫਸੇ ਬਾਕੀ ਵਿਅਕਤੀਆਂ ਦਾ ਪਤਾ ਲਗਾਉਣ ਲਈ ਬਚਾਅ ਮੁਹਿੰਮ ਜਾਰੀ ਹੈ। ਦੱਸਿਆ ਗਿਆ ਕਿ ਬਰਫ਼ਬਾਰੀ ਦੌਰਾਨ ਵੀ ਫ਼ੌਜ ਨੇ ਰੈਸਕਿਊ ਜਾਰੀ ਰੱਖਿਆ। ਰਾਤ ਨੂੰ ਰੈਸਕਿਊ ਆਪ੍ਰੇਸ਼ਨ ਰੋਕਣ ਤੋਂ ਬਾਅਦ ਅੱਜ ਸਵੇਰੇ ਮੁੜ ਰੈਸਕਿਊ ਸ਼ੁਰੂ ਕੀਤਾ ਗਿਆ।
ਦੱਸਿਆ ਗਿਆ ਕਿ 23 ਅਪ੍ਰੈਲ ਦੀ ਦੁਪਹਿਰੇ ਸੁਮਨਾ ਟੂ ਦੇ ਬੀਆਰਓ ਕੈਂਪ 'ਚ ਬਰਫ਼ ਦਾ ਪਹਾੜ ਖਿਸਕਿਆ ਜਿਸ ਨਾਲ ਕੈਂਪ ਤਬਾਹ ਹੋ ਗਿਆ। ਕੈਂਪ 'ਚ ਸੜਕ ਨਿਰਮਾਣ 'ਚ ਜੁਟੇ ਮਜ਼ਦੂਰ, ਮਸ਼ੀਨ ਚਾਲਕ, ਅਧਿਕਾਰੀ ਤੇ ਮੁਲਾਜ਼ਮ ਮੌਜੂਦ ਸਨ, ਫਿਲਹਾਲ ਇਨ੍ਹਾਂ ਦੀ ਗਿਣਤੀ ਸਾਫ਼ ਨਹੀਂ ਹੈ। ਪਰ ਫ਼ੌਜ ਦਾ ਕਹਿਣਾ ਹੈ ਕਿ ਫਿਲਹਾਲ ਕਈ ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ 'ਤੇ ਰੈਸਕਿਊ ਜਾਰੀ ਹੈ।
ਇਸੇ ਦੌਰਾਨ ਜੋਸ਼ੀਮਠ ਤੋਂ ਵਹਿੰਦੀ ਰਿਸ਼ੀਗੰਗਾ ਨਦੀ 'ਚ ਖ਼ਤਰਾ ਬਣਿਆ ਹੋਇਆ ਹੈ। ਮੌਸਮ ਵਿਭਾਗ ਨੇ ਦੋ ਦਿਨਾਂ 'ਚ ਮੌਸਮ ਸਾਫ਼ ਹੋਣ ਦੀ ਗੱਲ ਕਹੀ ਹੈ ਜਿਸ ਤੋਂ ਬਾਅਦ ਹੀ ਨੁਕਸਾਨ ਦਾ ਸਹੀ ਮੁਲਾਂਕਣ ਹੋ ਸਕੇਗਾ।
ਇਸ ਨਦੀ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸ ਕਾਰਨ ਹੇਠਲੇ ਇਲਾਕਿਆਂ 'ਚ ਖ਼ਤਰਾ ਬਣਿਆ ਹੋਇਆ ਹੈ। ਉੱਥੇ ਹੀ ਮੁੱਖ ਮੰਤਰੀ ਦਫ਼ਤਰ ਨੇ ਗਲੇਸ਼ੀਅਰ ਟੁੱਟਣ ਦੀ ਪੁਸ਼ਟੀ ਕਰ ਦਿੱਤੀ ਹੈ। ਇਸ ਮਾਮਲੇ 'ਚ ਕੇਂਦਰੀ ਗ੍ਰਹਿ ਮੰਤਰੀ ਵੀ ਲਗਾਤਾਰ ਸੰਪਰਕ 'ਚ ਹਨ। ਮੁੱਖ ਮੰਤਰੀ ਟੀਐੱਸ ਰਾਵਤ ਨੇ ਅਲਰਟ ਜਾਰੀ ਕਰਨ ਦੇ ਹੁਕਮ ਦਿੱਤੇ ਹਨ। ਬੀਆਰਓ ਦੇ ਕਮਾਂਡਰ ਕਰਨਲ ਮਨੀਸ਼ ਕਪਿਲ ਨੇ ਦੱਸਿਆ, ਸੜਕ ਨਿਰਮਾਣ ਦਾ ਕੰਮ ਚੱਲ ਰਿਹਾ ਸੀ, ਪਰ ਹਾਦਸੇ 'ਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਨੁਕਸਾਨ ਨਹੀਂ ਹੋਇਆ ਹੈ। ਗਲੇਸ਼ੀਅਰ ਟੁੱਟਣ ਦਾ ਕਾਰਨ ਭਾਰੀ ਬਰਫ਼ਬਾਰੀ ਨੂੰ ਮੰਨਿਆ ਜਾ ਰਿਹਾ ਹੈ। ਹਾਦਸੇ ਦੀ ਵਜ੍ਹਾ ਨਾਲ ਜੋਸ਼ੀਮਠ-ਮਲਾਰੀ ਹਾਈਵੇ ਵੀ ਬਰਫ਼ ਨਾਲ ਢਕ ਗਿਆ ਹੈ।
ਇਸ ਤੋਂ ਪਹਿਲਾਂ ਉੱਤਰਾਖੰਡ 'ਚ 7 ਫਰਵਰੀ 2021 ਨੂੰ ਚਮੋਲੀ ਦੇ ਤਪੋਵਨ 'ਚ ਗਲੇਸ਼ੀਅਰ ਟੁੱਟ ਕੇ ਰਿਸ਼ੀਗੰਗਾ ਨਦੀ 'ਚ ਡਿੱਗਿਆ ਸੀ। ਹਾਦਸੇ ਤੋਂ ਬਾਅਦ 50 ਤੋਂ ਜ਼ਿਆਦਾ ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ, ਜਦਕਿ 150 ਤੋਂ ਜ਼ਿਆਦਾ ਲੋਕ ਅਜਿਹੇ ਸਨ ਜਿਨ੍ਹਾਂ ਦਾ ਹਾਦਸੇ ਤੋਂ ਬਾਅਦ ਕੁਝ ਪਤਾ ਨਹੀਂ ਲੱਗ ਸਕਿਆ।