ਜਾਤ ਨੂੰ ਲੈ ਕੇ ਲੋਕਾਂ ਦੀ ਸੋਚ 'ਚ ਭਾਰੀ ਬਦਲਾਅ ਆਇਆ ਹੈ। 2016 ਵਿੱਚ 91% ਲੋਕ ਜਾਤ ਨੂੰ ਇਕ ਸਖ਼ਤ ਫਿਲਟਰ ਵਜੋਂ ਵਰਤਦੇ ਸਨ, ਪਰ 2025 ਤਕ ਇਹ ਗਿਣਤੀ ਘਟ ਕੇ 54% ਰਹਿ ਗਈ ਹੈ। ਮੈਟਰੋ ਸ਼ਹਿਰਾਂ 'ਚ ਤਾਂ ਸਿਰਫ਼ 49% ਲੋਕ ਹੀ ਜਾਤ ਨੂੰ ਲੈ ਕੇ ਸਖ਼ਤ ਹਨ।

ਲਾਈਫਸਟਾਈਲ ਡੈਸਕ, ਨਵੀਂ ਦਿੱਲੀ : ਕੀ ਤੁਸੀਂ ਵੀ ਅਜਿਹਾ ਸੋਚਦੇ ਹੋ ਕਿ ਅੱਜਕੱਲ੍ਹ ਦੇ ਲੋਕ ਵਿਆਹ ਤੋਂ ਦੂਰ ਭੱਜ ਰਹੇ ਹਨ? ਜੇਕਰ ਹਾਂ, ਤਾਂ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਭਾਰਤ 'ਚ ਵਿਆਹ ਦੀ ਪਰੰਪਰਾ ਖ਼ਤਮ ਨਹੀਂ ਹੋ ਰਹੀ, ਸਗੋਂ ਇਹ ਇਕ ਨਵੇਂ ਅਤੇ ਆਧੁਨਿਕ ਰੂਪ 'ਚ ਢਲ ਰਹੀ ਹੈ।
ਇਕ ਪ੍ਰਮੁੱਖ ਮੈਟਰੀਮੋਨੀਅਲ ਸਾਈਟ ਦੀ ਨਵੀਂ ਰਿਪੋਰਟ 'ਦਿ ਬਿਗ ਸ਼ਿਫਟ' ਨੇ ਇਸ ਗੱਲ 'ਤੇ ਮੋਹਰ ਲਗਾ ਦਿੱਤੀ ਹੈ। 2016 ਤੋਂ 2025 ਤਕ ਦੇ ਡੇਟਾ ਅਤੇ 2026 'ਚ 30,000 ਤੋਂ ਵੱਧ ਲੋਕਾਂ 'ਤੇ ਕੀਤੇ ਗਏ ਸਰਵੇ ਤੋਂ ਪਤਾ ਲੱਗਾ ਹੈ ਕਿ ਭਾਰਤੀ ਸਮਾਜ 'ਚ ਜੀਵਨ ਸਾਥੀ ਚੁਣਨ ਦਾ ਤਰੀਕਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ।
ਪਿਛਲੇ ਇਕ ਦਹਾਕੇ 'ਚ ਸਭ ਤੋਂ ਵੱਡਾ ਬਦਲਾਅ ਵਿਆਹ ਦੀ ਉਮਰ ਨੂੰ ਲੈ ਕੇ ਆਇਆ ਹੈ। ਜਿੱਥੇ ਪਹਿਲਾਂ ਯੂਜ਼ਰਜ਼ ਦੀ ਔਸਤ ਉਮਰ 27 ਸਾਲ ਸੀ, ਹੁਣ ਇਹ ਵੱਧ ਕੇ 29 ਸਾਲ ਹੋ ਗਈ ਹੈ। ਅੱਜ 50 ਪ੍ਰਤੀਸ਼ਤ ਲੋਕ 29 ਸਾਲ ਦੀ ਉਮਰ 'ਚ ਆਪਣੇ ਜੀਵਨ ਸਾਥੀ ਦੀ ਭਾਲ ਸ਼ੁਰੂ ਕਰਦੇ ਹਨ। ਇਸ ਦਾ ਸਿੱਧਾ ਮਤਲਬ ਹੈ ਕਿ ਹੁਣ ਲੋਕ ਕਰੀਅਰ 'ਚ ਅੱਗੇ ਵਧਣ, ਆਰਥਿਕ ਤੌਰ 'ਤੇ ਮਜ਼ਬੂਤ ਹੋਣ ਤੇ ਮਾਨਸਿਕ ਤੌਰ 'ਤੇ ਤਿਆਰ ਹੋਣ ਨੂੰ ਜ਼ਿਆਦਾ ਤਰਜੀਹ ਦੇ ਰਹੇ ਹਨ।
