ਮੁੱਖ ਮੰਤਰੀ ਰੇਖਾ ਗੁਪਤਾ ਨੇ ਰਾਜਧਾਨੀ ਦੇ ਵਿਕਾਸ ਅਤੇ ਪ੍ਰਦੂਸ਼ਣ ਨੂੰ ਘਟਾਉਣ ਦੇ ਸਬੰਧ ਵਿੱਚ ਇੱਕ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਨੇ ਆਪਣੇ ਪੂੰਜੀਗਤ ਖਰਚ (Capital Expenditure) ਨੂੰ ਦੁੱਗਣਾ ਕਰ ਦਿੱਤਾ ਹੈ। ਹੁਣ ਸਰਕਾਰ ਦਿੱਲੀ ਦੇ ਵਿਕਾਸ ਕਾਰਜਾਂ 'ਤੇ 30 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ। ਇਸ ਰਾਸ਼ੀ ਦੀ ਵਰਤੋਂ ਸ਼ਹਿਰ ਦੀਆਂ ਸੜਕਾਂ, ਆਵਾਜਾਈ ਪ੍ਰਣਾਲੀ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਬਿਹਤਰ ਬਣਾਉਣ ਲਈ ਕੀਤੀ ਜਾਵੇਗੀ।

ਉੱਥੇ ਹੀ, ਮੁੱਖ ਮੰਤਰੀ ਰੇਖਾ ਗੁਪਤਾ ਨੇ 77ਵੇਂ ਗਣਤੰਤਰ ਦਿਵਸ ਦੇ ਮੌਕੇ 'ਤੇ ਛੱਤਰਸਾਲ ਸਟੇਡੀਅਮ ਤੋਂ ਦਿੱਲੀ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਆਪਣੀ 11 ਮਹੀਨਿਆਂ ਦੇ ਕਾਰਜਕਾਲ ਵਾਲੀ ਸਰਕਾਰ ਦਾ ਪ੍ਰਗਤੀ ਰਿਪੋਰਟ ਕਾਰਡ ਪੇਸ਼ ਕੀਤਾ।
‘ਵਿਕਸਿਤ ਭਾਰਤ-2047’ ਦੇ ਵਿਜ਼ਨ ਨੂੰ ਅਧਾਰ ਬਣਾ ਕੇ ਮੁੱਖ ਮੰਤਰੀ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਸਰਕਾਰ ਨੇ ਬੀਤੇ 11 ਮਹੀਨਿਆਂ ਵਿੱਚ ਦਹਾਕਿਆਂ ਤੋਂ ਰੁਕੇ ਹੋਏ ਕੰਮਾਂ ਨੂੰ ਨੇਪਰੇ ਚਾੜ੍ਹਿਆ ਹੈ। ਤਿਰੰਗਾ ਲਹਿਰਾਉਣ ਤੋਂ ਬਾਅਦ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਵਿੱਚ ਹੋਏ ਕ੍ਰਾਂਤੀਕਾਰੀ ਬਦਲਾਵਾਂ ਦਾ ਵੇਰਵਾ ਸਾਂਝਾ ਕਰਦਿਆਂ ‘ਵਿਕਸਿਤ ਦਿੱਲੀ’ ਦੇ ਨਿਰਮਾਣ ਲਈ ਅਗਲੇ ਰੋਡਮੈਪ ਨੂੰ ਵੀ ਜਨਤਕ ਕੀਤਾ।
26 ਜਨਵਰੀ ਸਿਰਫ਼ ਤਾਰੀਖ਼ ਨਹੀਂ, 'ਪੂਰਨ ਸਵਰਾਜ' ਦਾ ਪ੍ਰਤੀਕ
