- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਲ 2026 ਵਿੱਚ ਜਦੋਂ ਸੰਸਾਰ ਜਲਵਾਯੂ ਪਰਿਵਰਤਨ, ਪ੍ਰਦੂਸ਼ਣ, ਈਂਧਨ ਸੰਕਟ ਅਤੇ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਸਾਈਕਲ ਇੱਕ ਆਸ ਭਰੀ ਕਿਰਨ ਵਜੋਂ ਸਾਹਮਣੇ ਆਉਂਦੀ ਹੈ।

ਪੁਨੀਤ ਬਾਵਾ, ਪੰਜਾਬੀ ਜਾਗਰਣ, ਲੁਧਿਆਣਾ : ਸੰਯੁਕਤ ਰਾਸ਼ਟਰ ਮਹਾਸਭਾ ਵੱਲੋਂ 3 ਜੂਨ 2018 ਨੂੰ ਅਧਿਕਾਰਤ ਤੌਰ ’ਤੇ ਵਿਸ਼ਵ ਸਾਈਕਲ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ। ਹਰ ਸਾਈਕਲ ਦਿਵਸ ਕਿਸੇ ਵਿਸ਼ੇ ਨਾਲ ਸਬੰਧਤ ਮਨਾਇਆ ਜਾਂਦਾ ਹੈ। 3 ਜੂਨ 2026 ਦਾ ਵਿਸ਼ਾ “ਹਰਿਆਲੇ, ਸਿਹਤਮੰਦ ਤੇ ਟਿਕਾਊ ਭਵਿੱਖ ਵੱਲ ਸਾਈਕਲਿੰਗ” ਰੱਖਿਆ ਗਿਆ ਹੈ। ਸਾਲ 2026 ਵਿੱਚ ਜਦੋਂ ਸੰਸਾਰ ਜਲਵਾਯੂ ਪਰਿਵਰਤਨ, ਪ੍ਰਦੂਸ਼ਣ, ਈਂਧਨ ਸੰਕਟ ਅਤੇ ਜੀਵਨ-ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਤਾਂ ਸਾਈਕਲ ਇੱਕ ਆਸ ਭਰੀ ਕਿਰਨ ਵਜੋਂ ਸਾਹਮਣੇ ਆਉਂਦੀ ਹੈ। ਸਾਇਕਲ ਸਿਰਫ਼ ਇੱਕ ਆਵਾਜਾਈ ਦਾ ਸਾਧਨ ਨਹੀਂ, ਸਗੋਂ ਸਿਹਤ, ਸਮਾਜਿਕ ਬਰਾਬਰੀ ਤੇ ਵਾਤਾਵਰਨੀ ਸੁਰੱਖਿਆ ਦਾ ਪ੍ਰਤੀਕ ਬਣ ਚੁੱਕੀ ਹੈ।
ਵੱਖ-ਵੱਖ ਅੰਤਰਰਾਸ਼ਟਰੀ ਅਧਿਐਨਾਂ ਤੇ ਉਦਯੋਗਿਕ ਅੰਕੜਿਆਂ ਅਨੁਸਾਰ ਦੁਨੀਆ ਭਰ ਵਿੱਚ ਹਰ ਸਾਲ ਲਗਭਗ 12 ਤੋਂ 13 ਕਰੋੜ (120–130 ਮਿਲੀਅਨ) ਸਾਈਕਲਾਂ ਬਣਦੀਆਂ ਹਨ। ਦੁਨੀਆਂ ਭਰ ਵਿੱਚ ਪ੍ਰਤੀ ਦਿਨ 3.5 ਲੱਖ ਤੇ ਹਰ ਸਕਿੰਟ 4 ਸਾਇਕਲਾਂ ਦਾ ਨਿਰਮਾਣ ਹੁੰਦਾ ਹੈ। ਵਿਸ਼ਵ ਸਾਈਕਲ ਉਤਪਾਦਨ ਦੀ ਇਹ ਵੱਡੀ ਗਿਣਤੀ ਦਰਸਾਉਂਦੀ ਹੈ ਕਿ ਸਾਈਕਲ ਅਜੇ ਵੀ ਮਨੁੱਖੀ ਜੀਵਨ ਦਾ ਬਹੁਤ ਮਹੱਤਵਪੂਰਨ ਹਿੱਸਾ ਹੈ। ਭਾਵੇਂ ਮੋਟਰਸਾਈਕਲਾਂ ਅਤੇ ਕਾਰਾਂ ਦੀ ਗਿਣਤੀ ਵਧੀ ਹੈ, ਫਿਰ ਵੀ ਦੁਨੀਆ ਵਿੱਚ ਕਾਰਾਂ ਨਾਲੋਂ ਕਈ ਗੁਣਾ ਵੱਧ ਸਾਈਕਲਾਂ ਬਣਦੀਆਂ ਹਨ।
ਚੀਨ ਵਿਸ਼ਵ ਦਾ ਸਭ ਤੋਂ ਵੱਡਾ ਸਾਈਕਲ ਨਿਰਮਾਤਾ ਦੇਸ਼ ਹੈ। ਅੰਦਾਜ਼ੇ ਅਨੁਸਾਰ ਚੀਨ ਇਕੱਲਾ ਹੀ ਦੁਨੀਆ ਦੇ 60 ਤੋਂ 67 ਪ੍ਰਤੀਸ਼ਤ ਤੱਕ ਸਾਈਕਲਾਂ ਦਾ ਉਤਪਾਦਨ ਕਰਦਾ ਹੈ। ਕਈ ਸਾਲਾਂ ਤੋਂ ਚੀਨ ਸਾਈਕਲ ਉਦਯੋਗ ਵਿੱਚ ਵਿਸ਼ਵ ਅਗਵਾਈ ਕਰ ਰਿਹਾ ਹੈ। ਚੀਨ ਵਿੱਚ ਹਰ ਸਾਲ ਕਰੀਬ 10 ਕਰੋੜ (100 ਮਿਲੀਅਨ) ਸਾਈਕਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਵੱਡੀ ਗਿਣਤੀ ਵਿਦੇਸ਼ਾਂ ਵਿੱਚ ਨਿਰਯਾਤ ਕੀਤੀ ਜਾਂਦੀ ਹੈ। ਚੀਨ ਦੇ ਸਾਇਕਲ ਊਤਪਾਦਨ ਵਿੱਚ ਮੋਹਰੀ ਹੋਣ ਦਾ ਕਾਰਣ ਵਿਸ਼ਾਲ ਉਦਯੋਗਿਕ ਢਾਂਚਾ,ਘੱਟ ਲਾਗਤ ਵਾਲਾ ਉਤਪਾਦਨ,ਵੱਡਾ ਨਿਰਯਾਤ ਜਾਲ, ਈ-ਬਾਈਕ ਤੇ ਆਧੁਨਿਕ ਸਾਈਕਲਾਂ ਦਾ ਉਤਪਾਦਨ ਹੈ।
ਭਾਰਤ ਸਾਈਕਲ ਉਤਪਾਦਨ ਵਿੱਚ ਦੁਨੀਆ ਦੇ ਪ੍ਰਮੁੱਖ ਦੇਸ਼ਾਂ ਵਿੱਚ ਸ਼ਾਮਲ ਹੈ। ਵੱਖ-ਵੱਖ ਉਦਯੋਗਿਕ ਰਿਪੋਰਟਾਂ ਅਨੁਸਾਰ ਭਾਰਤ ਵਿੱਚ ਹਰ ਸਾਲ ਲਗਭਗ 2 ਤੋਂ 2.2 ਕਰੋੜ ਸਾਈਕਲਾਂ ਬਣਦੀਆਂ ਹਨ। ਪੁਰਾਣੇ ਅੰਕੜਿਆਂ ਅਨੁਸਾਰ ਇਹ ਗਿਣਤੀ 