ਹੁਣ ਮਾਪਿਆਂ ਦੀ ਬਜਾਏ ਨੌਜਵਾਨ ਖ਼ੁਦ ਆਪਣੇ ਵਿਆਹ ਦੀ ਵਾਗਡੋਰ ਸੰਭਾਲ ਰਹੇ ਹਨ। 2016 'ਚ ਜਿੱਥੇ 67% ਪ੍ਰੋਫਾਈਲ ਲੋਕ ਖ਼ੁਦ ਮੈਨੇਜ ਕਰਦੇ ਸਨ, ਉੱਥੇ ਹੀ ਅੱਜ ਇਹ ਅੰਕੜਾ ਵੱਧ ਕੇ 77% ਹੋ ਗਿਆ ਹੈ। ਪਰਿਵਾਰ ਵੱਲੋਂ ਮੈਨੇਜ ਕੀਤੀਆਂ ਜਾਣ ਵਾਲੀਆਂ ਪ੍ਰੋਫਾਈਲਾਂ ਘਟ ਕੇ ਸਿਰਫ਼ 23% ਰਹਿ ਗਈਆਂ ਹਨ। ਛੋਟੇ ਸ਼ਹਿਰਾਂ 'ਚ ਮਾਪਿਆਂ ਨਾਲੋਂ ਜ਼ਿਆਦਾ ਭੈਣ-ਭਰਾ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੋ ਰਹੇ ਹਨ।
ਜਾਤ ਨੂੰ ਲੈ ਕੇ ਲੋਕਾਂ ਦੀ ਸੋਚ 'ਚ ਭਾਰੀ ਬਦਲਾਅ ਆਇਆ ਹੈ। 2016 ਵਿਚ 91% ਲੋਕ ਜਾਤ ਨੂੰ ਇਕ ਸਖ਼ਤ ਫਿਲਟਰ ਵਜੋਂ ਵਰਤਦੇ ਸਨ, ਪਰ 2025 ਤਕ ਇਹ ਗਿਣਤੀ ਘਟ ਕੇ 54% ਰਹਿ ਗਈ ਹੈ। ਮੈਟਰੋ ਸ਼ਹਿਰਾਂ 'ਚ ਤਾਂ ਸਿਰਫ਼ 49% ਲੋਕ ਹੀ ਜਾਤ ਨੂੰ ਲੈ ਕੇ ਸਖ਼ਤ ਹਨ।
ਤਲਾਕ ਜਾਂ ਦੂਜੇ ਵਿਆਹ ਨੂੰ ਲੈ ਕੇ ਸਮਾਜ ਦਾ ਨਜ਼ਰੀਆ ਵੀ ਬਦਲਿਆ ਹੈ। ਰਿਪੋਰਟ ਮੁਤਾਬਕ, ਦੂਜੇ ਵਿਆਹ ਲਈ ਪਾਰਟਨਰ ਲੱਭਣ ਵਾਲਿਆਂ ਦੀ ਗਿਣਤੀ 'ਚ ਪਿਛਲੇ ਦਸ ਸਾਲਾਂ ਵਿੱਚ 43% ਦਾ ਵਾਧਾ ਹੋਇਆ ਹੈ। ਖ਼ਾਸ ਗੱਲ ਇਹ ਹੈ ਕਿ ਹੁਣ 15% ਕੁਆਰੇ ਲੋਕ ਵੀ ਤਲਾਕਸ਼ੁਦਾ ਪ੍ਰੋਫਾਈਲਾਂ ਵਿੱਚ ਦਿਲਚਸਪੀ ਦਿਖਾ ਰਹੇ ਹਨ।