ਮੁੱਖ ਮੰਤਰੀ ਨੇ ਕਿਹਾ ਕਿ 26 ਜਨਵਰੀ ਸਿਰਫ਼ ਇੱਕ ਤਾਰੀਖ਼ ਨਹੀਂ, ਸਗੋਂ ਭਾਰਤ ਦੇ ਸਵੈ-ਮਾਣ, ਲੋਕਤੰਤਰੀ ਚੇਤਨਾ ਅਤੇ ਪੂਰਨ ਸਵਰਾਜ ਦਾ ਪ੍ਰਤੀਕ ਹੈ। ਤਿਰੰਗਾ ਸਾਨੂੰ ਵਿਰਾਸਤ ਵਿੱਚ ਨਹੀਂ, ਸਗੋਂ ਅਣਗਿਣਤ ਕੁਰਬਾਨੀਆਂ ਸਦਕਾ ਮਿਲਿਆ ਹੈ। ਉਨ੍ਹਾਂ ਨੇ ਸਾਲ 2025-26 ਨੂੰ ਰਾਸ਼ਟਰੀ ਯਾਦਾਂ ਅਤੇ ਪ੍ਰੇਰਨਾਵਾਂ ਦਾ ਸਾਲ ਦੱਸਦਿਆਂ ਕਿਹਾ ਕਿ ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ, ਪੰਡਿਤ ਮਦਨ ਮੋਹਨ ਮਾਲਵੀਆ ਜੀ ਦੀ 165ਵੀਂ ਜਯੰਤੀ, ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਯੰਤੀ, ਭਾਰਤ ਰਤਨ ਅਟਲ ਬਿਹਾਰੀ ਵਾਜਪਾਈ ਦੀ 101ਵੀਂ ਜਯੰਤੀ, ਵੰਦੇ ਮਾਤਰਮ ਦੇ 150 ਸਾਲ, ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੀ ਸਥਾਪਨਾ ਦੇ 100 ਸਾਲਾਂ ਦਾ ਯਾਦਗਾਰੀ ਸਾਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਸ਼ਹਿਰ ਵਾਰ-ਵਾਰ ਲੁੱਟੇ ਜਾਣ ਦੇ ਬਾਵਜੂਦ ਹਰ ਵਾਰ ਪਹਿਲਾਂ ਨਾਲੋਂ ਵੱਧ ਮਜ਼ਬੂਤੀ ਨਾਲ ਖੜ੍ਹਾ ਹੋਇਆ ਹੈ। ਦਿੱਲੀ ਸਿਰਫ਼ ਇਮਾਰਤਾਂ ਦਾ ਸ਼ਹਿਰ ਨਹੀਂ, ਸਗੋਂ ਭਾਰਤ ਦੀ ਆਤਮਾ ਦਾ ਪ੍ਰਤੀਬਿੰਬ ਹੈ।
ਮੁੱਖ ਮੰਤਰੀ ਨੇ ਗਿਣਵਾਈਆਂ 11 ਮਹੀਨਿਆਂ ਦੀਆਂ ਪ੍ਰਾਪਤੀਆਂ
• 50 ਅਟਲ ਕੈਂਟੀਨਾਂ ਵਿੱਚ 5 ਰੁਪਏ ਵਿੱਚ ਖਾਣਾ ਮਿਲ ਰਿਹਾ ਹੈ। ਰੋਜ਼ਾਨਾ 50 ਹਜ਼ਾਰ ਲੋਕ ਇੱਥੇ ਭੋਜਨ ਕਰਦੇ ਹਨ।
• ਦਿੱਲੀ ਦੇ ਸਾਰੇ ਹਸਪਤਾਲਾਂ ਨੂੰ ਡਿਜੀਟਾਈਜ਼ਡ ਕੀਤਾ ਜਾ ਰਿਹਾ ਹੈ।
• ਆਯੁਸ਼ਮਾਨ ਭਾਰਤ: ਇਸ ਯੋਜਨਾ ਨਾਲ 6.5 ਲੱਖ ਲੋਕ ਜੁੜ ਚੁੱਕੇ ਹਨ ਅਤੇ 300 ਤੋਂ ਵੱਧ 'ਆਯੁਸ਼ਮਾਨ ਅਰੋਗਿਆ ਮੰਦਿਰ' ਸ਼ੁਰੂ ਕੀਤੇ ਗਏ ਹਨ।
• ਰੁਜ਼ਗਾਰ: 4,000 ਨਵੇਂ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ਼ ਦੀਆਂ ਅਸਾਮੀਆਂ (ਵੈਕੈਂਸੀਆਂ) ਕੱਢੀਆਂ ਜਾ ਰਹੀਆਂ ਹਨ।
