ਹੈਟਰੋਫਲੈਕਸੀਬਿਲਿਟੀ ਉਨ੍ਹਾਂ ਲੋਕਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਜੋ ਮੁੱਖ ਤੌਰ 'ਤੇ ਖੁਦ ਨੂੰ 'ਹੈਟਰੋਸੈਕਸ਼ੂਅਲ' ਜਾਂ 'ਸਟ੍ਰੇਟ' ਮੰਨਦੇ ਹਨ, ਪਰ ਉਹ ਸੇਮ ਸੈਕਸ (Same Gender) ਦੇ ਲੋਕਾਂ ਪ੍ਰਤੀ ਵੀ ਕਦੇ-ਕਦਾਈਂ ਖਿੱਚ ਮਹਿਸੂਸ ਕਰਦੇ ਹਨ ਜਾਂ ਉਸ ਲਈ ਓਪਨ ਰਹਿੰਦੇ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਅੱਜਕੱਲ੍ਹ ਹਰ ਕੋਈ ਸਮਾਜ ਵੱਲੋਂ ਬਣਾਏ ਗਏ ਪੁਰਾਣੇ ਅਤੇ ਸਿੱਧੇ-ਸਾਦੇ ਲੇਬਲਾਂ 'ਚ ਫਿੱਟ ਨਹੀਂ ਬੈਠਦਾ। ਜਿਵੇਂ-ਜਿਵੇਂ ਸੈਕਸ਼ੂਅਲਿਟੀ ਜਾਂ ਜੈਂਡਰ ਨੂੰ ਲੈ ਕੇ ਗੱਲਬਾਤ ਜ਼ਿਆਦਾ ਖੁੱਲ੍ਹ ਕੇ ਹੋ ਰਹੀ ਹੈ, ਉਸੇ ਤਰ੍ਹਾਂ ਨਵੀਂ ਸ਼ਬਦਾਵਲੀ ਵੀ ਸਾਹਮਣੇ ਆ ਰਹੀ ਹੈ। ਇਹ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਨਾਂ ਦੇਣ ਦਾ ਕੰਮ ਕਰ ਰਹੀ ਹੈ, ਜੋ ਉਹ ਲੰਬੇ ਸਮੇਂ ਤੋਂ ਮਹਿਸੂਸ ਤਾਂ ਕਰ ਰਹੇ ਸਨ ਪਰ ਬਿਆਨ ਨਹੀਂ ਕਰ ਪਾ ਰਹੇ ਸਨ। ਅਜਿਹਾ ਹੀ ਇੱਕ ਸ਼ਬਦ ਹੈ- ਹੈਟਰੋਫਲੈਕਸੀਬਿਲਿਟੀ (Heteroflexibility)। ਅਸਲ ਵਿਚ, ਇਹ ਹੁਣ ਸਿਰਫ਼ ਡੇਟਿੰਗ ਐਪਸ ਤਕ ਸੀਮਤ ਨਹੀਂ ਰਿਹਾ, ਸਗੋਂ ਆਮ ਚਰਚਾ ਦਾ ਹਿੱਸਾ ਬਣ ਗਿਆ ਹੈ।
ਸੌਖੇ ਸ਼ਬਦਾਂ 'ਚ ਕਹੀਏ ਤਾਂ ਹੈਟਰੋਫਲੈਕਸੀਬਿਲਿਟੀ ਉਨ੍ਹਾਂ ਲੋਕਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਹੈ ਜੋ ਮੁੱਖ ਤੌਰ 'ਤੇ ਖੁਦ ਨੂੰ 'ਹੈਟਰੋਸੈਕਸ਼ੂਅਲ' ਜਾਂ 'ਸਟ੍ਰੇਟ' ਮੰਨਦੇ ਹਨ, ਪਰ ਉਹ ਸੇਮ ਸੈਕਸ (ਸਮਾਨ ਲਿੰਗ) ਦੇ ਲੋਕਾਂ ਪ੍ਰਤੀ ਵੀ ਕਦੇ-ਕਦਾਈਂ ਖਿੱਚ ਮਹਿਸੂਸ ਕਰਦੇ ਹਨ ਜਾਂ ਉਸ ਲਈ ਓਪਨ ਰਹਿੰਦੇ ਹਨ।
ਇਸਦਾ ਮਤਲਬ ਇਹ ਨਹੀਂ ਹੈ ਕਿ ਉਹ ਪੂਰੀ ਤਰ੍ਹਾਂ ਸਟ੍ਰੇਟ ਹੋਣਾ ਛੱਡ ਦਿੰਦੇ ਹਨ, ਅਤੇ ਨਾ ਹੀ ਇਸਦਾ ਮਤਲਬ ਇਹ ਹੈ ਕਿ ਉਹ ਲਗਾਤਾਰ ਸਮਾਨ ਲਿੰਗ ਪ੍ਰਤੀ ਆਕਰਸ਼ਿਤ ਰਹਿੰਦੇ ਹਨ। ਇਸ ਦੀ ਬਜਾਏ, ਇਹ ਸ਼ਬਦ 'ਅਪਵਾਦਾਂ' (Exceptions) ਦੀ ਇਜਾਜ਼ਤ ਦਿੰਦਾ ਹੈ। ਯਾਨੀ ਉਤਸੁਕਤਾ ਜਾਂ ਜੁੜਾਅ ਦੇ ਉਹ ਪਲ ਜੋ ਪੂਰੀ ਤਰ੍ਹਾਂ ਹੈਟਰੋਸੈਕਸ਼ੂਅਲ ਢਾਂਚੇ ਵਿਚ ਫਿੱਟ ਨਹੀਂ ਬੈਠਦੇ। ਮਨੋਵਿਗਿਆਨ ਅਨੁਸਾਰ, ਇਹ ਪਛਾਣ ਮੰਨਦੀ ਹੈ ਕਿ ਸੈਕਸ਼ੂਅਲ ਅਟ੍ਰੈਕਸ਼ਨ ਸਥਿਰ ਹੋਣ ਦੀ ਬਜਾਏ ਅਸਥਾਈ ਹੋ ਸਕਦੀ ਹੈ।
'ਫੀਲਡ' (Feeld) ਦੀ ਰਾਅ 2025 ਰਿਪੋਰਟ ਮੁਤਾਬਕ, ਡੇਟਿੰਗ ਪਲੇਟਫਾਰਮਾਂ 'ਤੇ ਹੈਟਰੋਫਲੈਕਸੀਬਿਲਿਟੀ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਸੈਕਸ਼ੂਅਲ ਆਈਡੈਂਟਿਟੀ 'ਚੋਂ ਇਕ ਹੈ। ਪਿਛਲੇ ਇਕ ਸਾਲ ਵਿੱਚ ਇਸ ਲੇਬਲ ਨੂੰ ਚੁਣਨ ਵਾਲੇ ਖਪਤਕਾਰਾਂ ਦੀ ਗਿਣਤੀ ਵਿੱਚ 193 ਫੀਸਦੀ ਦਾ ਵਾਧਾ ਹੋਇਆ ਹੈ।
