ਹੋਰਨਾਂ ਦੇਸ਼ਾਂ ’ਚ ਰੂਸ ਦੀ ਪ੍ਰਭਾਵ ਸਮਰੱਥਾ 2019 ਤੋਂ ਬਾਅਦ ਪਹਿਲੀ ਵਾਰ ਵਧੀ ਹੈ। ਉੱਤਰੀ ਕੋਰੀਆ ਤੇ ਚੀਨ ਨਾਲ ਉਸਦੀ ਰੱਖਿਆ ਤੇ ਆਰਥਿਕ ਭਾਈਵਾਲੀ ਨੂੰ ਇਸਦਾ ਕਾਰਨ ਮੰਨਿਆ ਜਾ ਰਿਹਾ ਹੈ। ਜਾਪਾਨ ਦੀ ਸਥਿਤੀ ਇਸ ਮੁਕਾਬਲੇ ਸਥਿਰ ਰਹੀ, ਜਦਕਿ ਦੱਖਣੀ-ਪੂਰਬ ਏਸ਼ਿਆਈ ਦੇਸ਼ਾਂ ਨੇ ਵੀ ਹਲਕੀ ਸੁਧਾਰਾਤਮਕ ਬੜ੍ਹਤ ਦਰਜ ਕੀਤੀ ਹੈ।

ਨਵੀਂ ਦਿੱਲੀ (ਆਈਏਐੱਨਐੱਸ) : ਏਸ਼ੀਆ ਦੀ ਤਾਕਤ ਦੇ ਤੌਰ ’ਤੇ ਭਾਰਤ ਤੇਜ਼ੀ ਨਾਲ ਆਪਣੀ ਸਥਿਤੀ ਮਜ਼ਬੂਤ ਕਰ ਰਿਹਾ ਹੈ। ਖ਼ਾਸ ਤੌਰ ’ਤੇ ਆਪ੍ਰੇਸ਼ਨ ਸਿੰਧੂਰ ’ਚ ਪਾਕਿਸਤਾਨ ਨੂੰ ਧੂੜ ਚਟਾਉਣ ਤੋਂ ਬਾਅਦ ਭਾਰਤ ਦਾ ਅਕਸ ਤੇਜ਼ੀ ਨਾਲ ਮਜ਼ਬੂਤ ਹੋਇਆ ਹੈ। ਫ਼ੌਜੀ ਖੇਤਰ ਹੋਵੇ ਜਾਂ ਆਰਥਿਕ, ਕੂਟਨੀਤਕ ਜਾਂ ਸੱਭਿਆਚਾਰਕ, ਕੋਈ ਵੀ ਅਜਿਹਾ ਖੇਤਰ ਨਹੀਂ ਹੈ, ਜਿਸ ਵਿਚ ਭਾਰਤ ਨੇ ਤਰੱਕੀ ਦਾ ਝੰਡਾ ਨਾ ਲਹਿਰਾਇਆ ਹੋਵੇ। ਇਨ੍ਹਾਂ ਗੱਲਾਂ ਦੇ ਆਧਾਰ ’ਤੇ ਆਸਟ੍ਰੇਲੀਆ ਦੇ ਵੱਕਾਰੀ ਥਿੰਕ ਟੈਂਕ ‘ਲੋਵੀ ਇੰਸਟੀਚਿਊਟ’ ਵੱਲੋਂ ਜਾਰੀ ‘ਏਸ਼ੀਆ ਪਾਵਰ ਇੰਡੈਕਸ-2025’ ’ਚ ਭਾਰਤ ਨੂੰ ਏਸ਼ੀਆ ਦੀ ਤੀਜੀ ਵੱਡੀ ਤਾਕਤ ਦੇ ਤੌਰ ’ਤੇ ਮੁਲਾਂਕਣ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਭਾਰਤ ਨੇ ਇਸ ਰੈਂਕਿੰਗ ’ਚ ਜਾਪਾਨ, ਰੂਸ, ਆਸਟ੍ਰੇਲੀਆ ਤੇ ਦੱਖਣੀ ਕੋਰੀਆ ਵਰਗੇ ਦਿੱਗਜ ਦੇਸ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਇਸ ਸੂਚੀ ’ਚ ਏਸ਼ੀਆ ਦਾ ਨਾ ਹੋਣ ਦੇ ਬਾਵਜੂਦ ਇਸ ਖੇਤਰ ’ਚ ਆਪਣੇ ਦਬਦਬੇ ਕਾਰਨ ਅਮਰੀਕਾ ਪਹਿਲੇ ਸਥਾਨ ’ਤੇ ਹੈ, ਜਦਕਿ ਚੀਨ ਦੂਜੇ ਸਥਾਨ ’ਤੇ। ਇਸੇ ਤੋਂ ਭਾਰਤ ਦੇ ਵਧਦੇ ਪ੍ਰਭਾਵ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਏਸ਼ੀਆ ਦੇ 27 ਦੇਸ਼ਾਂ ਦੇ ਪ੍ਰਦਰਸ਼ਨ ਦੇ ਆਧਾਰ ’ਤੇ ਇਹ ਸੂਚੀ ਤਿਆਰ ਕੀਤੀ ਗਈ ਹੈ। ਰਿਪੋਰਟ ਅਨੁਸਾਰ, ਭਾਤ ਆਪਣੇ ਹਮਰੁਤਬਾ ਦੇਸ਼ਾਂ ਦੇ ਮੁਕਾਬਲੇ ਕਾਫੀ ਅੱਗੇ ਦਿਸਦਾ ਹੈ ਪਰ ਚੀਨ ਤੋਂ ਹਾਲੇ ਵੀ ਵੱਡਾ ਅੰਤਰ ਬਣਿਆ ਹੋਇਆ ਹੈ। ਸਾਲ 2025 ’ਚ ਭਾਰਤ ਨੇ ਪਹਿਲੀ ਵਾਰ ਉਸ ਹੱਦ ਨੂੰ ਪਾਰ ਕਰ ਲਿਆ ਹੈ, ਜਿਸ ਨੂੰ ਇੰਡੈਕਸ ’ਚ ਮੇਜਰ ਪਾਵਰ ਦੇ ਦਰਜੇ ਦੇ ਤੌਰ ’ਤੇ ਪਰਿਭਾਸ਼ਿਤ ਕੀਤਾ ਗਿਆ ਹੈ।
ਅਮਰੀਕਾ 81.7 ਅੰਕ ਲੈ ਕੇ ਬਿਨਾਂ ਵਿਵਾਦ ਸਿਖਰ ’ਤੇ ਹੈ। ਚੀਨ 73.7 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ, ਜੋ ਉਸਦੀ ਪ੍ਰਭਾਵ ਸਮਰੱਥਾ ’ਚ ਇਕ ਫ਼ੀਸਦੀ ਦਾ ਵਾਧਾ ਦਰਸਾਉਂਦਾ ਹੈ।
ਭਾਰਤ 40 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ ਤੇ ਉਸਦੇ ਕੁੱਲ ਪ੍ਰਭਾਵ ’ਚ ਦੋ ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਤਰੱਕੀ ਕੋਵਿਡ-19 ਤੋਂ ਬਾਅਦ ਭਾਰਤ ਦੀ ਤੇਜ਼ ਆਰਥਿਕ ਰਿਕਵਰੀ ਤੇ ਵਧਦੇ ਭੋਂ-ਸਿਆਸੀ ਪ੍ਰਭਾਵ ਦਾ ਸਿੱਟਾ ਮੰਨਿਆ ਗਿਆ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਦੀ ਆਰਥਿਕ ਤੇ ਫ਼ੌਜੀ ਸਮਰੱਥਾ ਦੋਵਾਂ ’ਚ 2025 ਐਡੀਸ਼ਨ ’ਚ ਸੁਧਾਰ ਹੋਇਆ ਹੈ। ਇਸਦਾ ਅਰਥਚਾਰਾ ਮਜ਼ਬੂਤ ਰਫ਼ਤਾਰ ਨਾਲ ਵਧਿਆ ਹੈ ਤੇ ਅੰਤਰਰਾਸ਼ਟਰੀ ਕੁਨੈਕਟੀਵਿਟੀ, ਤਕਨੀਕ ਤੇ ਪ੍ਰਸੰਗਿਕਤਾ ’ਚ ਵੀ ਹਲਕਾ ਵਾਧਾ ਹੋਇਆ ਹੈ। ਭਾਰਤ ਦੀ ਫ਼ੌਜੀ ਸਮਰੱਥਾ ਵੀ ਲਗਾਤਾਰ ਬਿਹਤਰ ਹੋਈ ਹੈ।
