ਭਾਜਪਾ ’ਚ ਗਏ ਸੱਤ ਐੱਮਪੀਜ਼ ਦੀ ਮੈਂਬਰੀ ਖ਼ਤਮ ਕਰਵਾਉਣ ਲਈ ‘ਆਪ’ ਯਤਨਸ਼ੀਲ, ਰਾਜ ਸਭਾ ਦੇ ਚੇਅਰਮੈਨ ਤੇ ਡਿਪਟੀ ਚੇਅਰਮੈਨ ਨੂੰ ਲਿਖੇ ਪੱਤਰ
ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਰਾਜ ਸਭਾ ਮੈਂਬਰ ਗ਼ੈਰ-ਸੰਵਿਧਾਨਕ, ਗ਼ੈਰ-ਕਾਨੂੰਨੀ ਤੇ ਨਿਯਮਾਂ ਤੋਂ ਉਲਟ ਜਾ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਇਸ ਸਬੰਧ ਵਿਚ ਉਨ੍ਹਾਂ ਨੇ ਅੱਗੇ ਕਿਹਾ ਕਿ ਸੰਵਿਧਾਨ ਦੀ 10ਵੇਂ ਸ਼ਡਿਊਲ ਵਿਚ ਸਾਫ਼ ਕਿਹਾ ਗਿਆ ਹੈ ਕਿ ਜੇ ਇਨ੍ਹਾਂ ਦੀ ਗਿਣਤੀ ਦੋ-ਤਿਹਾਈ ਵੀ ਹੈ, ਤਾਂ ਵੀ ਉਨ੍ਹਾਂ ਦੀ ਕੋਈ ਸੰਵਿਧਾਨਕ ਮਾਨਤਾ ਨਹੀਂ ਹੁੰਦੀ ਹੈ।
Publish Date: Sun, 26 Apr 2026 08:59 AM (IST)
Updated Date: Sun, 26 Apr 2026 09:01 AM (IST)
ਸਟੇਟ ਬਿਊਰੋ, ਜਾਗਰਣ, ਨਵੀਂ ਦਿੱਲੀ : ਭਾਰਤੀ ਜਨਤਾ ਪਾਰਟੀ (ਭਾਜਪਾ) ਵਿਚ ਸ਼ਾਮਲ ਹੋਏ ਆਪਣੇ 7 ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕਰਵਾਉਣ ਨੂੰ ਲੈ ਕੇ ਆਮ ਆਦਮੀ ਪਾਰਟੀ (ਆਪ) ਯਤਨ ਕਰੇਗੀ। ‘ਆਪ’ ਦੇ ਸੀਨੀਅਰ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਰਾਜ ਸਭਾ ਦੇ ਚੇਅਰਮੈਨ ਤੇ ਡਿਪਟੀ ਚੇਅਰਮੈਨ ਨੂੰ ਪੱਤਰ ਲਿਖੇ ਹਨ। ਇਸ ਵਿਚ ਸਾਰੇ ਸਬੰਧਤ ਤੇ ਪ੍ਰਸੰਗਕ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਏ ਸਾਰੇ (ਸੱਤੇ) ਰਾਜ ਸਭਾ ਮੈਂਬਰਾਂ ਦੀ ਮੈਂਬਰਸ਼ਿਪ ਖ਼ਤਮ ਕਰਨ ਦੀ ਗੱਲ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਰਾਜ ਸਭਾ ਮੈਂਬਰ ਗ਼ੈਰ-ਸੰਵਿਧਾਨਕ, ਗ਼ੈਰ-ਕਾਨੂੰਨੀ ਤੇ ਨਿਯਮਾਂ ਤੋਂ ਉਲਟ ਜਾ ਕੇ ਭਾਜਪਾ ਵਿਚ ਸ਼ਾਮਲ ਹੋਏ ਹਨ। ਇਸ ਸਬੰਧ ਵਿਚ ਉਨ੍ਹਾਂ ਨੇ ਅੱਗੇ ਕਿਹਾ ਕਿ ਸੰਵਿਧਾਨ ਦੀ 10ਵੇਂ ਸ਼ਡਿਊਲ ਵਿਚ ਸਾਫ਼ ਕਿਹਾ ਗਿਆ ਹੈ ਕਿ ਜੇ ਇਨ੍ਹਾਂ ਦੀ ਗਿਣਤੀ ਦੋ-ਤਿਹਾਈ ਵੀ ਹੈ, ਤਾਂ ਵੀ ਉਨ੍ਹਾਂ ਦੀ ਕੋਈ ਸੰਵਿਧਾਨਕ ਮਾਨਤਾ ਨਹੀਂ ਹੁੰਦੀ ਹੈ।
ਸ਼ਨਿੱਚਰਵਾਰ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੇ ਕਿਹਾ ਹੈ ਕਿ ਸ਼ੁੱਕਰਵਾਰ ਨੂੰ ਗ਼ੈਰ-ਸੰਵਿਧਾਨਕ, ਗ਼ੈਰ-ਕਾਨੂੰਨੀ ਤੇ ਨਿਯਮਾਂ ਤੋਂ ਉਲਟ ਜਾ ਕੇ ਸੱਤ ਰਾਜ ਸਭਾ ਮੈਂਬਰਾਂ ਨੇ ਭਾਜਪਾ ਵਿਚ ਜਾਣ ਦਾ ਐਲਾਨ ਕੀਤਾ ਹੈ। ਇਹ ਕਾਨੂੰਨੀ ਤੌਰ ’ਤੇ ਪੂਰੀ ਤਰ੍ਹਾਂ ਗ਼ਲਤ ਹੈ। ਦਲ-ਬਦਲ ਵਿਰੋਧੀ ਕਾਨੂੰਨ ਸਪੱਸ਼ਟ ਤੌਰ ’ਤੇ ਕਿਸੇ ਵੀ ਤਰ੍ਹਾਂ ਦੀ ਟੁੱਟ ਵਿਧਾਨ ਸਭਾ, ਰਾਜ ਸਭਾ ਜਾਂ ਲੋਕ ਸਭਾ ਵਿਚ ਨਹੀਂ ਹੋ ਸਕਦੀ। ਇਸ ਨੂੰ ਕੋਈ ਕਾਨੂੰਨੀ ਮਾਨਤਾ ਨਹੀਂ ਹੈ ਤੇ ਇਹ ਸ਼ਿਵ ਸੈਨਾ ਦੇ ਮਾਮਲੇ ਵਿਚ ਸਾਫ਼ ਤੌਰ ’ਤੇ ਸਾਹਮਣੇ ਆ ਚੁੱਕਾ ਹੈ।
ਉਥੇ, ਦਿੱਲੀ ਦੇ ਕਨਵੀਨਰ ਸੌਰਭ ਭਾਰਦਵਾਜ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ, ਆਮ ਵਰਕਰਾਂ ਨੇ ਬਣਾਈ ਸੀ ਤੇ ਇਹ ਆਮ ਪੱਧਰ ਦੇ ਵਰਕਰਾਂ ਦੀ ਪਾਰਟੀ ਹੈ। ਇਨ੍ਹਾਂ ਸਿਆਸਤਦਾਨਾਂ ਵਰਗੇ ਕਈ ਆਏ ਤੇ ਕਈ ਚਲੇ ਗਏ। ਇਹ ਆਮ ਆਦਮੀ ਪਾਰਟੀ ਲਈ ਮੁਸ਼ਕਲ ਵਾਲਾ ਸਮਾਂ ਹੈ। ਦਿੱਲੀ ਦੀ ਰਾਜ ਸੱਤਾ ਹੱਥੋਂ ਜਾ ਚੁੱਕੀ ਹੈ, ਸੀਨੀਅਰ ਆਗੂਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ, ਹਰ ਰੋਜ਼ ਈਡੀ ਦੇ ਛਾਪੇ ਪੈ ਰਹੇ ਹਨ ਤੇ ਸਰਕਾਰ ਨੇ ਤਾਂ ਪਾਰਟੀ ਦਾ ਦਫ਼ਤਰ ਖੋਹ ਲਿਆ ਸੀ। ਅਜਿਹੇ ਹਾਲਾਤ ਵਿਚ ਕੁਝ ਲੋਕ ਤਾਂ ਭੱਜਣਗੇ ਹੀ ਤੇ ਛੱਡ ਕੇ ਵੀ ਜਾਣਗੇ। ਇਹ ਸਭ ਸੁਭਾਵਕ ਹੈ।