ਇਹ ਉਛਾਲ ਲੋਕਾਂ ਦੇ ਵਿਵਹਾਰ ਵਿੱਚ ਆਏ ਕਿਸੇ ਵੱਡੇ ਬਦਲਾਅ ਦੀ ਬਜਾਏ ਭਾਸ਼ਾ ਦੇ ਨਾਲ ਉਹਨਾਂ ਦੀ ਸਹਿਜਤਾ ਨੂੰ ਦਰਸਾਉਂਦਾ ਹੈ। ਕਈ ਲੋਕਾਂ ਲਈ, ਹੈਟਰੋਫਲੈਕਸੀਬਿਲਿਟੀ ਉਹਨਾਂ ਨੂੰ ਆਪਣੀਆਂ ਭਾਵਨਾਵਾਂ ਜਾਂ ਤਜ਼ਰਬਿਆਂ ਨੂੰ ਸਵੀਕਾਰ ਕਰਨ ਦਾ ਇੱਕ ਅਜਿਹਾ ਤਰੀਕਾ ਦਿੰਦੀ ਹੈ, ਜਿਸ ਵਿੱਚ ਉਹਨਾਂ ਨੂੰ ਕਿਸੇ ਬਹੁਤ ਸਖ਼ਤ ਲੇਬਲ ਨੂੰ ਅਪਣਾਉਣ ਦੀ ਲੋੜ ਨਹੀਂ ਪੈਂਦੀ।
ਇਹਨਾਂ ਦੋਵਾਂ ਵਿੱਚ ਮੁੱਖ ਅੰਤਰ ਵਿਵਹਾਰ ਨਾਲੋਂ ਜ਼ਿਆਦਾ ਖੁਦ ਨੂੰ ਪਛਾਣਨ ਦੇ ਤਰੀਕੇ ਵਿੱਚ ਹੈ:
ਬਾਈਸੈਕਸ਼ੂਅਲਿਟੀ (Bisexuality): ਇਸਦਾ ਮਤਲਬ ਆਮ ਤੌਰ 'ਤੇ ਇੱਕ ਤੋਂ ਵੱਧ ਜੈਂਡਰ ਪ੍ਰਤੀ ਲਗਾਤਾਰ ਖਿੱਚ ਮਹਿਸੂਸ ਕਰਨਾ ਹੁੰਦਾ ਹੈ।
ਹੈਟਰੋਫਲੈਕਸੀਬਿਲਿਟੀ: ਇਸ ਸ਼ਬਦ ਦੀ ਵਰਤੋਂ ਅਕਸਰ ਉਹ ਲੋਕ ਕਰਦੇ ਹਨ ਜੋ ਖੁਦ ਨੂੰ ਮੁੱਖ ਤੌਰ 'ਤੇ ਸਟ੍ਰੇਟ ਮੰਨਦੇ ਹਨ, ਪਰ ਕਦੇ-ਕਦਾਈਂ ਅਪਵਾਦਾਂ ਦੇ ਨਾਲ।
ਕੁਝ ਲੋਕਾਂ ਨੂੰ ਬਾਈਸੈਕਸ਼ੂਅਲਿਟੀ ਦੇ ਮੁਕਾਬਲੇ ਹੈਟਰੋਫਲੈਕਸੀਬਿਲਿਟੀ ਸ਼ਬਦ ਆਪਣੀ ਸਥਿਤੀ ਲਈ ਜ਼ਿਆਦਾ ਸਹੀ ਲੱਗਦਾ ਹੈ, ਜਦਕਿ ਦੂਜਿਆਂ ਲਈ ਇਹ ਆਪਣੀ ਪਛਾਣ ਦੀ ਖੋਜ ਦੌਰਾਨ ਇੱਕ ਅਸਥਾਈ ਪੜਾਅ ਹੋ ਸਕਦਾ ਹੈ।
ਅੰਕੜੇ ਦੱਸਦੇ ਹਨ ਕਿ ਇਸ ਸ਼ਬਦ ਨੂੰ ਅਪਣਾਉਣ ਵਾਲਿਆਂ ਵਿੱਚ ਸਭ ਤੋਂ ਵੱਡੀ ਗਿਣਤੀ ਮਿਲੇਨੀਅਲਜ਼ (Millennials) ਦੀ ਹੈ, ਜੋ ਇਸ ਗਰੁੱਪ ਦਾ ਲਗਪਗ ਦੋ-ਤਿਹਾਈ ਹਿੱਸਾ ਹਨ। ਇਸ ਤੋਂ ਬਾਅਦ ਜੇਨ ਜ਼ੈੱਡ (Gen Z - 18%) ਅਤੇ ਜੇਨ ਐਕਸ (Gen X - 15.5%) ਦਾ ਨੰਬਰ ਆਉਂਦਾ ਹੈ।
