ਰੂਸ ਦੀ ਫ਼ੌਜ ’ਚ ਤਾਇਨਾਤ ਸਨ 202 ਭਾਰਤੀ, 26 ਦੀ ਮੌਤ, ਕੂਟਨੀਤਕ ਕੋਸ਼ਿਸ਼ਾਂ ਨਾਲ 119 ਭਾਰਤੀ ਰੂਸੀ ਫ਼ੌਜ ਤੋਂ ਹੋਏ ਮੁਕਤ, 50 ਹਾਲੇ ਵੀ ਦੇ ਰਹੇ ਸੇਵਾਵਾਂ
ਦੋਵੇਂ ਦੇਸ਼ਾਂ ਦੇ ਆਗੂਆਂ, ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਵਿਚਾਲੇ ਗੱਲਬਾਤ ਸ਼ਾਮਲ ਹੈ। ਨਾਲ ਹੀ ਸੰਸਦ ਨੂੰ ਭਰੋਸਾ ਦਿੱਤਾ ਕਿ ਜਦੋਂ ਤੱਕ ਬਾਕੀ ਸਾਰੇ ਭਾਰਤੀਆਂ ਨੂੰ ਮੁਕਤ ਨਹੀਂ ਕਰ ਦਿੱਤਾ ਜਾਂਦਾ ਤੇ ਸੁਰੱਖਿਅਤ ਵਾਪਸ ਨਹੀਂ ਲਿਆਂਦਾ ਜਾਂਦਾ, ਤਦੋਂ ਤੱਕ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਸਰਕਾਰ ਨੇ ਕਿਹਾ ਕਿ ਮਾਰੇ ਗਏ 26 ਲੋਕਾਂ ’ਚੋਂ 10 ਦੀਆਂ ਦੇਹਾਂ ਭਾਰਤ ਲਿਆਂਦੀਆਂ ਗਈਆਂ ਹਨ, ਜਦਕਿ ਦੋ ਦਾ ਸਸਕਾਰ ਭਾਰਤੀ ਦੂਤਘਰ ਦੀ ਮਦਦ ਨਾਲ ਰੂਸ ’ਚ ਹੀ ਕੀਤਾ ਗਿਆ।
Publish Date: Thu, 18 Dec 2025 07:57 PM (IST)
Updated Date: Thu, 18 Dec 2025 07:58 PM (IST)
ਨਵੀਂ ਦਿੱਲੀ (ਏਜੰਸੀ) : ਕੇਂਦਰ ਸਰਕਾਰ ਨੇ ਵੀਰਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ 2022 ਤੋਂ ਹੁਣ ਤੱਕ 202 ਭਾਰਤੀ ਨਾਗਰਿਕਾਂ ਨੂੰ ਰੂਸੀ ਫ਼ੌਜ ’ਚ ਭਰਤੀ ਕੀਤਾ ਗਿਆ ਹੈ, ਜਿਨ੍ਹਾਂ ’ਚੋਂ 26 ਦੀ ਮੌਤ ਹੋ ਗਈ ਹੈ ਤੇ ਸੱਤ ਲਾਪਤਾ ਹਨ। ਸਰਕਾਰ ਨੇ ਇਹ ਜਾਣਕਾਰੀ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਸਾਕੇਤ ਗੋਖਲੇ ਤੇ ਕਾਂਗਰਸੀ ਮੈਂਬਪਰ ਰਣਦੀਪ ਸਿੰਘ ਸੁਰਜੇਵਾਲਾ ਦੇ ਸਵਾਲ ਦੇ ਜਵਾਬ ’ਚ ਦਿੱਤੀ। ਉਨ੍ਹਾਂ ਰੂਸ-ਯੂਕਰੇਨ ਜੰਗ ’ਚ ਲੜਨ ਲਈ ਕਥਿਤ ਤੌਰ ’ਤੇ ਮਜਬੂਰ ਕੀਤੇ ਗਏ ਜਾਂ ਨਾਜਾਇਜ਼ ਤਰੀਕੇ ਨਾਲ ਭਰਤੀ ਕੀਤੇ ਗਏ ਭਾਰਤੀਆਂ ਦੀ ਵਾਪਸੀ ਦੇ ਬਾਰੇ ’ਚ ਪੁੱਛਿਆ ਸੀ।
ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ ਭਾਰਤ ਦੀਆਂ ਲਗਾਤਾਰ ਕੂਟਨੀਤਕ ਕੋਸ਼ਿਸ਼ਾਂ ਨਾਲ 119 ਭਾਰਤੀ ਨਾਗਰਿਕਾਂ ਨੂੰ ਮੁਕਤ ਕਰਾ ਲਿਆ ਗਿਆ ਹੈ, ਜਦਕਿ 50 ਲੋਕ ਹਾਲੇ ਵੀ ਰੂਸੀ ਫ਼ੌਜ ਤੋਂ ਮੁਕਤ ਹੋਣ ਦਾ ਇੰਤਜ਼ਾਰ ਕਰ ਰਹੇ ਹਨ। ਵਿਦੇਸ਼ ਮੰਤਰਾਲੇ ਉਨ੍ਹਾਂ ਦੀਆਂ ਸੇਵਾਵਾਂ, ਭਲਾਈ ਤੇ ਛੇਤੀ ਵਾਪਸੀ ਯਕੀਨੀ ਬਣਾਉਣ ਲਈ ਲਗਾਤਾਰ ਰੂਸੀ ਅਧਿਕਾਰੀਆਂ ਦੇ ਸੰਪਰਕ ’ਚ ਹੈ। ਕੇਂਦਰ ਨੇ ਕਿਹਾ ਕਿ ਇਸ ਮੁੱਦੇ ਨੂੰ ਕਈ ਕੂਟਨੀਤਕ ਪੱਧਰਾਂ ’ਤੇ ਚੁੱਕਿਆ ਗਿਆ ਹੈ, ਜਿਸ ਵਿਚ ਦੋਵੇਂ ਦੇਸ਼ਾਂ ਦੇ ਆਗੂਆਂ, ਮੰਤਰੀਆਂ ਤੇ ਸੀਨੀਅਰ ਅਧਿਕਾਰੀਆਂ ਵਿਚਾਲੇ ਗੱਲਬਾਤ ਸ਼ਾਮਲ ਹੈ। ਨਾਲ ਹੀ ਸੰਸਦ ਨੂੰ ਭਰੋਸਾ ਦਿੱਤਾ ਕਿ ਜਦੋਂ ਤੱਕ ਬਾਕੀ ਸਾਰੇ ਭਾਰਤੀਆਂ ਨੂੰ ਮੁਕਤ ਨਹੀਂ ਕਰ ਦਿੱਤਾ ਜਾਂਦਾ ਤੇ ਸੁਰੱਖਿਅਤ ਵਾਪਸ ਨਹੀਂ ਲਿਆਂਦਾ ਜਾਂਦਾ, ਤਦੋਂ ਤੱਕ ਕੋਸ਼ਿਸ਼ਾਂ ਜਾਰੀ ਰਹਿਣਗੀਆਂ। ਸਰਕਾਰ ਨੇ ਕਿਹਾ ਕਿ ਮਾਰੇ ਗਏ 26 ਲੋਕਾਂ ’ਚੋਂ 10 ਦੀਆਂ ਦੇਹਾਂ ਭਾਰਤ ਲਿਆਂਦੀਆਂ ਗਈਆਂ ਹਨ, ਜਦਕਿ ਦੋ ਦਾ ਸਸਕਾਰ ਭਾਰਤੀ ਦੂਤਘਰ ਦੀ ਮਦਦ ਨਾਲ ਰੂਸ ’ਚ ਹੀ ਕੀਤਾ ਗਿਆ।
18 ਭਾਰਤੀਆਂ ਦੇ ਪਰਿਵਾਰਕ ਮੈਂਬਰਾਂ ਦੇ ਡੀਐੱਨਏ ਸੈਂਪਲ, ਜਿਨ੍ਹਾਂ ਦੇ ਬਾਰੇ ’ਚ ਦੱਸਿਆ ਗਿਆ ਸੀ ਕਿ ਉਹ ਮਰ ਗਏ ਹਨ ਜਾਂ ਲਾਪਤਾ ਹਨ, ਰੂਸੀ ਅਧਿਕਾਰੀਆਂ ਨਾਲ ਸਾਂਝਾ ਕੀਤੇ ਗਏ ਹਨ ਤਾਂ ਜੋ ਕੁਝ ਮ੍ਰਿਤਕ ਭਾਰਤੀ ਨਾਗਰਿਕਾਂ ਦੀ ਪੱਛਾਣ ਸਥਾਪਤ ਕਰਨ ’ਚ ਮਦਦ ਮਿਲ ਸਕੇ।