'ਇੱਜ਼ਤ 'ਤੇ ਗੱਲ ਆ ਗਈ ਹੈ...', ਜ਼ਹਿਰ ਨਿਗਲਣ ਤੋਂ ਪਹਿਲਾਂ ਨੌਜਵਾਨਾਂ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਕੀਤੇ ਵੱਡੇ ਖੁਲਾਸੇ
ਜ਼ਹਿਰ ਨਿਗਲਣ ਤੋਂ ਪਹਿਲਾਂ ਤਿੰਨਾਂ ਨੇ 40 ਸੈਕਿੰਡ ਦੀ ਇਕ ਵੀਡੀਓ ਕਲਿੱਪ ਵੀ ਬਣਾਈ। ਵੀਡੀਓ ਬਣਾ ਕੇ ਉਨ੍ਹਾਂ ਨੇ ਇਸ ਨੂੰ ਇੰਟਰਨੈੱਟ ਮੀਡੀਆ 'ਤੇ ਵਾਇਰਲ ਕਰ ਦਿੱਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁੰਡਰੀ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਤੇ ਤਿੰਨਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ।
Publish Date: Mon, 18 May 2026 01:52 PM (IST)
Updated Date: Mon, 18 May 2026 02:04 PM (IST)
ਜਾਗਰਣ ਸੰਵਾਦਦਾਤਾ, ਕੈਥਲ : ਨਾਬਾਲਗ ਲੜਕੀ ਦੇ ਭੱਜਣ ਦੇ ਮਾਮਲੇ 'ਚ ਪੁਲਿਸ ਪੁੱਛਗਿੱਛ ਤੋਂ ਬਾਅਦ ਤਿੰਨ ਨੌਜਵਾਨਾਂ ਨੇ ਐਤਵਾਰ ਨੂੰ ਸ਼ਾਮ ਕਰੀਬ ਚਾਰ ਵਜੇ ਪਿੰਡ ਚੂਹੜਮਾਜਰਾ ਦੇ ਖੇਤਾਂ 'ਚ ਕੀਟਨਾਸ਼ਕ ਪੀ ਲਈ। ਤਿੰਨੋਂ ਨੌਜਵਾਨਾਂ ਦਾ ਇਲਾਜ ਸ਼ਹਿਰ ਦੇ ਨਿੱਜੀ ਹਸਪਤਾਲ 'ਚ ਚੱਲ ਰਿਹਾ ਜਿੱਥੇ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਨੌਜਵਾਨਾਂ ਦੀ ਪਛਾਣ ਪਿੰਡ ਮੂੰਦੜੀ ਦੇ ਰਹਿਣ ਵਾਲੇ 22 ਸਾਲਾ ਮੋਹਿਤ, 29 ਸਾਲਾ ਰੋਹਿਤ ਤੇ ਪਿੰਡ ਪਿਲਨੀ ਦੇ ਰਹਿਣ ਵਾਲੇ 25 ਸਾਲਾ ਗੌਰਵ ਵਜੋਂ ਹੋਈ ਹੈ।
ਜ਼ਹਿਰ ਨਿਗਲਣ ਤੋਂ ਪਹਿਲਾਂ ਤਿੰਨਾਂ ਨੇ 40 ਸੈਕਿੰਡ ਦੀ ਇਕ ਵੀਡੀਓ ਕਲਿੱਪ ਵੀ ਬਣਾਈ। ਵੀਡੀਓ ਬਣਾ ਕੇ ਉਨ੍ਹਾਂ ਨੇ ਇਸ ਨੂੰ ਇੰਟਰਨੈੱਟ ਮੀਡੀਆ 'ਤੇ ਵਾਇਰਲ ਕਰ ਦਿੱਤਾ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁੰਡਰੀ ਥਾਣਾ ਪੁਲਿਸ ਮੌਕੇ 'ਤੇ ਪਹੁੰਚੀ ਤੇ ਤਿੰਨਾਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ।
ਵੀਡੀਓ 'ਚ ਤਿੰਨੋਂ ਨੌਜਵਾਨ ਚਾਰ ਤੋਂ ਪੰਜ ਲੋਕਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਇਨ੍ਹਾਂ ਵਿੱਚੋਂ ਦੋ ਲੋਕ ਪਿੰਡ ਮੂੰਦੜੀ ਦੇ ਹਨ ਤੇ ਇੱਕ ਹੋਰ ਨਾਬਾਲਗ ਲੜਕੀ ਦਾ ਪਰਿਵਾਰਕ ਮੈਂਬਰ ਹੈ। ਕੁਝ ਦਿਨ ਪਹਿਲਾਂ ਸਦਰ ਥਾਣੇ 'ਚ 17 ਸਾਲਾ ਇਕ ਨਾਬਾਲਗ ਲੜਕੀ ਨੂੰ ਭਜਾ ਕੇ ਲੈ ਜਾਣ ਦਾ ਕੇਸ ਦਰਜ ਹੋਇਆ ਸੀ। ਜਿਸ ਵਿਅਕਤੀ 'ਤੇ ਨਾਬਾਲਗ ਨੂੰ ਭਜਾ ਕੇ ਲੈ ਜਾਣ ਦਾ ਦੋਸ਼ ਹੈ, ਉਸ ਨਾਲ ਇਨ੍ਹਾਂ ਤਿੰਨਾਂ ਦੀ ਜਾਣ-ਪਛਾਣ ਹੈ।
ਬੋਲੇ- ਇੱਜ਼ਤ 'ਤੇ ਗੱਲ ਆ ਗਈ ਹੈ
ਵੀਡੀਓ 'ਚ ਨੌਜਵਾਨ ਕਹਿ ਰਹੇ ਹਨ ਕਿ ਹੁਣ ਉਨ੍ਹਾਂ ਦੀ ਇੱਜ਼ਤ 'ਤੇ ਗੱਲ ਆ ਗਈ ਹੈ। ਇਸ ਲਈ ਉਹ ਤਿੰਨੋਂ ਬਦਨਾਮੀ ਦੇ ਡਰੋਂ ਇਕੱਠੇ ਜ਼ਹਿਰ ਪੀ ਰਹੇ ਹਨ। ਅਸੀਂ ਪੂਰੀ ਸੱਚਾਈ ਪੁਲਿਸ ਤੇ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਦੱਸ ਚੁੱਕੇ ਹਾਂ। ਇਸ ਦੇ ਬਾਵਜੂਦ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਅਸੀਂ ਮਰ ਜਾਂਦੇ ਹਾਂ ਤਾਂ ਸਾਡੀ ਮੌਤ ਦੇ ਜ਼ਿੰਮੇਵਾਰ ਲੜਕੀ ਦੇ ਪਰਿਵਾਰ ਵਾਲੇ ਅਤੇ ਪਿੰਡ ਮੂੰਦੜੀ ਦੇ ਦੋ ਲੋਕ ਹੋਣਗੇ।