ਕੇਂਦਰ ਦੀ ਵੱਡੀ ਪਹਿਲ: RBSK 2.0 ਤਹਿਤ ਬੱਚਿਆਂ ਦੀ ਮਾਨਸਿਕ ਸਿਹਤ ਤੇ ਜੀਵਨ ਸ਼ੈਲੀ ਦੇ ਰੋਗਾਂ ਦਾ ਹੋਵੇਗਾ ਮੁਫ਼ਤ ਇਲਾਜ, ਦਿਸ਼ਾ-ਨਿਰਦੇਸ਼ ਜਾਰੀ
ਇਹ ਹੁਣ ਸਿਰਫ਼ ਬੱਚਿਆਂ ਦੀਆਂ ਸਰੀਰਕ ਬਿਮਾਰੀਆਂ ’ਤੇ ਹੀ ਨਹੀਂ, ਸਗੋਂ ਉਨ੍ਹਾਂ ਦੀ ਮਾਨਸਿਕ ਸਿਹਤ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ’ਤੇ ਵੀ ਕੇਂਦਰਿਤ ਹੋਵੇਗੀ। ਇਹ ਪਹਿਲ ਜਨਮ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਮੁਕੰਮਲ ਸੁਰੱਖਿਆ ਚੱਕਰ ਪ੍ਰਦਾਨ ਕਰਨ ਦਾ ਸੰਕਲਪ ਹੈ।
Publish Date: Mon, 04 May 2026 11:12 AM (IST)
Updated Date: Mon, 04 May 2026 11:17 AM (IST)
ਨਵੀਂ ਦਿੱਲੀ (ਪੀਟੀਆਈ) : ਕੇਂਦਰ ਸਰਕਾਰ ਨੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਦਿਸ਼ਾ ਵਿਚ ਇਕ ਕ੍ਰਾਂਤੀਕਾਰੀ ਕਦਮ ਚੁੱਕਦੇ ਹੋਏ ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰਬੀਐੱਸਕੇ) ਦੀ ਨਵੀਂ ਰੂਪ-ਰੇਖਾ ਤਿਆਰ ਕੀਤੀ ਹੈ। ਬੱਚਿਆਂ ਦਾ ਭਵਿੱਖ ਹੁਣ ਹੋਰ ਵੀ ਸੁਰੱਖਿਅਤ ਤੇ ਸਿਹਤਮੰਦ ਹੋਣ ਵਾਲਾ ਹੈ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਜਨਤਕ ਸਿਹਤ ਸੇਵਾ ਵੰਡ ਵਿਚ ਇਨੋਵੇਸ਼ਨ ’ਤੇ ਕਰਵਾਏ ਗਏ ਰਾਸ਼ਟਰੀ ਸਿਖਰ ਸੰਮੇਲਨ ਦੌਰਾਨ ‘ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰਬੀਐੱਸਕੇ) 2.0’ ਦੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਹੁਣ ਸਿਰਫ਼ ਬੱਚਿਆਂ ਦੀਆਂ ਸਰੀਰਕ ਬਿਮਾਰੀਆਂ ’ਤੇ ਹੀ ਨਹੀਂ, ਸਗੋਂ ਉਨ੍ਹਾਂ ਦੀ ਮਾਨਸਿਕ ਸਿਹਤ ਅਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ’ਤੇ ਵੀ ਕੇਂਦਰਿਤ ਹੋਵੇਗੀ। ਇਹ ਪਹਿਲ ਜਨਮ ਤੋਂ ਲੈ ਕੇ 18 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਮੁਕੰਮਲ ਸੁਰੱਖਿਆ ਚੱਕਰ ਪ੍ਰਦਾਨ ਕਰਨ ਦਾ ਸੰਕਲਪ ਹੈ।
