ਮੰਗਲਵਾਰ ਨੂੰ ਸੀਬੀਆਈ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਪਹਿਲੇ ਹੀ ਦਿਨ ਐੱਸਆਈਟੀ ਵੱਲੋਂ ਸੌਂਪੀ ਗਈ ਅਧੂਰੀ ਕੇਸ ਡਾਇਰੀ ਦੇਖ ਕੇ ਸੀਬੀਆਈ ਅਧਿਕਾਰੀ ਨਾਰਾਜ਼ ਹੋ ਗਏ। ਸੂਤਰਾਂ ਅਨੁਸਾਰ, ਕੇਸ ਡਾਇਰੀ ਵਿਚ ਘਟਨਾ ਦੇ ਕ੍ਰਮਵਾਰ ਵੇਰਵੇ ਨਹੀਂ ਦਿੱਤੇ ਗਏ, ਦਸਤਾਵੇਜ਼ ਬੇਤਰਤੀਬ ਤਰੀਕੇ ਨਾਲ ਲਗਾਏ ਗਏ ਅਤੇ ਕਈ ਮਹੱਤਵਪੂਰਨ ਬਿੰਦੂਆਂ ਦਾ ਸਪੱਸ਼ਟ ਜ਼ਿਕਰ ਵੀ ਨਹੀਂ ਕੀਤਾ ਗਿਆ।

ਨਈ ਦੁਨੀਆ ਪ੍ਰਤੀਨਿਧੀ, ਭੋਪਾਲ : ਨੋਇਡਾ ਦੀ ਤਵਿਸ਼ਾ ਸ਼ਰਮਾ ਦੀ ਭੋਪਾਲ ਸਥਿਤ ਸਹੁਰਾ ਘਰ ’ਚ ਸ਼ੱਕੀ ਹਾਲਾਤ ਵਿਚ ਹੋਈ ਮੌਤ ਦੇ ਮਾਮਲੇ ਦੀ ਜਾਂਚ ਸੰਭਾਲਦੇ ਹੀ ਸੀਬੀਆਈ ਨੇ ਮੱਧ ਪ੍ਰਦੇਸ਼ ਪੁਲਿਸ ਦੀ ਐੱਸਆਈਟੀ ਦੀ ਕਾਰਜ ਪ੍ਰਣਾਲੀ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਮੰਗਲਵਾਰ ਨੂੰ ਸੀਬੀਆਈ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਪਹਿਲੇ ਹੀ ਦਿਨ ਐੱਸਆਈਟੀ ਵੱਲੋਂ ਸੌਂਪੀ ਗਈ ਅਧੂਰੀ ਕੇਸ ਡਾਇਰੀ ਦੇਖ ਕੇ ਸੀਬੀਆਈ ਅਧਿਕਾਰੀ ਨਾਰਾਜ਼ ਹੋ ਗਏ। ਸੂਤਰਾਂ ਅਨੁਸਾਰ, ਕੇਸ ਡਾਇਰੀ ਵਿਚ ਘਟਨਾ ਦੇ ਕ੍ਰਮਵਾਰ ਵੇਰਵੇ ਨਹੀਂ ਦਿੱਤੇ ਗਏ, ਦਸਤਾਵੇਜ਼ ਬੇਤਰਤੀਬ ਤਰੀਕੇ ਨਾਲ ਲਗਾਏ ਗਏ ਅਤੇ ਕਈ ਮਹੱਤਵਪੂਰਨ ਬਿੰਦੂਆਂ ਦਾ ਸਪੱਸ਼ਟ ਜ਼ਿਕਰ ਵੀ ਨਹੀਂ ਕੀਤਾ ਗਿਆ। ਇਸ ’ਤੇ ਸੀਬੀਆਈ ਅਧਿਕਾਰੀਆਂ ਨੇ ਮੌਕੇ ’ਤੇ ਮੌਜੂਦ ਐੱਸਆਈਟੀ ਦੇ ਮੈਂਬਰਾਂ ਨੂੰ ਝਾੜ ਪਾਈ। ਬਾਅਦ ਵਿਚ ਐੱਸਆਈਟੀ ਦੇ ਮੁਖੀ ਏਸੀਪੀ ਰਜਨੀਸ਼ ਕਸ਼ਿਅਪ ਸੋਧੀ ਕੇਸ ਡਾਇਰੀ ਅਤੇ ਜ਼ਰੂਰੀ ਦਸਤਾਵੇਜ਼ ਲੈ ਕੇ ਪੁੱਜੇ।