1.2 ਕਰੋੜ ਦੇ ਨੇੜੇ ਸੀ, ਪਰ ਸਾਈਕਲਾਂ ਅਤੇ ਫਿਟਨੈੱਸ ਸਾਈਕਲਾਂ ਦੀ ਵਧਦੀ ਮੰਗ ਕਾਰਨ ਉਤਪਾਦਨ ਵਿੱਚ ਕਾਫ਼ੀ ਵਾਧਾ ਹੋਇਆ ਹੈ। ਦੁਨੀਆ ਦੇ ਕੁੱਲ ਸਾਈਕਲ ਉਤਪਾਦਨ ਵਿੱਚ ਭਾਰਤ ਦਾ ਹਿੱਸਾ ਲਗਪਗ 12 ਤੋਂ 15 ਪ੍ਰਤੀਸ਼ਤ ਤੱਕ ਮੰਨਿਆ ਜਾਂਦਾ ਹੈ। ਇਸ ਕਰਕੇ ਭਾਰਤ ਨੂੰ ਵਿਸ਼ਵ ਸਾਈਕਲ ਉਦਯੋਗ ਦਾ ਇੱਕ ਮਹੱਤਵਪੂਰਨ ਕੇਂਦਰ ਮੰਨਿਆ ਜਾਂਦਾ ਹੈ। ਭਾਰਤ ਦੇ ਸਾਈਕਲ ਉਦਯੋਗ ਦਾ ਸਭ ਤੋਂ ਵੱਡਾ ਕੇਂਦਰ ਪੰਜਾਬ ਦਾ ਸ਼ਹਿਰ ਲੁਧਿਆਣਾ ਹੈ। ਇਸ ਨੂੰ ਅਕਸਰ “ਭਾਰਤ ਦੀ ਸਾਈਕਲ ਰਾਜਧਾਨੀ” ਕਿਹਾ ਜਾਂਦਾ ਹੈ।
ਪਿਛਲੇ ਕੁੱਝ ਸਾਲਾਂ ਵਿੱਚ ਈ-ਬਾਈਕਾਂ ਦੀ ਮੰਗ ਤੇਜ਼ੀ ਨਾਲ ਵਧੀ ਹੈ। ਖਾਸ ਤੌਰ ’ਤੇ ਚੀਨ, ਯੂਰਪ ਅਤੇ ਅਮਰੀਕਾ ਵਿੱਚ ਈ-ਬਾਈਕ ਬਾਜ਼ਾਰ ਦਾ ਵਿਸਥਾਰ ਹੋ ਰਿਹਾ ਹੈ। ਭਾਰਤ ਵਿੱਚ ਵੀ ਹੁਣ ਕਈ ਕੰਪਨੀਆਂ ਈ-ਬਾਈਕਾਂ ਦਾ ਉਤਪਾਦਨ ਕਰ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਦਹਾਕੇ ਵਿੱਚ ਈ-ਬਾਈਕ ਉਦਯੋਗ ਸਾਈਕਲ ਬਾਜ਼ਾਰ ਦਾ ਇੱਕ ਵੱਡਾ ਹਿੱਸਾ ਬਣ ਸਕਦਾ ਹੈ। ਸਿਹਤ ਸੰਸਥਾ ਅਤੇ ਸੰਯੁਕਤ ਰਾਸ਼ਟਰ ਲਗਾਤਾਰ ਸਾਈਕਲਿੰਗ ਨੂੰ ਉਤਸ਼ਾਹਿਤ ਕਰ ਰਹੇ ਹਨ। ਜਲਵਾਯੂ ਪਰਿਵਰਤਨ ਅਤੇ ਪ੍ਰਦੂਸ਼ਣ ਨਾਲ ਨਜਿੱਠਣ ਲਈ ਕਈ ਦੇਸ਼ ਸਾਈਕਲ-ਅਨੁਕੂਲ ਸ਼ਹਿਰ ਵਿਕਸਤ ਕਰ ਰਹੇ ਹਨ।
ਪੰਜਾਬ ਸਾਈਕਲ ਤੇ ਸਾਈਕਲ ਕਲਪੁਰਜ਼ੇ ਬਣਾਉਣ ਦਾ ਗੜ੍ਹ