ਜੀਵਨ ਸ਼ੈਲੀ ਬਿਮਾਰੀਆਂ ’ਤੇ ਖ਼ਾਸ ਧਿਆਨ
ਹੁਣ ਤੱਕ ਇਹ ਪ੍ਰੋਗਰਾਮ ‘ਫੋਰ-ਡੀ’ (ਜਨਮਜਾਤ ਦੋਸ਼, ਬਿਮਾਰੀਆਂ, ਕਮੀਆਂ ਤੇ ਵਿਕਾਸ ’ਚ ਦੇਰੀ) ’ਤੇ ਆਧਾਰਤ ਸੀ। ਪਰ ਬਦਲਦੇ ਸਮੇਂ ਦੀਆਂ ਚੁਣੌਤੀਆਂ ਨੂੰ ਦੇਖਦੇ ਹੋਏ ਹੁਣ ਇਸ ਵਿਚ ਮਾਨਸਿਕ ਸਿਹਤ, ਵਿਹਾਰ ਸਬੰਧੀ ਵਿਕਾਰ ਅਤੇ ਸ਼ੂਗਰ ਤੇ ਹਾਈ ਬਲੱਡ ਪ੍ਰੈਸ਼ਰ ਵਰਗੇ ਗ਼ੈਰ-ਸੰਚਾਰੀ ਰੋਗਾਂ ਦੀ ਸਕ੍ਰੀਨਿੰਗ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਦਾ ਮਕਸਦ ਮੋਬਾਈਲ ਸਿਹਤ ਟੀਮਾਂ ਜ਼ਰੀਏ ਆਂਗਨਬਾੜੀਆਂ ਤੇ ਸਕੂਲਾਂ ਵਿਚ ਹੀ ਬੱਚਿਆਂ ਦੀ ਸ਼ੁਰੂਆਤੀ ਪਛਾਣ ਕਰ ਕੇ ਉਨ੍ਹਾਂ ਨੂੰ ਸਮੇਂ ’ਤੇ ਇਲਾਜ ਮੁਹੱਈਆ ਕਰਵਾਉਣਾ ਹੈ।
ਡਿਜੀਟਲ ਸਿਹਤ ਕਾਰਡ ਤੇ ਮਜ਼ਬੂਤ ਰੈਫਰਲ ਪ੍ਰਣਾਲੀ
ਆਰਬੀਐੱਸਕੇ 2.0 ਦੀ ਸਭ ਤੋਂ ਵੱਡੀ ਤਾਕਤ ਇਸ ਦਾ ਡਿਜਿਟਲੀਕਰਨ ਹੈ। ਹਰ ਬੱਚੇ ਲਈ ਡਿਜੀਟਲ ਸਿਹਤ ਕਾਰਡ ਤੇ ਰੀਅਲ-ਟਾਈਮ ਡਾਟਾ ਸਿਸਟਮ ਲਾਗੂ ਕੀਤਾ ਜਾ ਰਿਹਾ ਹੈ ਜਿਸ ਨਾਲ ਉਨ੍ਹਾਂ ਦੀ ਸਿਹਤ ਦਾ ਲੇਖਾ-ਜੋਖਾ ਇਕ ਕਲਿੱਕ ’ਤੇ ਮੁਹੱਈਆ ਹੋਵੇਗਾ। ਨਾਲ ਹੀ ਰੈਫਰਲ ਸਿਸਟਮ ਨੂੰ ਇੰਨਾ ਮਜ਼ਬੂਤ ਬਣਾਇਆ ਗਿਆ ਹੈ ਕਿ ਸਕ੍ਰੀਨਿੰਗ ਤੋਂ ਲੈ ਕੇ ਹਸਪਤਾਲ ਵਿਚ ਇਲਾਜ ਤੱਕ ਬੱਚੇ ਦੀ ਨਿਗਰਾਨੀ ਕੀਤੀ ਜਾਵੇਗੀ ਤਾਂ ਜੋ ਕੋਈ ਵੀ ਇਲਾਜ ਅੱਧ-ਅਧੂਰਾ ਨਾ ਛੁੱਟੇ। ਸਿੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗਾਂ ਨਾਲ ਮਿਲ ਕੇ ਇਹ ਪ੍ਰੋਗਰਾਮ ਹੁਣ ਹਰ ਬੱਚੇ ਤੱਕ ਮੁਸਕਾਨ ਪਹੁੰਚਾਉਣ ਲਈ ਤਿਆਰ ਹੈ।