ਜਾਂਚ ਦੀ ਲੜੀ ਵਿਚ ਮੰਗਲਵਾਰ ਸਵੇਰੇ ਸੀਬੀਆਈ ਟੀਮ ਸਭ ਤੋਂ ਪਹਿਲਾਂ ਉਸ ਬੰਗਲੇ ’ਤੇ ਪਹੁੰਚੀ ਜਿੱਥੇ ਤਵਿਸ਼ਾ ਦੀ ਸ਼ੱਕੀ ਹਾਲਾਤ ਵਿਚ ਮੌਤ ਹੋਈ ਸੀ। ਟੀਮ ਨੇ ਕਮਰੇ, ਆਸ-ਪਾਸ ਦੇ ਹਿੱਸਿਆਂ ਅਤੇ ਘਟਨਾ ਸਥਾਨ ਨਾਲ ਜੁੜੇ ਹਰ ਪਹਿਲੂ ਦਾ ਬਾਰੀਕੀ ਨਾਲ ਨਿਰੀਖਣ ਕੀਤਾ। ਅਧਿਕਾਰੀਆਂ ਨੇ ਘਟਨਾ ਸਥਾਨ ਦੇ ਹਾਲਾਤ ਸਮਝਣ ਦੇ ਨਾਲ -ਨਾਲ ਉੱਥੇ ਮੌਜੂਦ ਭੌਤਿਕ ਸਬੂਤ ਦੀ ਵੀ ਜਾਂਚ ਕੀਤੀ। ਮੰਨਿਆ ਜਾ ਰਿਹਾ ਹੈ ਕਿ ਏਜੰਸੀ ਕਈ ਪੁਰਾਣੇ ਸਬੂਤਾਂ ਦੀ ਦੁਬਾਰਾ ਫੋਰੈਂਸਿਕ ਜਾਂਚ ਕਰਵਾ ਸਕਦੀ ਹੈ। ਜਾਂਚ ਦੌਰਾਨ ਸੀਬੀਆਈ ਅਧਿਕਾਰੀਆਂ ਨੇ ਤਵਿਸ਼ਾ ਦੀ ਸੱਸ ਰਿਟਾਇਰਡ ਜੱਜ ਗਿਰੀਬਾਲਾ ਸਿੰਘ ਤੋਂ ਵੀ ਪੁੱਛਗਿੱਛ ਕੀਤੀ। ਉਨ੍ਹਾਂ ਤੋਂ ਕਈ ਸਵਾਲ ਕੀਤੇ ਗਏ ਅਤੇ ਉਨ੍ਹਾਂ ਦੇ ਜਵਾਬ ਲਏ ਗਏ। ਸੂਤਰਾਂ ਅਨੁਸਾਰ, ਉਨ੍ਹਾਂ ਤੋਂ ਪਰਿਵਾਰ ਦੇ ਮਾਹੌਲ, ਤਵਿਸ਼ਾ ਅਤੇ ਸਮਰੱਥ ਸਿੰਘ ਦੇ ਵਿਆਹੁਤਾ ਸੰਬੰਧਾਂ ਅਤੇ ਘਟਨਾ ਤੋਂ ਪਹਿਲਾਂ ਦੀਆਂ ਹਾਲਤਾਂ ਬਾਰੇ ਸਵਾਲ ਪੁੱਛੇ ਗਏ। ਇਸ ਤੋਂ ਬਾਅਦ ਸੀਬੀਆਈ ਟੀਮ ਲਾਲ ਘਾਟੀ ਸਥਿਤ ਥ੍ਰੀਈਐੱਮਈ ਸੈਂਟਰ ਪਹੁੰਚੀ, ਜਿੱਥੇ ਤਵਿਸ਼ਾ ਦੇ ਮਾਤਾ-ਪਿਤਾ ਅਤੇ ਹੋਰ ਪਰਿਵਾਰ ਵਾਲੇ ਠਹਿਰੇ ਹੋਏ ਹਨ। ਉਨ੍ਹਾਂ ਨੇ ਸੀਬੀਆਈ ਨੂੰ ਦੱਸਿਆ ਕਿ ਵਿਆਹ ਤੋਂ ਬਾਅਦ ਹੀ ਤਵਿਸ਼ਾ ਮਾਨਸਿਕ ਤਣਾਅ ਵਿਚ ਸੀ। ਪਰਿਵਾਰ ਨੇ ਚੈਟ, ਫੋਨ ਕਾਲ ਅਤੇ ਆਖਰੀ ਗੱਲਬਾਤ ਨਾਲ ਜੁੜੀਆਂ ਜਾਣਕਾਰੀਆਂ ਏਜੰਸੀ ਨੂੰ ਦਿੱਤੀਆਂ। ਸੀਬੀਆਈ ਨੇ ਡਿਜੀਟਲ ਸਬੂਤਾਂ, ਕਾਲ ਰਿਕਾਰਡ ਅਤੇ ਮੋਬਾਈਲ ਡਾਟਾ ਨੂੰ ਵੀ ਜਾਂਚ ਦੇ ਦਾਇਰੇ ਵਿਚ ਲਿਆ ਹੈ। ਏਜੰਸੀ ਬੁੱਧਵਾਰ ਨੂੰ ਮੁਲਜ਼ਮ ਸਮਰੱਥ ਸਿੰਘ ਨੂੰ ਵਿਸ਼ੇਸ਼ ਅਦਾਲਤ ਵਿਚ ਪੇਸ਼ ਕਰ ਕੇ ਪੁੱਛਗਿੱਛ ਲਈ ਰਿਮਾਂਡ ’ਤੇ ਲੈਣ ਦੀ ਤਿਆਰੀ ਵਿਚ ਹੈ।