ਡਬਲਯੂਐੱਫਪੀ ਨੇ ਦੱਸਿਆ ਕਿ ਇਸ ਸਾਲ ਉਸ ਨੂੰ 40 ਫ਼ੀਸਦੀ ਘੱਟ ਵਿੱਤੀ ਯੋਗਦਾਨ ਮਿਲਣ ਦੀ ਆਸ ਹੈ, ਜਿਸ ਨਾਲ ਉਸ ਦਾ ਅਨੁਮਾਨਿਤ ਬਜਟ 10 ਅਰਬ ਡਾਲਰ ਤੋਂ ਘੱਟ ਕੇ 6.4 ਅਰਬ ਡਾਲਰ ਰਹਿ ਜਾਵੇਗਾ। ਉਸ ਨੂੰ ਇਸ ਸਾਲ ਅਮਰੀਕਾ ਤੋਂ ਲਗਪਗ 1.5 ਅਰਬ ਡਾਲਰ ਮਿਲਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੇ ਲਗਪਗ 4.5 ਅਰਬ ਡਾਲਰ ਤੋਂ ਕਾਫੀ ਘੱਟ ਹੈ।
ਜਿਨੇਵਾ (ਏਪੀ) : ਸੰਯੁਕਤ ਰਾਸ਼ਟਰ ਦੀ ਖੁਰਾਕ ਸਹਾਇਤਾ ਏਜੰਸੀ ਨੇ ਬੁੱਧਵਾਰ ਨੂੰ ਕਿਹਾ ਕਿ ਸਿਖਰ ਦਾਨਦਾਤਾਵਾਂ ਵੱਲੋਂ ਵਿੱਤੀ ਯੋਗਦਾਨ ’ਚ ਕੀਤੀ ਗਈ ਕਟੌਤੀ ਨਾਲ ਛੇ ਦੇਸ਼ਾਂ ’ਚ ਉਸ ਦੀਆਂ ਗਤੀਵਿਧੀਆਂ ਬਹੁਤ ਪ੍ਰਭਾਵਿਤ ਹੋ ਰਹੀਆਂ ਹਨ। ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਨਾਲ ਲਗਪਗ 1.4 ਕਰੋੜ ਲੋਕ ਭੁੱਖਮਰੀ ਦੇ ਕਗਾਰ 'ਤੇ ਪਹੁੰਚ ਸਕਦੇ ਹਨ।
ਪਾਰੰਪਰਿਕ ਤੌਰ 'ਤੇ ਸੰਯੁਕਤ ਰਾਸ਼ਟਰ ਦੀ ਸਭ ਤੋਂ ਵੱਧ ਵਿੱਤੀ ਯੋਗਦਾਨ ਪ੍ਰਾਪਤ ਕਰਨ ਵਾਲੀ ਏਜੰਸੀ ਰਹੀ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂਐੱਫਪੀ) ਨੇ ਆਪਣੀ ਨਵੀਂ ਰਿਪੋਰਟ ’ਚ ਕਿਹਾ ਕਿ ਇਸ ਸਾਲ ਉਸ ਦਾ ਵਿੱਤੀ ਯੋਗਦਾਨ ਹੁਣ ਤੱਕ ਦੀ ਸਭ ਤੋਂ ਵੱਡੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਇਸ ਦਾ ਮੁੱਖ ਕਾਰਨ ਅਮਰੀਕਾ (ਡੋਨਾਲਡ ਟਰੰਪ ਪ੍ਰਸ਼ਾਸਨ ਅਧੀਨ) ਤੇ ਹੋਰ ਪ੍ਰਮੁੱਖ ਪੱਛਮੀ ਦੇਸ਼ਾਂ ਵੱਲੋਂ ਕੀਤੀ ਗਈ ਭਾਰੀ ਕਟੌਤੀ ਹੈ। ਏਜੰਸੀ ਨੇ ਚਿਤਾਵਨੀ ਦਿੱਤੀ ਹੈ ਕਿ ਉਸ ਦੀ ਖੁਰਾਕ ਸਹਾਇਤਾ ਪ੍ਰਾਪਤ ਕਰਨ ਵਾਲੇ 1.37 ਕਰੋੜ ਲੋਕ ਹੁਣ ਭੁੱਖਮਰੀ ਦਾ ਸਾਹਮਣਾ ਕਰ ਸਕਦੇ ਹਨ। ਜਿਹੜੇ ਦੇਸ਼ ਇਸ ਵਿੱਤੀ ਕਟੌਤੀ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ, ਉਹ ਹਨ- ਅਫਗਾਨਿਸਤਾਨ, ਕਾਂਗੋ, ਹੈਤੀ, ਸੋਮਾਲੀਆ, ਦੱਖਣੀ ਸੂਡਾਨ ਤੇ ਸੂਡਾਨ। ਏਜੰਸੀ ਦੀ ਕਾਰਜਕਾਰੀ ਨਿਰਦੇਸ਼ਕ ਸਿੰਡੀ ਮੈਕਕੈਨ ਨੇ ਕਿਹਾ, "ਅਸੀਂ ਲੱਖਾਂ ਲੋਕਾਂ ਦੀ ਜੀਵਨਰੇਖਾ ਨੂੰ ਆਪਣੀਆਂ ਅੱਖਾਂ ਸਾਹਮਣੇ ਟੁੱਟਦੇ ਦੇਖ ਰਹੇ ਹਾਂ।"
ਡਬਲਯੂਐੱਫਪੀ ਨੇ ਦੱਸਿਆ ਕਿ ਇਸ ਸਾਲ ਉਸ ਨੂੰ 40 ਫ਼ੀਸਦੀ ਘੱਟ ਵਿੱਤੀ ਯੋਗਦਾਨ ਮਿਲਣ ਦੀ ਆਸ ਹੈ, ਜਿਸ ਨਾਲ ਉਸ ਦਾ ਅਨੁਮਾਨਿਤ ਬਜਟ 10 ਅਰਬ ਡਾਲਰ ਤੋਂ ਘੱਟ ਕੇ 6.4 ਅਰਬ ਡਾਲਰ ਰਹਿ ਜਾਵੇਗਾ। ਉਸ ਨੂੰ ਇਸ ਸਾਲ ਅਮਰੀਕਾ ਤੋਂ ਲਗਪਗ 1.5 ਅਰਬ ਡਾਲਰ ਮਿਲਣ ਦੀ ਉਮੀਦ ਹੈ, ਜੋ ਪਿਛਲੇ ਸਾਲ ਦੇ ਲਗਪਗ 4.5 ਅਰਬ ਡਾਲਰ ਤੋਂ ਕਾਫੀ ਘੱਟ ਹੈ। ਹੋਰ ਸਿਖਰਲੇ ਦਾਨਦਾਤਾਵਾਂ ਨੇ ਵੀ ਯੋਗਦਾਨ ’ਚ ਕਟੌਤੀ ਕੀਤੀ ਹੈ। ਮੈਕਕੈਨ ਨੇ ਕਿਹਾ, ‘ਇਹ ਸਿਰਫ਼ ਪੈਸੇ ਦੀ ਕਮੀ ਨਹੀਂ ਹੈ। ਇਹ ਇਕ ਅਸਲ ਫਰਕ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਅਸੀਂ ਕੀ ਕਰ ਸਕਦੇ ਹਾਂ। ਅਸੀਂ ਭੁੱਖਮਰੀ ਖਿਲਾਫ਼ ਲੜਾਈ ’ਚ ਦਹਾਕਿਆਂ ਦੀ ਪ੍ਰਗਤੀ ਗੁਆ ਸਕਦੇ ਹਾਂ।" ਰੋਮ ਸਥਿਤ ਏਜੰਸੀ ਦਾ ਕਹਿਣਾ ਹੈ ਕਿ ਵਿਸ਼ਵ ਭੁੱਖਮਰੀ ਪਹਿਲਾਂ ਹੀ ਰਿਕਾਰਡ ਪੱਧਰ 'ਤੇ ਪਹੁੰਚ ਚੁੱਕੀ ਹੈ, ਜਿੱਥੇ 31.9 ਕਰੋੜ ਲੋਕ ਗੰਭੀਰ ਖੁਰਾਕ ਅਸੁਰੱਖਿਆ ਦਾ ਸਾਹਮਣਾ ਕਰ ਰਹੇ ਹਨ। ਗਾਜ਼ਾ ਤੇ ਸੂਡਾਨ ’ਚ ਅਕਾਲ ਪੈ ਗਿਆ ਹੈ। ਅਫਗਾਨਿਸਤਾਨ ’ਚ ਸਹਾਇਤਾ ਖੁਰਾਕ ਪੱਧਰ 'ਤੇ ਅਸੁਰੱਖਿਅਤ 10 ਫ਼ੀਸਦੀ ਤੋਂ ਵੀ ਘੱਟ ਲੋਕਾਂ ਤੱਕ ਪਹੁੰਚ ਰਹੀ ਹੈ। ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਾ ਅਗਲਾ ਭੋਜਨ ਕਿੱਥੋਂ ਆਵੇਗਾ।