ਵਿਆਹ ਤੋਂ ਬਾਅਦ ਪੈਸਿਆਂ ਅਤੇ ਜ਼ਿੰਮੇਵਾਰੀਆਂ ਨੂੰ ਲੈ ਕੇ ਵੀ ਸੋਚ ਬਦਲੀ ਹੈ। ਸਿਰਫ਼ 8% ਲੋਕ ਮੰਨਦੇ ਹਨ ਕਿ ਘਰ ਵਿਚ ਸਿਰਫ਼ ਇੱਕ ਵਿਅਕਤੀ ਨੂੰ ਕਮਾਉਣਾ ਚਾਹੀਦਾ ਹੈ। ਲਗਪਗ 87% ਮਰਦ ਅਜਿਹੀ ਔਰਤ ਨਾਲ ਵਿਆਹ ਕਰਨ ਵਿੱਚ ਸਹਿਜ ਹਨ ਜੋ ਉਨ੍ਹਾਂ ਤੋਂ ਜ਼ਿਆਦਾ ਕਮਾਉਂਦੀ ਹੋਵੇ। 15% ਔਰਤਾਂ ਅਜਿਹੇ ਮਰਦਾਂ ਨਾਲ ਵਿਆਹ ਕਰਨ ਨੂੰ ਤਿਆਰ ਹਨ ਜੋ ਉਨ੍ਹਾਂ ਤੋਂ ਘੱਟ ਕਮਾਉਂਦੇ ਹੋਣ।
ਅੱਜ ਦੇ ਦੌਰ 'ਚ ਪੈਸੇ ਜਾਂ ਉਮਰ ਨਾਲੋਂ 'ਸਹੀ ਵਿਅਕਤੀ' ਦਾ ਮਿਲਣਾ ਜ਼ਿਆਦਾ ਮਾਇਨੇ ਰੱਖਦਾ ਹੈ। 90% ਯੂਜ਼ਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਭਾਵਨਾਤਮਕ ਸਾਂਝ (Emotional Connection) ਸਭ ਤੋਂ ਅਹਿਮ ਹੈ।
ਇੰਨੀ ਆਜ਼ਾਦੀ ਦੇ ਬਾਵਜੂਦ ਭਾਰਤੀ ਵਿਆਹਾਂ 'ਚ ਪਰਿਵਾਰ ਦੀ ਭੂਮਿਕਾ ਖ਼ਤਮ ਨਹੀਂ ਹੋਈ ਹੈ। ਲਗਪਗ 69% ਲੋਕਾਂ ਦਾ ਮੰਨਣਾ ਹੈ ਕਿ ਮਾਪਿਆਂ ਦੇ ਸ਼ਾਮਲ ਹੋਣ ਨਾਲ ਪ੍ਰਕਿਰਿਆ ਆਸਾਨ ਹੋ ਜਾਂਦੀ ਹੈ। ਇਹ ਇਕ 'ਹਾਈਬ੍ਰਿਡ ਮਾਡਲ' ਵਾਂਗ ਹੈ ਜਿੱਥੇ ਫ਼ੈਸਲੇ ਨੌਜਵਾਨ ਲੈਂਦੇ ਹਨ, ਪਰ ਉਹ ਪਰਿਵਾਰ ਦੇ ਸਹਿਯੋਗ ਨੂੰ ਵੀ ਮਹੱਤਵ ਦਿੰਦੇ ਹਨ।
ਅੰਕੜੇ ਦੱਸਦੇ ਹਨ ਕਿ ਵਿਆਹ ਨੂੰ ਲੈ ਕੇ ਭਾਰਤੀਆਂ ਦਾ ਇਰਾਦਾ ਮਜ਼ਬੂਤ ਹੈ। 78 ਪ੍ਰਤੀਸ਼ਤ ਯੂਜ਼ਰਜ਼ ਅਗਲੇ ਛੇ ਮਹੀਨਿਆਂ 'ਚ ਅਤੇ ਲਗਪਗ ਅੱਦੇ ਲੋਕ ਅਗਲੇ ਤਿੰਨ ਮਹੀਨਿਆਂ 'ਚ ਵਿਆਹਕਰਨ ਦੀ ਯੋਜਨਾ ਬਣਾ ਰਹੇ ਹਨ।ਕੁੱਲ ਮਿਲਾਕੇ ਕਹੀਏ ਤਾਂ ਭਾਰਤ ਵਿਚ ਵਿਆਹ ਦੀ ਪਰੰਪਰਾ ਕਮਜ਼ੋਰ ਨਹੀਂ ਪੈ ਰਹੀ ਹੈ ਬਲਕਿ ਇਹ ਆਧੁਨਿਕ ਸੋਚ ਤੇ ਪਾਰਿਵਾਰਕ ਮੁੱਲਾਂ ਨਾਲ ਮਿਲ ਕੇ ਇਕ ਨਵੇਂ ਰੂਪ 'ਚ ਸਾਹਮਣੇ ਆ ਰਹੀ ਹੈ।