ਭੂਗੋਲਿਕ ਤੌਰ 'ਤੇ, ਬਰਲਿਨ 'ਚ ਇਸ ਲੇਬਲ ਦੀ ਵਰਤੋਂ ਕਰਨ ਵਾਲੇ ਸਭ ਤੋਂ ਵੱਧ ਲੋਕ ਦੇਖੇ ਗਏ ਹਨ। ਉੱਥੇ ਹੀ, ਅਮਰੀਕਾ ਵਿੱਚ ਹੋਈ ਖੋਜ ਦੱਸਦੀ ਹੈ ਕਿ ਉੱਥੇ ਲਗਪਗ 15 ਫੀਸਦੀ ਲੋਕ ਹੈਟਰੋਫਲੈਕਸੀਬਲ ਵਜੋਂ ਪਛਾਣ ਰੱਖਦੇ ਹਨ। ਇਸ ਵਿਚ ਉਹ ਲੋਕ ਸ਼ਾਮਲ ਹਨ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਸੇਮ ਸੈਕਸ ਰਿਲੇਸ਼ਨਸ਼ਿਪ ਐਕਸਪੀਰੀਅੰਸ ਕੀਤੇ ਹਨ ਜੋ ਖ਼ੁਦ ਨੂੰ 'ਬਾਈ-ਕਿਊਰੀਅਸ' ਮੰਨਦੇ ਹਨ ਜਾਂ ਹੈਟਰੋਸੈਕਸ਼ੂਅਲ ਰਿਸ਼ਤਿਆਂ 'ਚ ਰਹਿੰਦੇ ਹੋਏ ਵੀ ਸੇਮ ਸੈਕਸ ਐਕਸਪੀਰੀਅੰਸ ਲਈ ਓਪਨ ਹਨ।
ਜਿਵੇਂ-ਜਿਵੇਂ ਇਹ ਸ਼ਬਦ ਪ੍ਰਸਿੱਧ ਹੋ ਰਿਹਾ ਹੈ, ਇਸਦੀ ਆਲੋਚਨਾ ਵੀ ਹੋ ਰਹੀ ਹੈ। ਕੁਝ ਬਾਈਸੈਕਸ਼ੂਅਲ ਤੇ ਪੈਨਸੈਕਸ਼ੂਅਲ ਕਮਿਊਨਿਟੀਜ਼ ਦਾ ਮੰਨਣਾ ਹੈ ਕਿ ਹੈਟਰੋਫਲੈਕਸੀਬਿਲਿਟੀ ਉਨ੍ਹਾਂ ਪਛਾਣਾਂ ਨੂੰ ਕਮਜ਼ੋਰ ਕਰ ਸਕਦੀ ਹੈ ਜਿਨ੍ਹਾਂ ਨੂੰ ਇਤਿਹਾਸਕ ਤੌਰ 'ਤੇ ਮਾਨਤਾ ਮਿਲਣ ਵਿਚ ਸੰਘਰਸ਼ ਕਰਨਾ ਪਿਆ ਹੈ। ਕੁਝ ਲੋਕ ਇਹ ਵੀ ਸਵਾਲ ਉਠਾਉਂਦੇ ਹਨ ਕਿ ਕੀ ਨਵੇਂ ਲੇਬਲ ਚੀਜ਼ਾਂ ਨੂੰ ਸਪੱਸ਼ਟ ਕਰਨ ਦੀ ਬਜਾਏ ਹੋਰ ਉਲਝਾ ਰਹੇ ਹਨ।
ਇਸ ਦੇ ਬਾਵਜੂਦ, ਹੈਟਰੋਫਲੈਕਸੀਬਿਲਿਟੀ ਦੀ ਵਧਦੀ ਵਰਤੋਂ ਇਸ ਗੱਲ ਦਾ ਸਬੂਤ ਹੈ ਕਿ ਖਿੱਚ ਹਮੇਸ਼ਾ ਇੱਕ ਤੈਅ ਪੈਟਰਨ ਦੀ ਪਾਲਣਾ ਨਹੀਂ ਕਰਦੀ। ਬਹੁਤ ਸਾਰੇ ਲੋਕਾਂ ਲਈ, ਇਹ ਸ਼ਬਦ ਉਹਨਾਂ ਦੇ ਜੀਵਨ ਦੇ ਅਸਲ ਤਜ਼ਰਬਿਆਂ ਨੂੰ ਦੱਸਣ ਦਾ ਸਭ ਤੋਂ ਸਹੀ ਜ਼ਰੀਆ ਹੈ।