• ਸਿੱਖਿਆ: ਸਿੱਖਿਆ ਬਜਟ 21 ਫੀਸਦੀ ਰੱਖਿਆ ਗਿਆ ਹੈ। ਸਕੂਲ ਫੀਸਾਂ ਵਧਾਉਣ ਤੋਂ ਰੋਕਣ ਲਈ ਸਰਕਾਰ ਬਿੱਲ ਲੈ ਕੇ ਆਈ ਹੈ।
• ਐਜੂਕੇਸ਼ਨ ਹਬ: ਨਰੇਲਾ ਵਿੱਚ 1,300 ਕਰੋੜ ਰੁਪਏ ਦੀ ਲਾਗਤ ਨਾਲ ਐਜੂਕੇਸ਼ਨ ਹਬ ਬਣਾਇਆ ਜਾ ਰਿਹਾ ਹੈ।
• ਖੇਡਾਂ ਅਤੇ ਖਿਡਾਰੀ: ਦਿੱਲੀ ਸਰਕਾਰ ਖਿਡਾਰੀਆਂ ਨੂੰ ਦੇਸ਼ ਵਿੱਚ ਸਭ ਤੋਂ ਵੱਧ ਰਾਸ਼ੀ ਦੇ ਰਹੀ ਹੈ। ਓਲੰਪਿਕ ਗੋਲਡ ਮੈਡਲ ਜੇਤੂ ਨੂੰ 7 ਕਰੋੜ, ਸਿਲਵਰ ਲਈ 5 ਕਰੋੜ ਅਤੇ ਬ੍ਰਾਂਜ਼ ਲਈ 3 ਕਰੋੜ ਰੁਪਏ ਦੇਣ ਦਾ ਫੈਸਲਾ ਕੀਤਾ ਹੈ।
• ਆਵਾਜਾਈ: ਦਿੱਲੀ ਦੇ ਸਾਰੇ ISBT (ਬੱਸ ਅੱਡੇ) ਠੀਕ ਕੀਤੇ ਜਾਣਗੇ। ਮੈਟਰੋ ਦਾ ਬਜਟ 3,000 ਕਰੋੜ ਤੋਂ ਵਧਾ ਕੇ 5,000 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
• ਮੁਫ਼ਤ ਸਫ਼ਰ: ਔਰਤਾਂ ਦੇ ਨਾਲ-ਨਾਲ ਹੁਣ ਟ੍ਰਾਂਸਜੈਂਡਰ ਭਾਈਚਾਰੇ ਨੂੰ ਵੀ ਮੁਫ਼ਤ ਬੱਸ ਸਫ਼ਰ ਲਈ 'ਪਿੰਕ ਬੱਸ ਕਾਰਡ' ਦਿੱਤੇ ਜਾਣਗੇ।
• ਸੁਰੱਖਿਆ: ਪੂਰੀ ਦਿੱਲੀ ਵਿੱਚ ਸੁਰੱਖਿਆ ਲਈ 10,000 ਨਵੇਂ ਸੀਸੀਟੀਵੀ (CCTV) ਕੈਮਰੇ ਲਗਾਏ ਜਾਣਗੇ।
• ਜੇਲ੍ਹ ਸੁਧਾਰ: ਦਿੱਲੀ ਸਰਕਾਰ ਤਿਹਾੜ ਜੇਲ੍ਹ ਨੂੰ ਕਿਸੇ ਹੋਰ ਥਾਂ ਤਬਦੀਲ (Shift) ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।
• ਪੇਂਡੂ ਤੇ ਬਸਤੀ ਵਿਕਾਸ: ਪਿੰਡਾਂ ਦੇ ਵਿਕਾਸ ਲਈ 1,700 ਕਰੋੜ ਅਤੇ ਝੁੱਗੀ ਬਸਤੀਆਂ ਲਈ 700 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।
• ਗਊ ਸੇਵਾ: ਦਿੱਲੀ ਵਿੱਚ 10 ਨਵੀਆਂ ਗਊਸ਼ਾਲਾਵਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ।