ਸੰਘਰਸ਼ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਲੋਕਾਂ ਵੱਲੋਂ ਸੰਯੁਕਤ ਮੋਰਚੇ ਨੂੰ ਚੋਣਾਂ ਲਡ਼ਨ ਦੀ ਗੱਲ ਕਹੀ ਗਈ ਪਰ ਸੰਯੁਕਤ ਮੋਰਚੇ ਦੇ ਵੱਡੀ ਪੱਧਰ ’ਤੇ ਆਗੂ ਇਸ ਗੱਲ ਨਾਲ ਇਕਸੁਰ ਨਹੀਂ ਸਨ।
ਬਰਾਡ਼, ਲੁਧਿਆਣਾ : ਲੰਬੇ ਸਮੇਂ ਤੋਂ ਪੰਜਾਬ ਦੀ ਸਿਆਸਤ ’ਚ ਵੱਡੀ ਪੱਧਰ ’ਤੇ ਹਲਚਲ ਦੇਖਣ ਨੂੰ ਮਿਲ ਰਹੀ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੂੰ ਲੰਬਾ ਸੰਘਰਸ਼ ਕਰਨਾ ਪਿਆ। ਦਿੱਲੀ ਦੀਆਂ ਹੱਦਾਂ ’ਤੇ ਚੱਲੇ ਸੰਘਰਸ਼ ’ਚ ਸੰਯੁਕਤ ਮੋਰਚੇ ਦੇ ਆਗੂਆਂ ਨੇ ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਲੀਡਰਾਂ ਤੋਂ ਦੂਰੀ ਬਣਾਈ ਰੱਖਣ ਦੇ ਨਾਲ-ਨਾਲ ਉਨ੍ਹਾਂ ਨੂੰ ਸਟੇਜਾਂ ਤੋਂ ਵੀ ਦੂਰ ਰੱਖਿਆ। ਇਹੀ ਸਮਾਂ ਸੀ ਜਦ ਕੇਂਦਰ ਸਰਕਾਰ ਨੇ ਦੇਸ਼ ਦੀਆਂ ਸਿਆਸੀ ਪਾਰਟੀਆਂ ਦੇ ਰਸਤੇ ਵਿਚ ਕੰਡੇ ਬੀਜ ਦਿੱਤੇ। ਸੰਘਰਸ਼ ’ਚ ਸੰਯੁਕਤ ਮੋਰਚੇ ਦੀ ਵੱਡੀ ਜਿੱਤ ਹੋਈ। ਇੱਥੇ ਹੀ ਬਸ ਨਹੀਂ ਇਸ ਸੰਘਰਸ਼ ਦੌਰਾਨ ਸਿਆਸੀ ਪਾਰਟੀਆਂ ਦੇ ਆਗੂਆਂ ਨੂੰ ਵੱਡੀ ਪੱਧਰ ’ਤੇ ਕਿਸਾਨਾਂ ਦੇ ਵਿਰੋਧ ਦਾ ਸਹਾਮਣਾ ਵੀ ਕਰਨਾ ਪਿਆ। ਸੰਘਰਸ਼ ਦੌਰਾਨ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਲੋਕਾਂ ਵੱਲੋਂ ਸੰਯੁਕਤ ਮੋਰਚੇ ਨੂੰ ਚੋਣਾਂ ਲਡ਼ਨ ਦੀ ਗੱਲ ਕਹੀ ਗਈ ਪਰ ਸੰਯੁਕਤ ਮੋਰਚੇ ਦੇ ਵੱਡੀ ਪੱਧਰ ’ਤੇ ਆਗੂ ਇਸ ਗੱਲ ਨਾਲ ਇਕਸੁਰ ਨਹੀਂ ਸਨ। ਇਥੋਂ ਤਕ ਕੇ ਪੰਜਾਬ ਦੇ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੀ ਇਸ ਗੱਲ ’ਤੇ ਆਪਣੀ ਸਹਿਮਤੀ ਨਹੀਂ ਸਨ ਦਿੰਦੇ ਪਰ ਵੱਡੀ ਪੱਧਰ ’ਤੇ ਪੰਜਾਬ ਦੇ ਕਿਸਾਨ-ਮਜ਼ਦੂਰਾਂ ਅਤੇ ਆਮ ਲੋਕਾਂ ਦੀ ਰਾਏ ਸੀ। ਲਗਪਗ 70 ਫ਼ੀਸਦੀ ਵੋਟਰ ਪਿੰਡਾਂ ਅਤੇ ਕਸਬਿਆਂ ਆਦਿ ’ਚ ਰਹਿੰਦੇ ਹਨ, ਜਿਨ੍ਹਾਂ ਦੇ ਸਿਰ ’ਤੇ ਹੁਣ ਤਕ ਸੂਬੇ ਦੀਆਂ ਸਰਕਾਰਾਂ ਬਣਦੀਆਂ ਆ ਰਾਹੀਆਂ ਹਨ। ਉਨ੍ਹਾਂ ਦੀ ਮੰਗ ਸੀ ਕਿ ਕਿਸਾਨ ਸੰਘਰਸ਼ ਦੇ ਆਗੂ ਸਿਆਸਤ ’ਚ ਪੈਰ ਰੱਖਣ ਤੇ ਲੋਕਾਂ ਦੀਆਂ ਉਮੀਦਾਂ ’ਤੇ ਖ਼ਰੇ ਉੱਤਰਨ।