ਹੋਰਨਾਂ ਦੇਸ਼ਾਂ ’ਚ ਰੂਸ ਦੀ ਪ੍ਰਭਾਵ ਸਮਰੱਥਾ 2019 ਤੋਂ ਬਾਅਦ ਪਹਿਲੀ ਵਾਰ ਵਧੀ ਹੈ। ਉੱਤਰੀ ਕੋਰੀਆ ਤੇ ਚੀਨ ਨਾਲ ਉਸਦੀ ਰੱਖਿਆ ਤੇ ਆਰਥਿਕ ਭਾਈਵਾਲੀ ਨੂੰ ਇਸਦਾ ਕਾਰਨ ਮੰਨਿਆ ਜਾ ਰਿਹਾ ਹੈ। ਜਾਪਾਨ ਦੀ ਸਥਿਤੀ ਇਸ ਮੁਕਾਬਲੇ ਸਥਿਰ ਰਹੀ, ਜਦਕਿ ਦੱਖਣੀ-ਪੂਰਬ ਏਸ਼ਿਆਈ ਦੇਸ਼ਾਂ ਨੇ ਵੀ ਹਲਕੀ ਸੁਧਾਰਾਤਮਕ ਬੜ੍ਹਤ ਦਰਜ ਕੀਤੀ ਹੈ। ਰਿਪੋਰਟ ਅਨੁਸਾਰ, ਚੀਨ ਦੀ ਵਧਦੀ ਤਾਕਤ ਵਿਚਾਲੇ ਆਸਟ੍ਰੇਲੀਆ ਲਈ ਲੰਬੇ ਸਮੇਂ ਦੇ ਪ੍ਰਭਾਵ ਬਣਾਈ ਰੱਖਣੇ ਚੁਣੌਤੀਪੂਰਨ ਹੁੰਦਾ ਜਾ ਰਿਹਾ ਹੈ, ਜਦਕਿ ਚੀਨ ਤੇ ਅਮਰੀਕਾ ’ਚ ਅੰਤਰ ਮਾਮੂਲੀ ਘਟਿਆ ਹੈ।
ਕਿਵੇਂ ਤੈਅ ਹੁੰਦੀ ਹੈ ਰੈਂਕਿੰਗ
ਲੋਵੀ ਇੰਸਟੀਚਿਊਟ ਦੇ ਸੱਤਵੇਂ ਐਡੀਸ਼ਨ ’ਚ ਕੁੱਲ 13 ਸੰਕੇਤਕਾਂ ਤੇ ਅੱਠ ਮਾਪਦੰਡਾਂ- ਫ਼ੌਜੀ ਸਮਰੱਥਾ, ਰੱਖਿਆ ਨੈੱਟਵਰਕ, ਆਰਥਿਕ ਤਾਕਤ, ਆਰਥਿਕ ਸਬੰਧ, ਕੂਟਨੀਤਕ ਤੇ ਸੱਭਿਆਚਾਰਕ ਪ੍ਰਭਾਵ, ਦ੍ਰਿੜ੍ਹਤਾ ਤੇ ਭਵਿੱਖ ਦੇ ਸੋਮਿਆਂ, ਦੇ ਆਧਾਰ ’ਤੇ ਬਰਾਬਰ ਪ੍ਰਭਾਵ ਸਮਰੱਥਾ ਮਾਪੀ ਗਈ ਹੈ। ਇਸ ਇੰਡੈਕਸ ਅਨੁਸਾਰ, ਉਸ ਦੇਸ਼ ਨੂੰ ਅਹਿਮ ਤਾਕਤ ਜਾਂ ਮੇਜਰ ਪਾਵਰ ਕਿਹਾ ਜਾਂਦਾ ਹੈ, ਜਿਸਦੇ 40 ਜਾਂ ਉਸ ਤੋਂ ਵੱਧ ਅੰਕ ਹੋਣ।
ਪਾਕਿਸਤਨਾ ਟਾਪ-10 ’ਚੋਂ ਬਾਹਰ
ਭਾਰਤ ਦੇ ਮੁਕਾਬਲੇ ਪਾਕਿਸਤਾਨ ਇਸ ਸੂਚੀ ’ਚ 16ਵੇਂ ਨੰਬਰ ’ਤੇ ਹੈ, ਜਦਕਿ ਬੰਗਲਾਦੇਸ਼ ਨੂੰ 20ਵਾਂ ਸਥਾਨ ਮਿਲਿਆ ਹੈ। ਸ੍ਰੀਲੰਕਾ 21ਵੇਂ, ਮਿਆਂਮਾਰ 23ਵੇਂ ਤੇ ਨੇਪਾਲ 25ਵੇਂ ਸਥਾਨ ’ਤੇ ਹੈ।
ਰੈਂਕ ਦੇਸ਼ ਸਕੋਰ
1 ਅਮਰੀਕਾ 80.4
2 ਚੀਨ 73.7
3 ਭਾਰਤ 40.0
4 ਜਾਪਾਨ 38.8
5 ਰੂਸ 32.1
6 ਆਸਟ੍ਰੇਲੀਆ 31.8
7 ਦ. ਕੋਰੀਆ 31.5
8 ਸਿੰਗਾਪੁਰ 26.6
9 ਇੰਡੋਨੇਸ਼ੀਆ 22.4
10 ਮਲੇਸ਼ੀਆ 20.5