ਪੰਜਾਬ ਦੇ ਲੁਧਿਆਣਾ ਸ਼ਹਿਰ ਨੂੰ ਸਾਇਕਲ ਤੇ ਸਾਇਕਲ ਕਲਪੁਰਜ਼ੇ ਬਣਾਉਣ ਦਾ ਗੜ੍ਹ ਮੰਨਿਆ ਜਾਂਦਾ ਹੈ। ਅੰਕੜਿਆਂ ਅਨੁਸਾਰ ਲੁਧਿਆਣਾ ਅਤੇ ਇਸ ਦੇ ਆਲੇ-ਦੁਆਲੇ ਸਾਈਕਲ ਤੇ ਸਾਈਕਲ ਪੁਰਜ਼ਿਆਂ ਨਾਲ ਜੁੜੇ ਲਗਭਗ 5,000 ਛੋਟੇ ਤੇ ਵੱਡੇ ਕਾਰਖ਼ਾਨੇ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਵੱਡੀ ਗਿਣਤੀ ਸੂਖ਼ਮ, ਲਘੂ ਅਤੇ ਮੱਧਕ ਕਾਰਖ਼ਾਨਿਆਂ ਦੀ ਹੈ। ਇੱਕ ਅਧਿਐਨ ਅਨੁਸਾਰ ਕੇਵਲ ਸਾਈਕਲ ਕਲਪੁਰਜ਼ੇ ਨਿਰਮਾਣ ਨਾਲ ਸੰਬੰਧਿਤ ਹੀ ਕਰੀਬ 3000 ਵਿਸ਼ੇਸ਼ ਯੂਨਿਟ ਲੁਧਿਆਣਾ ਵਿੱਚ ਮੌਜੂਦ ਹਨ। ਇਨ੍ਹਾਂ ਕਾਰਖ਼ਾਨਿਆਂ ਵਿੱਚ ਫਰੇਮ, ਫੋਰਕ, ਰਿਮ, ਚੇਨ, ਪੈਡਲ, ਹੈਂਡਲ, ਮੱਡਗਾਰਡ, ਟਾਇਰ ਤੇ ਟਿਊਬ, ਸੀਟ ਤੇ ਗੀਅਰ ਸਿਸਟਮ ਦਾ ਉਤਪਾਦਨ ਹੁੰਦਾ ਹੈ। ਪੰਜਾਬ ਵਿੱਚ ਹਰ ਸਾਲ ਲਗਭਗ 90 ਲੱਖ ਤੋਂ 1.2 ਕਰੋੜ ਸਾਈਕਲਾਂ ਦਾ ਨਿਰਮਾਣ ਹੁੰਦਾ ਹੈ। ਕਈ ਰਿਪੋਰਟਾਂ ਵਿੱਚ ਲੁਧਿਆਣਾ ਦਾ ਸਾਲਾਨਾ ਉਤਪਾਦਨ ਕਰੀਬ 90 ਲੱਖ (9 ਮਿਲੀਅਨ) ਸਾਈਕਲਾਂ ਦਰਸਾਇਆ ਗਿਆ ਹੈ। ਭਾਰਤ ਵਿੱਚ ਹਰ ਸਾਲ ਲਗਭਗ 1.8 ਕਰੋੜ ਸਾਈਕਲਾਂ ਬਣਦੀਆਂ ਹਨ ਅਤੇ ਇਨ੍ਹਾਂ ਵਿੱਚੋਂ 70 ਫ਼ੀਸਦੀ ਤੋਂ 90 ਫ਼ੀਸਦੀ ਤੱਕ ਉਤਪਾਦਨ ਪੰਜਾਬ ਖਾਸ ਕਰਕੇ ਲੁਧਿਆਣਾ ਖੇਤਰ ਵਿੱਚ ਹੁੰਦਾ ਹੈ। ਭਾਰਤ ਤੋਂ ਸਾਈਕਲਾਂ ਅਤੇ ਸਾਈਕਲ ਕਲਪੁਰਜ਼ਿਆਂ ਦਾ ਨਿਰਯਾਤ ਸੈਂਕੜਿਆਂ ਮਿਲੀਅਨ ਡਾਲਰ ਦੇ ਪੱਧਰ ‘ਤੇ ਪਹੁੰਚ ਚੁੱਕਾ ਹੈ। ਉਦਯੋਗਿਕ ਅੰਦਾਜ਼ਿਆਂ ਅਨੁਸਾਰ ਭਾਰਤ ਤੋਂ ਹਰ ਸਾਲ 700 ਮਿਲੀਅਨ ਤੋਂ 1 ਅਰਬ ਡਾਲਰ ਤੱਕ ਦੇ ਸਾਈਕਲ ਅਤੇ ਪੁਰਜ਼ੇ ਵਿਦੇਸ਼ ਭੇਜੇ ਜਾਂਦੇ ਹਨ। ਲੁਧਿਆਣਾ ਵਿੱਚ ਹੀ ਹਜ਼ਾਰਾਂ ਕਰੋੜ ਰੁਪਏ ਦਾ ਸਾਈਕਲ ਤੇ ਕਲਪੁਰਜ਼ਾ ਕਾਰੋਬਾਰ ਹੁੰਦਾ ਹੈ। ਉਦਯੋਗਿਕ ਅੰਕੜਿਆਂ ਅਨੁਸਾਰ ਲੁਧਿਆਣਾ ਦੇ ਸਾਈਕਲ ਉਦਯੋਗ ਦੀ ਸਾਲਾਨਾ ਟਰਨਓਵਰ ਲਗਭਗ 6,900 ਕਰੋੜ ਤੋਂ 11,000 ਕਰੋੜ ਦੇ ਵਿਚਕਾਰ ਮੰਨੀ ਜਾਂਦੀ ਹੈ। 2025-26 ਦੇ ਉਦਯੋਗਿਕ ਅੰਦਾਜ਼ਿਆਂ ਮੁਤਾਬਕ ਭਾਰਤੀ ਸਾਈਕਲ ਉਦਯੋਗ 2030 ਤੱਕ ਲਗਭਗ 11,465 ਕਰੋੜ ਦੇ ਬਾਜ਼ਾਰ ਤੱਕ ਪਹੁੰਚ ਸਕਦਾ ਹੈ, ਜਿਸ ਵਿੱਚ ਪੰਜਾਬ ਦੀ ਸਭ ਤੋਂ ਵੱਡੀ ਭੂਮਿਕਾ ਹੋਵੇਗੀ। ਸਾਇਕਲ ਉਦਯੋਗ ਰਾਹੀਂ ਲਗਭਗ 4 ਲੱਖ ਲੋਕਾਂ ਨੂੰ ਸਿੱਧੇ ਤੇ ਅਸਿੱਧੇ ਤੌਰ ‘ਤੇ ਰੋਜ਼ਗਾਰ ਮਿਲਦਾ ਹੈ।
ਪੰਜਾਬ ਦਾ ਸਾਈਕਲ ਉਦਯੋਗ ਅੱਜ ਕਈ ਚੁਣੌਤੀਆਂ ਦਾ ਕਰ ਰਿਹਾ ਸਾਹਮਣਾ
ਪੰਜਾਬ ਦਾ ਸਾਇਕਲ ਉਦਯੋਗ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਸਾਈਕਲ ਉਦਯੋਗ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ, ਸਟੀਲ ਦੀਆਂ ਕੀਮਤਾਂ ਵਿੱਚ ਵਾਧਾ, ਮਜ਼ਦੂਰਾਂ ਦੀ ਕਮੀ, ਚੀਨ ਤੇ ਹੋਰ ਦੇਸ਼ਾਂ ਨਾਲ ਮੁਕਾਬਲਾ, ਜੀਐਸਟੀ ਅਤੇ ਟੈਕਸ ਢਾਂਚੇ ਨਾਲ ਸਬੰਧਿਤ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਉਦਯੋਗਿਕ ਸੰਸਥਾਵਾਂ ਨੇ ਸਰਕਾਰ ਤੋਂ ਜੀਐਸਟੀ ਘਟਾਉਣ ਅਤੇ ਈ-ਬਾਈਕ ਖੇਤਰ ਲਈ ਵਿਸ਼ੇਸ਼ ਪ੍ਰੋਤਸਾਹਨ ਦੀ ਮੰਗ ਕੀਤੀ ਹੈ।