ਦੱਸਣਯੋਗ ਹੈ ਕਿ ਪੰਜਾਬ ਦਿਹਾਤੀ ਖੇਤਰਾਂ ’ਚ ਸੂਬੇ ਦੀਆਂ ਸਿਆਸੀ ਰਵਾਇਤੀ ਪਾਰਟੀਆਂ ਖ਼ਾਸ ਤੌਰ ’ਤੇ ਅਕਾਲੀ ਦਲ ਬਾਦਲ ਅਤੇ ਕਾਂਗਰਸ ਦਾ ਵੱਡਾ ਵੋਟ ਬੈਂਕ ਹੈ। ਜੋ ਪੰਜਾਬ ਦੀਆਂ ਲਗਪਗ 22 ਕਿਸਾਨ ਜਥੇਬੰਦੀਆਂ ਵੱਲੋਂ ਬਣਾਏ ਸੰਯੁਕਤ ਸਮਾਜ ਮੋਰਚੇ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ’ਚ 117 ਸੀਟਾਂ ’ਤੇ ਚੋਣ ਲਡ਼ਨ ਦੇ ਕੀਤੇ ਐਲਾਨ ਤੋਂ ਬਾਅਦ ਪਾਰਟੀਆਂ ਦੇ ਵੋਟ ਬੈਂਕ ਨੂੰ ਵੱਡਾ ਖੋਰਾ ਲੱਗ ਸਕਦਾ ਹੈ। ਇਥੇ ਹੀ ਬੱਸ ਨਹੀਂ ਸੰਯੁਕਤ ਸਮਾਜ ਮੋਰਚੇ ਵੱਲੋਂ ਚੋਣਾਂ ਲਡ਼ਨ ਦੇ ਕੀਤੇ ਐਲਾਨ ਤੋਂ ਬਾਅਦ ਰਵਾਇਤੀ ਸਿਆਸੀ ਪਾਰਟੀਆਂ ਦੇ ਪੈਰਾਂ ਹੇਠੋਂ ਇਕ ਵਾਰ ਤਾਂ ਜ਼ਮੀਨ ਖਿਸਕ ਗਈ। ਪੰਜਾਬ ’ਚ ਇਸ ਵਾਰ ਕਾਂਗਰਸ, ਅਕਾਲੀ ਦਲ ਬਾਦਲ, ਆਮ ਆਦਮੀ ਪਾਰਟੀ ਤੋਂ ਇਲਾਵਾ ਸੰਯੁਕਤ ਸਮਾਜ ਮੋਰਚਾ, ਭਾਜਪਾ, ਲੋਕ ਕਾਂਗਰਸ ਪਾਰਟੀ ਸੰਯੁਕਤ ਅਕਾਲੀ, ਲੋਕ ਇਨਸਾਫ਼ ਪਾਰਟੀ ਆਦਿ ਮੈਦਾਨ ’ਚ ਹਨ। ਅਜਿਹੇ ਇਕ-ਦੂਜੇ ਨਾਲੋਂ ਤੋਡ਼-ਵਿਛੋਡ਼ੇ ਕਾਰਨ ਸਿਆਸੀ ਸਮੀਕਰਨ ਬਦਲਣਾ ਸੁਭਾਵਿਕ ਹੈ।
ਸੂਤਰਾਂ ਅਨੁਸਾਰ ਆਉਣ ਵਾਲੇ ਸਮੇਂ ਵਿਚ ਸੰਯੁਕਤ ਸਮਾਜ ਮੋਰਚੇ ਵੱਲੋਂ ਵੱਡੀ ਪੱਧਰ ’ਤੇ ਟਰੱਕ ਯੂਨੀਅਨਾਂ, ਆਡ਼੍ਹਤੀ ਯੂਨੀਅਨ ਆਦਿ ਨਾਲ ਸੰਪਰਕ ਕਰਨ ਦੇ ਚਰਚੇ ਵੀ ਚੱਲ ਰਹੇ ਹਨ। ਇਹ ਵੀ ਕਨੋਸਆਂ ਮਿਲ ਰਹੀਆਂ ਹਨ ਕਿ ਵੱਡੀ ਪੱਧਰ ’ਤੇ ਸੂਬੇ ਦੇ ਉਘੇ ਗੀਤਕਾਰ ਅਤੇ ਗਾਇਕ ਜਿਨ੍ਹਾਂ ਨੇ ਦਿੱਲੀ ਵਿਚ ਲੱਗੇ ਮੋਰਚੇ ਵਿਚ ਪੰਜਾਬ ਦੀ ਨੌਜਵਾਨ ਪੀਡ਼੍ਹੀ ਨੂੰ ਇਕ ਲਡ਼ੀ ਵਿਚ ਪਰੋ ਕੇ ਰੱਖਿਆ, ਆਉਣ ਵਾਲੇ ਸਮੇਂ ’ਚ ਇਹ ਵੱਡੀ ਪੱਧਰ ’ਤੇ ਸਮਾਜ ਮੋਰਚੇ ਦੀ ਰੀਡ਼੍ਹ ਦੀ ਹੱਡੀ ਬਣਨ ਦੇ ਚਰਚੇ ਹਨ।